ਅਮਰੀਕਾ ਦੇ ਫ਼ੈਸਲੇ ਮਗਰੋਂ ਭਾਰਤ ’ਚ ਚੀਨ ਦਾ ਮਾਲ ‘ਡੰਪ’ ਕੀਤੇ ਜਾਣ ਦਾ ਖਦਸ਼ਾ, ਜਾਣੋ ਕੀ ਕਹਿਣੈ ਭਾਰਤੀ ਅਧਿਕਾਰੀਆਂ ਦਾ
ਡੰਪਿੰਗ ਨਾਲ ਨਜਿੱਠਣ ਲਈ ਭਾਰਤ ਕੋਲ ਮਜ਼ਬੂਤ ਤੰਤਰ ਹੈ: ਅਧਿਕਾਰੀ
ਨਵੀਂ ਦਿੱਲੀ: ਚੀਨ ਤੋਂ ਮਾਲ ਦੀ ਡੰਪਿੰਗ ਨੂੰ ਰੋਕਣ ਲਈ ਭਾਰਤ ਕੋਲ ਇਕ ਮਜ਼ਬੂਤ ਸੰਸਥਾਗਤ ਤੰਤਰ ਹੈ। ਇਸ ਦੀ ਵਰਤੋਂ ਇਲੈਕਟ੍ਰਿਕ ਗੱਡੀਆਂ ਵਰਗੇ ਕੁੱਝ ਚੀਨ ’ਚ ਬਣੇ ਸਾਮਾਨਾਂ ’ਤੇ ਡਿਊਟੀ ਵਧਾਉਣ ਦੇ ਅਮਰੀਕਾ ਦੇ ਪ੍ਰਸਤਾਵ ਦੇ ਮੱਦੇਨਜ਼ਰ ਕੀਤੀ ਜਾ ਸਕਦੀ ਹੈ। ਇਕ ਸਰਕਾਰੀ ਅਧਿਕਾਰੀ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।
ਰੀਸਰਚ ਇੰਸਟੀਚਿਊਟ ਗਲੋਬਲ ਟਰੇਡ ਰੀਸਰਚ ਇਨੀਸ਼ੀਏਟਿਵ (ਜੀ.ਟੀ.ਆਰ.ਆਈ.) ਦੀ ਇਕ ਰੀਪੋਰਟ ਮੁਤਾਬਕ ਅਮਰੀਕਾ ਅਤੇ ਚੀਨ ਵਿਚਾਲੇ ਵਧਦੀ ਵਪਾਰ ਜੰਗ ਚੀਨ ਨੂੰ ਅਪਣਾ ਸਾਮਾਨ ਭਾਰਤੀ ਬਾਜ਼ਾਰ ਵਿਚ ਸੁੱਟਣ ਲਈ ਮਜਬੂਰ ਕਰ ਸਕਦਾ ਹੈ।
ਅਮਰੀਕਾ ਨੇ ਮੰਗਲਵਾਰ ਨੂੰ ਚੀਨੀ ਇਲੈਕਟ੍ਰਿਕ ਗੱਡੀਆਂ, ਐਡਵਾਂਸਡ ਬੈਟਰੀਆਂ, ਸੋਲਰ ਸੈੱਲ, ਸਟੀਲ, ਐਲੂਮੀਨੀਅਮ ਅਤੇ ਮੈਡੀਕਲ ਉਪਕਰਣਾਂ ’ਤੇ ਨਵੇਂ ਆਯਾਤ ਟੈਰਿਫ ਲਗਾਉਣ ਦੀ ਯੋਜਨਾ ਦਾ ਐਲਾਨ ਕੀਤਾ। ਇਹ ਚੋਣ ਸਾਲ ਵਿਚ ਇਕ ਅਜਿਹਾ ਕਦਮ ਹੈ ਜਿਸ ਨਾਲ ਦੁਨੀਆਂ ਦੀਆਂ ਦੋ ਸੱਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਾਲੇ ਤਣਾਅ ਵਧਣ ਦੀ ਸੰਭਾਵਨਾ ਹੈ।
ਅਧਿਕਾਰੀ ਨੇ ਕਿਹਾ, ‘‘ਸਾਡੀ ਅਪਣੀ ਡੀ.ਜੀ.ਟੀ.ਆਰ. (ਡਾਇਰੈਕਟੋਰੇਟ ਜਨਰਲ ਆਫ ਟਰੇਡ ਰੈਮੇਡੀਜ਼) ਪ੍ਰਣਾਲੀ ਹੈ, ਸਾਡੀ ਅਪਣੀ ਪ੍ਰਭਾਵਸ਼ਾਲੀ ਐਂਟੀ ਡੰਪਿੰਗ ਪ੍ਰਣਾਲੀ ਹੈ। ਇਸ ਲਈ, ਜੇ ਕੋਈ ਅਪਣਾ ਸਾਮਾਨ ਡੰਪ ਕਰਨਾ ਚਾਹੁੰਦਾ ਹੈ, ਤਾਂ ਸਾਡੇ ਕੋਲ ਇਸ ਨੂੰ ਵੇਖਣ ਲਈ ਸਾਰੇ ਸੰਸਥਾਗਤ ਪ੍ਰਬੰਧ ਹਨ। ਅਸੀਂ ਸਥਿਤੀ ਦੇ ਅਨੁਸਾਰ ਕਦਮ ਚੁੱਕਾਂਗੇ।’’
ਡੀ.ਜੀ.ਟੀ.ਆਰ. ਵਣਜ ਮੰਤਰਾਲੇ ਦੀ ਜਾਂਚ ਸ਼ਾਖਾ ਹੈ। ਇਹ ਐਂਟੀ ਡੰਪਿੰਗ ਡਿਊਟੀ, ਸੇਫਗਾਰਡ ਡਿਊਟੀ ਅਤੇ ਮੁਆਵਜ਼ਾ ਡਿਊਟੀ ਨਾਲ ਸਬੰਧਤ ਮਾਮਲਿਆਂ ਨਾਲ ਸਬੰਧਤ ਹੈ।
ਉਨ੍ਹਾਂ ਕਿਹਾ, ‘‘ਬਹੁਤ ਸਾਰੇ ਦੇਸ਼ ਸਮਰੱਥਾ ਦਾ ਨਿਰਮਾਣ ਕਰ ਕੇ ਚੀਨ ’ਤੇ ਅਪਣੀ ਨਿਰਭਰਤਾ ਘਟਾਉਣਾ ਚਾਹੁੰਦੇ ਹਨ, ਖਾਸ ਕਰ ਕੇ ਆਟੋਮੋਬਾਈਲ ਵਰਗੇ ਮਹੱਤਵਪੂਰਨ ਖੇਤਰਾਂ ਲਈ। ਭਾਰਤ ਵੀ ਇਸੇ ਨੀਤੀ ਦੀ ਪਾਲਣਾ ਕਰ ਰਿਹਾ ਹੈ।’’
ਉਨ੍ਹਾਂ ਕਹਿਾ, ‘‘ਅਸੀਂ ਅਪਣੀਆਂ ਸਮਰੱਥਾਵਾਂ ਵੀ ਵਧਾ ਰਹੇ ਹਾਂ। ਅਸੀਂ ਕਈ ਉਪਾਅ ਵੀ ਕਰ ਰਹੇ ਹਾਂ ਤਾਂ ਜੋ ਭਾਰਤ ਨੂੰ ਆਟੋਮੋਬਾਈਲ ਵਰਗੇ ਮਹੱਤਵਪੂਰਨ ਖੇਤਰਾਂ ਲਈ ਇਕ ਦੇਸ਼ ਦੇ ਸਰੋਤ ’ਤੇ ਨਿਰਭਰ ਨਾ ਹੋਣਾ ਪਵੇ।’’