ਵਿੱਤ ਮੰਤਰੀ ਨੂੰ ਮਾਹਿਰਾਂ ਨੇ ਦਿੱਤੀ ਸਿੱਖਿਆ, ਸਫ਼ਾਈ ਅਤੇ ਮਹਿਲਾ ਸੁਰੱਖਿਆ ‘ਤੇ ਧਿਆਨ ਦੇਣ ਦੀ ਸਲਾਹ
ਮਾਹਿਰਾਂ ਨੇ ਬਜਟ ਤੋਂ ਪਹਿਲਾਂ ਬੈਠਕ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਅਗਾਮੀ ਬਜਟ ਵਿਚ ਸਿੱਖਿਆ, ਸਫ਼ਾਈ, ਮਹਿਲਾ ਸੁਰੱਖਿਆ ‘ਤੇ ਧਿਆਨ ਦੇਣ ਦਾ ਸੁਝਾਅ ਦਿੱਤਾ ਹੈ।
ਨਵੀਂ ਦਿੱਲੀ: ਸਮਾਜਿਕ ਖੇਤਰਾਂ ਨਾਲ ਜੁੜੇ ਮਾਹਿਰਾਂ ਨੇ ਬਜਟ ਤੋਂ ਪਹਿਲਾਂ ਬੈਠਕ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਅਗਾਮੀ ਬਜਟ ਵਿਚ ਸਿੱਖਿਆ, ਸਫ਼ਾਈ, ਮਹਿਲਾ ਸੁਰੱਖਿਆ ਅਤੇ ਬੱਚਿਆਂ ਦੇ ਪੋਸ਼ਣ ‘ਤੇ ਧਿਆਨ ਦੇਣ ਦਾ ਸੁਝਾਅ ਦਿੱਤਾ ਹੈ। ਉਹਨਾਂ ਨੇ ਵਿੱਤ ਮੰਤਰੀ ਨੂੰ ਮਠਿਆਈ ਅਤੇ ਨਮਕੀਨ ਉਤਪਾਦਾਂ ‘ਤੇ ਜ਼ਿਆਦਾ ਫੀਸ ਲਗਾਉਣ, ਡਾਕਟਰੀ ਉਪਕਰਣ ‘ਤੇ ਟੈਕਸ ਨੂੰ ਤਰਕਸੰਗਤ ਬਣਾਉਣ ਅਤੇ ਸਿਹਤ ਸੇਵਾਵਾਂ ਦੇ ਢਾਂਚੇ ਲਈ ਵਿਸ਼ੇਸ਼ ਫੰਡ, ਦਵਾਈਆਂ ਦੇ ਨਾਲ ਨਾਲ ਡਾਇਗਨੋਸਟਿਕ ਸਹੂਲਤਾਂ ਮੁਫ਼ਤ ਕਰਨ ਦਾ ਸੁਝਾਅ ਵੀ ਦਿੱਤਾ ਹੈ।
ਬੈਠਕ ਦੀ ਸ਼ੁਰੂਆਤ ਵਿਚ ਸੀਤਾਰਮਨ ਨੇ ਕਿਹਾ ਕਿ ਸਮੂਹਿਕ ਵਿਕਾਸ ਲਈ ਮੌਜੂਦਾ ਸਰਕਾਰ ਸਿਖਿਆ ਦੇ ਪੱਧਰ ਵਿਚ ਸੁਧਾਰ ਲਿਆਉਣ, ਨੌਜਵਾਨਾਂ ਦਾ ਹੌਂਸਲਾ ਵਧਾਉਣ, ਰੁਜ਼ਗਾਰ ਦੇ ਮੌਕੇ ਵਧਾਉਣ, ਬਿਮਾਰੀ ਦੇ ਬੋਝ ਨੂੰ ਘੱਟ ਕਰਨ, ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਮਨੁੱਖੀ ਵਿਕਾਸਾਂ ਵਿਚ ਸੁਧਾਰ ਲਿਆਉਣ ਲਈ ਵਚਨਬੱਦ ਹੈ।
ਬੈਠਕ ਵਿਚ ਸਿਹਤ ਸਬੰਧੀ ਸਮੱਸਿਆਵਾਂ, ਸਿੱਖਿਆ, ਸਮਾਜਿਕ ਸੁਰੱਖਿਆ, ਪੈਨਸ਼ਨ ਅਤੇ ਮਨੁੱਖੀ ਵਿਕਾਸ ਵਰਗੇ ਅਹਿਮ ਵਿਸ਼ਿਆਂ ‘ਤੇ ਚਰਚਾ ਹੋਈ। ਬੈਠਕ ਵਿਚ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ, ਸੈਂਟਰ ਫਾਰ ਪਾਲਿਸੀ ਰਿਸਰਚ ਦੀ ਪ੍ਰਧਾਨ ਯਾਮਿਨੀ ਅਇਅਰ, ਹੇਲਪੇਜ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਰੋਹਿਸ ਪ੍ਰਸਾਦ ਅਤੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਪ੍ਰਧਾਨ ਪ੍ਰਿਅੰਕਾ ਕਾਨੂੰਗੋ ਨੇ ਹਿੱਸਾ ਲਿਆ।