ਅਮਰੀਕਾ ਨੇ Huawei ਕੰਪਨੀ ਨੂੰ ਕਾਲੀ ਸੂਚੀ ਵਿਚ ਪਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਚੀਨ ਨੇ ਦਿਤੀ ਜਵਾਬੀ ਕਾਰਵਾਈ ਦੀ ਧਮਕੀ

US blacklists Chinese Huawei over security threat

ਵਾਸ਼ਿੰਗਟਨ : ਦੁਨੀਆਂ ਦੀ ਸੱਭ ਤੋਂ ਵੱਡੀ ਟੈਲੀਕਾਮ ਉਪਕਰਨ ਨਿਰਮਾਤਾ ਕੰਪਨੀ ਹੁਵਾਵੇਈ 'ਤੇ ਅਮਰੀਕੀ ਬਾਜ਼ਾਰ ਵਿਚ ਪਾਬੰਦੀ ਲਗਾਏ ਜਾਣ ਤੋਂ ਬਾਅਦ ਚੀਨ ਨੇ ਅਮਰੀਕਾ ਵਿਰੁਧ ਜਵਾਬੀ ਕਾਰਵਾਈ ਦੀ ਧਮਕੀ ਦਿਤੀ ਹੈ। ਚੀਨ ਨੇ ਕਿਹਾ ਕਿ ਉਹ ਅਪਣੀ ਕੰਪਨੀਆਂ ਦੇ ਹਿਤਾਂ ਅਤੇ ਅਧਿਕਾਰਾਂ ਦੀ ਰਖਿਆ ਲਈ ਜ਼ਰੂਰੀ ਕਦਮ ਉਠਾਏਗੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਕਦਮ 'ਤੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕਿਹਾ ਕਿ ਚੀਨ ਅਪਣੇ ਦੇਸ਼ ਦੀਆਂ ਕੰਪਨੀਆਂ ਦੇ ਹਿਤਾਂ ਦੀ ਰਖਿਆ ਲਈ ਕਾਰਵਾਈ ਕਰੇਗਾ। 

ਵਪਾਰ ਮੁੱਦੇ ਨੂੰ ਲੈ ਕੇ ਚੀਨ ਨਾਲ ਪੈਦਾ ਹੋਏ ਵਿਵਾਦ ਵਿਚਾਲੇ ਅਮਰੀਕਾ ਦੇ ਰਾਸ਼ਟਪਰਤੀ ਡੋਨਾਲਡ ਟਰੰਪ ਨੇ ਅਮਰੀਕੀ ਕੰਪਨੀਆਂ ਨੂੰ ਵਿਦੇਸ਼ ਵਿਚ ਬਣੇ ਟੈਲੀਕਾਮ ਉਪਕਰਨ ਲਗਾਉਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ 'ਤੇ ਹਸਤਾਖਰ ਕੀਤੇ ਹਨ। ਇਹ ਉਪਕਰਨ ਕੌਮੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਸਕਦੇ ਹਨ। ਇਹ ਕਦਮ ਚੀਨ ਦੀ ਵੱਡੀ ਟੈਲੀਕਾਮ ਕੰਪਨੀ ਹੁਵਾਵੇਈ ਨੂੰ ਅਮਰੀਕੀ ਨੈਟਵਰਕ ਤੋਂ ਦੂਰ ਰੱਖਣ ਦੇ ਮਕਸਦ ਨਾਲ ਉਠਾਇਆ ਗਿਆ ਹੈ। ਇਸ ਫ਼ੈਸਲੇ ਨਾਲ ਚੀਨ ਨਾਲ ਟਕਰਾਅ ਵਿਚ ਹੋਰ ਵਾਧਾ ਹੋਣ ਦਾ ਖ਼ਦਸ਼ਾ ਹੈ ਕਿਉਂਕਿ ਹੁਵਾਵੇਈ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਪਹਿਲਾਂ ਤੋਂ ਵੀ ਵਿਵਾਦ ਚੱਲ ਰਿਹਾ ਹੈ।

ਅਮਰੀਕਾ ਦਾ ਮੰਨਣਾ ਹੈ ਕਿ ਹੁਵਾਵੇਈ ਨਾਲ ਪਛਮੀ ਮੁਢਲਾ ਢਾਂਚਾ ਨੈਟਵਰਕ ਵਿਚ ਜਾਸੂਸੀ ਨਾਲ ਜੁੜਿਆ ਖ਼ਤਰਾ ਪੈਦਾ ਕਰ ਸਕਦਾ ਹੈ। ਆਉਣ ਵਾਲੇ ਕੁੱਝ ਦਿਨਾਂ ਵਿਚ ਇਹ ਆਦੇਸ਼ ਲਾਗੂ ਹੋ ਜਾਵੇਗਾ। ਇਸ ਦੇ ਤਹਿਤ ਹੁਵਾਵੇਈ ਨੂੰ ਅਮਰੀਕੀ ਤਕਨੀਕ ਖ਼ਰੀਦਣ ਲਈ ਅਮਰੀਕੀ ਸਰਕਾਰ ਤੋਂ ਲਾਇਸੰਸ ਲੈਣ ਦੀ ਲੋੜ ਹੋਵੇਗੀ।

ਅਮਰੀਕਾ ਦੇ ਵਪਾਰ ਵਿਭਾਗ ਦੇ ਉਦਯੋਗ ਅਤੇ ਸੁਰੱਖਿਆ ਬਿਊਰੋ ਨੇ ਐਲਾਨ ਕੀਤਾ ਹੈ ਕਿ ਉਹ ਹੁਵਾਵੇਈ ਟੈਕਨਾਲੋਜੀਜ਼ ਕੰਪਨੀ ਲਿਮਿਟਡ ਅਤੇ ਉਸ ਨਾਲ ਸਬੰਧਤ ਕੰਪਨੀਆਂ ਨੂੰ ਵਪਾਰ ਨਾਲ ਜੁੜੀ ਕਾਲੀ ਸੂਚੀ ਵਿਚ ਸ਼ਾਮਲ ਕਰੇਗਾ। ਬਿਊਰੋ ਇਸ ਸੂਚੀ ਵਿਚ ਕੌਮੀ ਹਿਤਾਂ ਅਤੇ ਵਿਦੇਸ਼ ਨੀਤੀ ਹਿਤਾਂ ਵਿਰੁਧ ਕੰਮ ਕਰਨ ਵਾਲੀ ਵਿਦੇਸ਼ੀ ਕੰਪਨੀਆਂ ਨੂੰ ਸ਼ਾਮਲ ਕਰਦਾ ਹੈ। ਵਿਭਾਗ ਨੇ ਦੋਸ਼ ਲਗਾਇਆ ਕਿ ਹੁਵਾਵੇਈ ਦੀਆਂ ਗਤੀਵਿਧੀਆਂ ਅਮਰੀਕਾ ਦੀ ਕੌਮੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਵਿਰੁਧ ਹਨ।