ਏਅਰ ਇੰਡੀਆ ਨੂੰ ਖਰੀਦਣ ਦੀ ਤਿਆਰੀ ਵਿਚ ਟਾਟਾ! ਸਮਝੌਤੇ ‘ਤੇ ਚੱਲ ਰਹੀ ਹੈ ਚਰਚਾ

ਏਜੰਸੀ

ਖ਼ਬਰਾਂ, ਵਪਾਰ

ਜਲਦ ਹੋ ਸਕਦਾ ਹੈ ਵੱਡਾ ਫੈਸਲਾ

Tata Group may bid for Air India

ਨਵੀਂ ਦਿੱਲੀ: ਕਾਫੀ ਸਮੇਂ ਤੋਂ ਏਅਰ ਇੰਡੀਆ ਨੂੰ ਵੇਚਣ ਦੀ ਪ੍ਰਕਿਰਿਆ ਚੱਲ ਰਹੀ ਹੈ। ਹੁਣ ਖ਼ਬਰ ਆ ਰਹੀ ਹੈ ਕਿ ਟਾਟਾ ਗਰੁੱਪ ਨੇ ਏਅਰ ਇੰਡੀਆ ਦਾ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮਹੀਨੇ ਦੇ ਅਖੀਰ ਤੱਕ ਉਹ ਅਪਣੀ ਬੋਲੀ ਲਗਾ ਦੇਣਗੇ। ਏਅਰ ਇੰਡੀਆ ਦੇ ਕੁਝ ਅਧਿਕਾਰੀ ਨੇ ਮੀਡੀਆ ਨੂੰ ਕਿਹਾ ਕਿ ਜਦੋਂ ਤੱਕ ਮੁਲਾਂਕਣ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ ਹੈ, ਇਸ ਗੱਲ ‘ਤੇ ਜਲਦਬਾਜ਼ੀ ਕਰਨਾ ਗਲਤ ਹੋਵੇਗਾ।

ਟਾਟਾ ਸੰਨਜ਼ ਦੇ ਬੁਲਾਰੇ ਨੇ ਕਿਹਾ ਕਿ ਟਾਟਾ ਸੰਨਜ਼ ਹਾਲੇ ਇਸ ਪ੍ਰਸਤਾਵ ਦਾ ਮੁਲਾਂਕਣ ਕਰ ਰਿਹਾ ਹੈ ਅਤੇ ਉਸ ਤੋਂ ਬਾਅਦ ਹੀ ਸਹੀ ਸਮਾਂ ਆਉਣ ‘ਤੇ ਬੋਲੀ ਲਗਾਈ ਜਾਵੇਗੀ। ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕੰਪਨੀ ਵੱਲੋਂ ਅਜਿਹੀ ਕੋਈ ਯੋਜਨਾ ਨਹੀਂ ਹੈ ਕਿ ਉਹ ਕੋਈ ਵਿੱਤੀ ਸਾਥੀ (Financial partner) ਲੈ ਕੇ ਆਉਣ। ਏਅਰ ਇੰਡੀਆ ਦੇ ਸਹੀ ਮੁਲਾਂਕਣ ਲਈ ਟਾਟਾ ਗਰੁੱਪ ਹਾਲੇ ਲੀਗਲ ਫਰਮ ਅਤੇ ਸਲਾਹਕਾਰ ਨਾਲ ਗੱਲ ਬਾਤ ਕਰ ਰਿਹਾ ਹੈ।

ਮੀਡੀਆ ਵਿਚ ਛਪੀ ਇਕ ਰਿਪੋਰਟ ਅਨੁਸਾਰ ਇਹ ਗੱਲ ਵੀ ਹੋ ਰਹੀ ਹੈ ਕਿ ਟਾਟਾ ਗਰੁੱਪ ਜਲਦ ਹੀ ਏਅਰ ਏਸ਼ੀਆ ਇੰਡੀਆ ਅਤੇ ਏਅਰ ਇੰਡੀਆ ਨੂੰ ਮਰਜ ਕਰ ਸਕਦਾ ਹੈ।ਦੱਸ ਦਈਏ ਕਿ ਏਅਰ ਏਸ਼ੀਆ ਇੰਡੀਆ ਵਿਚ ਟਾਟਾ ਸੰਨਜ਼ ਦੀ 51 ਫੀਸਦੀ ਹਿੱਸੇਦਾਰੀ ਹੈ। ਯਾਨੀ ਹੋ ਸਕਦਾ ਹੈ ਕਿ ਜਲਦ ਹੀ ਏਅਰ ਇੰਡੀਆ ਮਰਜ ਹੋ ਕੇ ਸਿਰਫ ਏਅਰ ਏਸ਼ੀਆ ਇੰਡੀਆ ਕੰਪਨੀ ਹੀ ਬਚੇਗੀ।

ਹਾਲਾਂਕਿ ਟਾਟਾ ਗਰੁੱਪ ਦੇ ਅਧਿਕਾਰੀਆਂ ਨੇ ਇਹ ਗੱਲ਼ ਸਾਫ ਕੀਤੀ ਹੈ ਕਿ ਇਸ ‘ਤੇ ਹਾਲੇ ਕੋਈ ਅਧਿਕਾਰਕ ਚਰਚਾ ਨਹੀਂ ਹੋਈ ਹੈ। ਦੱਸ ਦਈਏ ਕਿ ਏਅਰ ਇੰਡੀਆ ਏਸ਼ੀਆ ਤੋਂ ਇਲਾਵਾ ਵਿਸਤਾਰਾ ਵਿਚ ਵੀ ਟਾਟਾ ਗਰੁੱਪ ਦੀ ਹਿੱਸੇਦਾਰੀ ਹੈ। ਵਿਸਤਾਰਾ ਵਿਚ ਸਿੰਗਾਪੁਰ ਏਅਰਲਾਈਜ਼ ਦੀ 49 ਫੀਸਦੀ ਹਿੱਸੇਦਾਰੀ ਹੈ।