ਈਰਾਨ ਨਾਲ ਵਪਾਰ ਸਮਝੌਤਾ ਕਰਨ ਵਾਲੇ ਕਿਸੇ ਵੀ ਦੇਸ਼ ਨੂੰ ਪਾਬੰਦੀਆਂ ਦਾ ਸੰਭਾਵਤ ਖਤਰਾ : ਅਮਰੀਕਾ 

ਏਜੰਸੀ

ਖ਼ਬਰਾਂ, ਵਪਾਰ

ਭਾਰਤ ਅਤੇ ਈਰਾਨ ਵਿਚਕਾਰ ਚਾਬਹਾਰ ਬੰਦਰਗਾਹ ਸਮਝੌਤੇ ਮਗਰੋਂ ਆਇਆ ਅਮਰੀਕਾ ਦਾ ਬਿਆਨ, ਈਰਾਨ ਦੇ ਸ਼ੱਕੀ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਲਗਾਈਆਂ ਸਨ ਪਾਬੰਦੀਆਂ

US and Iran

ਵਾਸ਼ਿੰਗਟਨ: ਅਮਰੀਕਾ ਨੇ ਕਿਹਾ ਹੈ ਕਿ ਈਰਾਨ ਨਾਲ ਵਪਾਰ ਸਮਝੌਤਾ ਕਰਨ ਵਾਲੇ ਕਿਸੇ ਵੀ ਦੇਸ਼ ’ਤੇ ਪਾਬੰਦੀਆਂ ਲੱਗਣ ਦਾ ਖਤਰਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਜਾਣਦੇ ਹਨ ਕਿ ਈਰਾਨ ਅਤੇ ਭਾਰਤ ਨੇ ਚਾਬਹਾਰ ਬੰਦਰਗਾਹ ਨਾਲ ਜੁੜੇ ਸਮਝੌਤੇ ’ਤੇ ਦਸਤਖਤ ਕੀਤੇ ਹਨ। 

ਭਾਰਤ ਨੇ ਸੋਮਵਾਰ ਨੂੰ ਈਰਾਨ ਵਿਚ ਰਣਨੀਤਕ ਤੌਰ ’ਤੇ ਮਹੱਤਵਪੂਰਨ ਚਾਬਹਾਰ ਬੰਦਰਗਾਹ ਨੂੰ ਚਾਲੂ ਕਰਨ ਲਈ 10 ਸਾਲ ਦੇ ਸਮਝੌਤੇ ’ਤੇ ਦਸਤਖਤ ਕੀਤੇ, ਜਿਸ ਨਾਲ ਨਵੀਂ ਦਿੱਲੀ ਨੂੰ ਮੱਧ ਏਸ਼ੀਆ ਨਾਲ ਵਪਾਰ ਵਧਾਉਣ ਵਿਚ ਮਦਦ ਮਿਲੇਗੀ। 

ਭਾਰਤ ਨੇ 2003 ਵਿਚ ਈਰਾਨ ਦੇ ਊਰਜਾ ਨਾਲ ਭਰਪੂਰ ਸਿਸਤਾਨ-ਬਲੋਚਿਸਤਾਨ ਸੂਬੇ ਵਿਚ ਚਾਬਹਾਰ ਬੰਦਰਗਾਹ ਵਿਕਸਤ ਕਰਨ ਦਾ ਪ੍ਰਸਤਾਵ ਰੱਖਿਆ ਸੀ। ਇਸ ਦੇ ਜ਼ਰੀਏ ਭਾਰਤ ਤੋਂ ਮਾਲ ਨੂੰ ਕੌਮਾਂਤਰੀ ਉੱਤਰ-ਦੱਖਣ ਟਰਾਂਸਪੋਰਟ ਕੋਰੀਡੋਰ (ਆਈ.ਐਨ.ਐਸ.ਟੀ.ਸੀ.) ਦੀ ਵਰਤੋਂ ਕਰ ਕੇ ਅਫਗਾਨਿਸਤਾਨ ਅਤੇ ਮੱਧ ਏਸ਼ੀਆ ਲਿਜਾਇਆ ਜਾਵੇਗਾ। 

ਅਮਰੀਕਾ ਨੇ ਈਰਾਨ ਦੇ ਸ਼ੱਕੀ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਉਸ ’ਤੇ ਪਾਬੰਦੀਆਂ ਲਗਾਈਆਂ ਸਨ, ਜਿਸ ਨਾਲ ਬੰਦਰਗਾਹ ਦਾ ਵਿਕਾਸ ਹੌਲੀ ਹੋ ਗਿਆ ਸੀ। ਵਿਦੇਸ਼ ਮੰਤਰਾਲੇ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਉਨ੍ਹਾਂ ਰੀਪੋਰਟਾਂ ਤੋਂ ਜਾਣੂ ਹਾਂ ਕਿ ਈਰਾਨ ਅਤੇ ਭਾਰਤ ਨੇ ਚਾਬਹਾਰ ਬੰਦਰਗਾਹ ਨਾਲ ਜੁੜੇ ਸਮਝੌਤੇ ’ਤੇ ਦਸਤਖਤ ਕੀਤੇ ਹਨ। ਮੈਂ ਚਾਹਾਂਗਾ ਕਿ ਭਾਰਤ ਸਰਕਾਰ ਚਾਬਹਾਰ ਬੰਦਰਗਾਹ ਅਤੇ ਈਰਾਨ ਨਾਲ ਅਪਣੇ ਦੁਵਲੇ ਸਬੰਧਾਂ ਦੇ ਸੰਦਰਭ ’ਚ ਅਪਣੀ ਵਿਦੇਸ਼ ਨੀਤੀ ਦੇ ਉਦੇਸ਼ਾਂ ਬਾਰੇ ਵਿਚਾਰ-ਵਟਾਂਦਰਾ ਕਰੇ।’’

ਰਣਨੀਤਕ ਤੌਰ ’ਤੇ ਮਹੱਤਵਪੂਰਨ ਚਾਬਹਾਰ ਬੰਦਰਗਾਹ ਨੂੰ ਲੈ ਕੇ ਈਰਾਨ ਨਾਲ ਭਾਰਤ ਦੇ ਸਮਝੌਤੇ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਮੈਂ ਸਿਰਫ ਇਹ ਕਹਿਣਾ ਚਾਹਾਂਗਾ ਕਿ ਕਿਉਂਕਿ ਇਹ ਅਮਰੀਕਾ ਨਾਲ ਸਬੰਧਤ ਹੈ, ਇਸ ਲਈ ਈਰਾਨ ’ਤੇ ਅਮਰੀਕੀ ਪਾਬੰਦੀਆਂ ਹਨ ਅਤੇ ਅਸੀਂ ਉਨ੍ਹਾਂ ਨੂੰ ਬਰਕਰਾਰ ਰੱਖਾਂਗੇ।’’
ਪਟੇਲ ਨੇ ਕਿਹਾ, ‘‘ਤੁਸੀਂ ਸਾਨੂੰ ਕਈ ਮਾਮਲਿਆਂ ’ਚ ਇਹ ਕਹਿੰਦੇ ਸੁਣਿਆ ਹੈ ਕਿ ਕੋਈ ਵੀ ਸੰਸਥਾ, ਜੋ ਵੀ ਈਰਾਨ ਨਾਲ ਵਪਾਰ ਸਮਝੌਤੇ ’ਤੇ ਵਿਚਾਰ ਕਰ ਰਹੀ ਹੈ, ਉਸ ਨੂੰ ਸੰਭਾਵਤ ਖਤਰਿਆਂ ਅਤੇ ਪਾਬੰਦੀਆਂ ਤੋਂ ਜਾਣੂ ਹੋਣਾ ਚਾਹੀਦਾ ਹੈ।’’

ਭਾਰਤ ਅਤੇ ਈਰਾਨ ਨੇ ਇਸ ਬੰਦਰਗਾਹ ਨੂੰ 7,200 ਕਿਲੋਮੀਟਰ ਲੰਮੇ ਆਈ.ਐਨ.ਐਸ.ਟੀ.ਸੀ. ਦੇ ਪ੍ਰਮੁੱਖ ਕੇਂਦਰ ਵਜੋਂ ਸਥਾਪਤ ਕੀਤਾ ਹੈ। ਆਈ.ਏ.ਐਸ.ਟੀ.ਸੀ. ਭਾਰਤ, ਈਰਾਨ, ਅਫਗਾਨਿਸਤਾਨ, ਅਰਮੀਨੀਆ, ਅਜ਼ਰਬਾਈਜਾਨ, ਰੂਸ, ਮੱਧ ਏਸ਼ੀਆ ਅਤੇ ਯੂਰਪ ਵਿਚਕਾਰ ਮਾਲ ਦੀ ਢੋਆ-ਢੁਆਈ ਕਰੇਗੀ।