ਐਸ.ਬੀ.ਆਈ. ਨਾਲ 352 ਕਰੋੜ ਰੁਪਏ ਦੀ ਧੋਖਾਧੜੀ ਬਦਲੇ, ਸੀ.ਬੀ.ਆਈ. ਵੱਲੋਂ ਗਹਿਣੇ ਬਣਾਉਣ ਵਾਲੀਆਂ ਕੰਪਨੀਆਂ ਖ਼ਿਲਾਫ਼ ਕੇਸ ਦਰਜ

ਏਜੰਸੀ

ਖ਼ਬਰਾਂ, ਵਪਾਰ

ਐਸ.ਬੀ.ਆਈ. ਨੇ ਦੋਸ਼ ਲਾਇਆ ਕਿ ਕਰਜ਼ੇ ਦੀ ਵਸੂਲੀ ਵਾਸਤੇ ਗੰਭੀਰ ਖਤਰਾ ਪੈਦਾ ਹੋ ਗਿਆ ਸੀ 

Image

 

ਨਵੀਂ ਦਿੱਲੀ - ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਵਿੱਚ 352 ਕਰੋੜ ਰੁਪਏ ਤੋਂ ਵੱਧ ਦੀ ਕਥਿਤ ਕਰਜ਼ਾ ਧੋਖਾਧੜੀ ਦੇ ਮਾਮਲੇ ਵਿੱਚ ਜਲਗਾਓਂ ਸਥਿਤ ਤਿੰਨ ਗਹਿਣੇ ਬਣਾਉਣ ਵਾਲੀਆਂ ਕੰਪਨੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਸੀ.ਬੀ.ਆਈ. ਵੱਲੋਂ ਦਰਜ ਕੀਤੀਆਂ ਤਿੰਨ ਵੱਖ-ਵੱਖ ਐਫ.ਆਈ.ਆਰਜ਼ ਵਿੱਚ ਰਾਜਮਲ ਲਖੀਚੰਦ ਜਵੇਲਰਜ਼ ਪ੍ਰਾਈਵੇਟ ਲਿਮਟਿਡ, ਆਰਐਲ ਗੋਲਡ ਪ੍ਰਾਈਵੇਟ ਲਿਮਟਿਡ ਅਤੇ ਮਨਰਾਜ ਜਵੇਲਰਜ਼ ਪ੍ਰਾਈਵੇਟ ਲਿਮਟਿਡ ਅਤੇ ਉਨ੍ਹਾਂ ਦੇ ਪ੍ਰਮੋਟਰਾਂ, ਡਾਇਰੈਕਟਰਾਂ, ਗਾਰੰਟਰਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਨਾਮਜ਼ਦ ਮੁਲਜ਼ਮਾਂ ਵਿੱਚ ਈਸ਼ਵਰਲਾਲ ਸ਼ੰਕਰਲਾਲ ਜੈਨ ਲਾਲਵਾਨੀ, ਮਨੀਸ਼ ਈਸ਼ਵਰਲਾਲ ਜੈਨ ਲਾਲਵਾਨੀ, ਪੁਸ਼ਪਦੇਵੀ ਈਸ਼ਵਰਲਾਲ ਜੈਨ ਲਾਲਵਾਨੀ ਅਤੇ ਨੀਤਿਕਾ ਮਨੀਸ਼ ਜੈਨ ਲਾਲਵਾਨੀ ਸ਼ਾਮਲ ਹਨ।

ਸੀ.ਬੀ.ਆਈ. ਨੂੰ ਐਸ.ਬੀ.ਆਈ. ਤੋਂ ਸ਼ਿਕਾਇਤ ਮਿਲੀ ਸੀ ਕਿ ਉਸ ਨੂੰ ਰਾਜਮਲ ਲਖੀਚੰਦ ਜਵੇਲਰਜ਼ ਤੋਂ 206.73 ਕਰੋੜ ਰੁਪਏ, ਆਰਐਲ ਗੋਲਡ ਤੋਂ 69.19 ਕਰੋੜ ਰੁਪਏ ਅਤੇ ਮਨਰਾਜ ਜਵੈਲਰਜ਼ ਤੋਂ 76.57 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਤਿੰਨਾਂ ਕੰਪਨੀਆਂ ਨੇ ਕਥਿਤ ਤੌਰ 'ਤੇ ਆਪਣੀ ਸਹਿਯੋਗੀ ਫ਼ਰਮ ਰਾਜਮਲ ਲਖੀਚੰਦ ਨਾਲ ਕਾਰੋਬਾਰ ਕੀਤਾ, ਜੋ ਚਾਰ ਕੰਪਨੀਆਂ ਵਿੱਚੋਂ ਸਭ ਤੋਂ ਵੱਡੀ ਕਰਜ਼ਦਾਰ ਸੀ।

ਐਸ.ਬੀ.ਆਈ. ਨੇ ਦੋਸ਼ ਲਾਇਆ ਕਿ ਪ੍ਰਮੋਟਰ/ਗਾਰੰਟਰ ਬੈਂਕ ਦੀ ਇਜਾਜ਼ਤ ਤੋਂ ਬਿਨਾਂ ਗਿਰਵੀ ਰੱਖੀ ਜਾਇਦਾਦ ਨੂੰ ਵੇਚਣ ਦੀ ਹੱਦ ਤੱਕ ਚਲੇ ਗਏ, ਜਿਸ ਨਾਲ ਕਰਜ਼ੇ ਦੀ ਵਸੂਲੀ ਵਾਸਤੇ ਗੰਭੀਰ ਖਤਰਾ ਪੈਦਾ ਹੋ ਗਿਆ।

ਬੈਂਕ ਨੇ ਦੋਸ਼ ਲਾਇਆ ਕਿ ਕੰਪਨੀਆਂ ਨੇ ਭਾਰਤੀ ਸਟੇਟ ਬੈਂਕ ਤੋਂ ਕਰਜ਼ੇ ਦੀਆਂ ਸਹੂਲਤਾਂ ਦਾ ਲਾਭ ਚੁੱਕਿਆ, ਅਤੇ ਜਿਸ ਮਕਸਦ ਲਈ ਕਰਜ਼ਾ ਲਿਆ ਗਿਆ ਸੀ, ਉਸ ਦੀ ਬਜਾਏ ਕਿਸੇ ਹੋਰ ਮਕਸਦ ਲਈ ਪੈਸੇ ਵਰਤ ਕੇ ਉਸ ਦੀ ਦੁਰਵਰਤੋਂ ਕੀਤੀ।