ਆਰਥਕ ਪੈਕੇਜ 'ਤੇ ਬੋਲੇ P Chidambaram -ਸਰਕਾਰ ਨੇ ਸਿਰਫ Headline ਹੀ ਫੜੀ, ਪੂਰਾ ਪੰਨਾ ਖਾਲੀ
ਬੁੱਧਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੈਕਟਰ ਅਧਾਰਤ ਪੈਕੇਜ ਦਾ ਐਲਾਨ ਕੀਤਾ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੋਨਾ ਸੰਕਟ ਤੋਂ ਬਾਹਰ ਨਿਕਲਣ ਲਈ 20 ਲੱਖ ਕਰੋੜ ਰੁਪਏ ਦੇ ਪੈਕੇਜ ਦੇ ਐਲਾਨ ਤੋਂ ਬਾਅਦ ਬੁੱਧਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੈਕਟਰ ਅਧਾਰਤ ਪੈਕੇਜ ਦਾ ਐਲਾਨ ਕੀਤਾ। ਹਾਲਾਂਕਿ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਪੈਕੇਜ 'ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਨੇ ਸਿਰਫ ਹੈੱਡਲਾਈਨ ਫੜੀ ਹੈ, ਜਦਕਿ ਸਾਰਾ ਪੰਨਾ ਖਾਲੀ ਸੀ।
ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਗੜ ਰਹੀ ਅਰਥਵਿਵਸਥਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਇਕ ਆਰਥਿਕ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ ਅਤੇ ਕਿਹਾ ਕਿ ਇਹ ਪੈਕੇਜ 20 ਲੱਖ ਕਰੋੜ ਰੁਪਏ ਦਾ ਹੋਵੇਗਾ।
ਉਹਨਾਂ ਕਿਹਾ, 'ਮੈਂ ਪਹਿਲਾਂ ਹੀ ਦੱਸ ਦਵਾਂ ਕਿ ਲੱਖਾਂ ਗਰੀਬ, ਭੁੱਖੇ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਵਿੱਤ ਮੰਤਰੀ ਨੇ ਜੋ ਕੁਝ ਵੀ ਕਿਹਾ ਉਸ ਵਿਚ ਕੁਝ ਨਹੀਂ ਸੀ'। ਉਹਨਾਂ ਕਿਹਾ ਕਿ ਇਹ ਗਰੀਬਾਂ ਲਈ ਇਕ ਝਟਕਾ ਹੈ। ਪੀ ਚਿਦੰਬਰਮ ਨੇ ਸਰਕਾਰ ਦੇ ਐਲਾਨ 'ਤੇ ਨਿਰਾਸ਼ਾ ਜ਼ਾਹਰ ਕੀਤੀ ਕਿ ਅਜਿਹੀ ਆਬਾਦੀ (13 ਕਰੋੜ ਪਰਿਵਾਰ) ਜੋ ਬੇਹੱਦ ਹੇਠਲੇ ਪੱਧਰ 'ਤੇ ਰਹਿ ਰਹੀ ਹੈ, ਉਹਨਾਂ ਲਈ ਕੈਸ਼ ਟਰਾਂਸਫਰ ਲਈ ਜ਼ਰੀਏ ਕੁਝ ਨਹੀਂ ਹਨ।
ਪ੍ਰੋ: ਥਾਮਸ ਪਿਕਟੀ ਨੇ ਗਰੀਬਾਂ ਲਈ ਨਕਦ ਕੈਸ਼ ਟਰਾਂਸਫਰ ਦੀ ਗੱਲ ਕੀਤੀ ਸੀ। ਉਹਨਾਂ ਕਿਹਾ ਕਿ ਵਿੱਤ ਮੰਤਰੀ ਨੇ ਐਮਐਸਐਮਈਜ਼ ਲਈ ਕੁਝ ਸਮਰਥਨ ਉਪਾਅ ਐਲਾਨ ਕੀਤੇ ਹਾਲਾਂਕਿ ਮੇਰੀ ਨਜ਼ਰ ਵਿਚ ਇਹ ਉਪਾਅ ਵੱਡੇ ਐਮਐਸਐਮਈਜ਼ ਦੇ ਪੱਖ ਵਿਚ ਝੁਕਿਆ ਹੋਇਆ ਹੈ। ਮੈਨੂੰ ਲੱਗਦਾ ਹੈ ਕਿ 6.3 ਕਰੋੜ ਐਮਐਸਐਮਈਜ਼ ਨੂੰ ਛੱਡ ਦਿੱਤਾ ਗਿਆ।
ਉਹਨਾਂ ਨੇ ਸਵਾਲ ਚੁੱਕਿਆ ਕਿ ਬਾਕੀ 16.4 ਕਰੋੜ ਰੁਪਏ ਕਿੱਥੇ ਹੈ? ਉਹਨਾਂ ਕਿਹਾ ਕਿ ਸਰਕਾਰ ਨੂੰ ਜ਼ਿਆਦਾ ਉਧਾਰ ਲੈਣਾ ਚਾਹੀਦਾ ਹੈ ਪਰ ਉਹ ਅਜਿਹਾ ਕਰਨ ਲਈ ਤਿਆਰ ਨਹੀਂ ਹੈ। ਸਰਕਾਰ ਨੂੰ ਸੂਬਿਆਂ ਨੂੰ ਉਧਾਰ ਲੈਣ ਅਤੇ ਜ਼ਿਆਦਾ ਖਰਚ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਪਰ ਉਹ ਅਜਿਹਾ ਕਰਨ ਲਈ ਤਿਆਰ ਨਹੀਂ ਹੈ।