ਅਮਰੀਕਾ ਵਿਚ ਸਿੱਖ ਮੇਅਰ ਦੀ ਤਸਵੀਰ ਵਿਗਾੜੀ, ਅਰਬ ਦਾ ਤਾਨਾਸ਼ਾਹ ਦਸਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੇਅਰ ਅਤੇ ਪਰਵਾਰ ਨੂੰ ਮਿਲਣ ਲਗੀਆਂ ਧਮਕੀਆਂ, ਸਿੱਖਾਂ ਅੰਦਰ ਗੁੱਸਾ 

Photoshopped image shows Sikh mayor as Arab dictator

ਵਾਸ਼ਿੰਗਟਨ : ਨਿਊ ਜਰਸੀ ਦੀ ਵੈਬਸਾਈਟ ਨੇ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਰਵੀ ਭੱਲਾ ਦੀ ਵਿਗਾੜੀ ਹੋਈ ਤਸਵੀਰ ਛਾਪ ਕੇ ਉਸ ਨੂੰ ਅਰਬ ਦਾ ਤਾਨਾਸ਼ਾਹ ਦਸਿਆ ਹੈ ਜਿਸ ਮਗਰੋਂ ਉਸ ਨੂੰ ਨਸਲੀ ਰੂਪ ਵਿਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਨਿਊ ਜਰਸੀ ਦੀ ਵੈਬਸਾਈਟ 'ਹਡਸਨ ਮਾਈਲ ਸਕਵਾਇਰ ਨਿਊ' ਨੇ ਹੋਬੋਕੇਨ ਦੇ ਮੇਅਰ ਭੱਲਾ ਦੀ ਤਸਵੀਰ ਛਾਪੀ ਹੈ ਜੋ ਹਾਸਰਸ ਫ਼ਿਲਮ 'ਦ ਡਿਕਟੇਟਰ' ਦੇ ਬਰਤਾਨਵੀ ਅਦਾਕਾਰ ਸਾਸ਼ਾ ਬੈਰਨ ਕੋਹੇਨ ਦੁਆਰਾ ਨਿਭਾਏ ਕਿਰਦਾਰ ਨਾਲ ਮਿਲਦੀ-ਜੁਲਦੀ ਹੈ।

ਇਹ ਤਸਵੀਰ 'ਰਵੀ ਭੱਲਾ ਗੋਜ਼ ਟੂ ਦਾ ਮੈਟਰੇਸੇਸ..ਫ਼ਾਰ ਹਿਜ਼ ਟੈਕਸ ਇਨਕਰੀਸਜ਼' ਮੁਖੜੇ ਨਾਲ ਛਪੇ ਲੇਖ ਦਾ ਹਿੱਸਾ ਹੈ। ਇਸ ਵਿਚ ਭੱਲਾ 'ਤੇ ਨਗਰ ਪਰਿਸ਼ਦ ਕੋਲੋਂ ਮਨਜ਼ੂਰੀ ਨਾ ਮਿਲਣ ਦੇ ਬਾਵਜੂਦ 'ਦੁਬਾਰਾ ਕਰ ਵਧਾਉਣ ਲਈ ਅਪਣੇ ਸਾਰੇ ਅਧਿਕਾਰਾਂ ਦੀ ਵਰਤੋਂ ਕਰਨ' ਦਾ ਦੋਸ਼ ਲਾਇਆ ਗਿਆ ਹੈ। ਵੈਬਸਾਈਟ ਮੁਤਾਬਕ ਭੱਲਾ ਨੇ ਤਿੰਨ ਫ਼ੀ ਸਦੀ ਕਰ ਵਧਾਉਣ ਦੀ ਤਜਵੀਜ਼ ਦਿਤੀ ਸੀ ਪਰ ਪਰਿਸ਼ਦ ਨੇ ਇਸ ਨੂੰ ਘਟਾ ਕੇ ਇਕ ਫ਼ੀ ਸਦੀ ਕਰ ਦਿਤਾ। 

ਲੇਖ ਵਿਚ ਕਿਹਾ ਗਿਆ ਹੈ ਕਿ ਹੁਣ ਮੇਅਰ ਦਫ਼ਤਰ ਟੈਕਸ 'ਤੇ ਕਟੌਤੀ ਵਾਪਸ ਲੈਣ ਲਈ ਦਬਾਅ ਪਾ ਰਿਹਾ ਹੈ। ਸਿੱਖਾਂ ਨੇ ਇਸ ਤਸਵੀਰ ਨੂੰ ਨਸਲੀ ਦਸਦਿਆਂ ਇਸ ਦੀ ਆਲੋਚਨਾ ਕੀਤੀ ਹੈ। ਸਿੱਖ ਕਾਰਕੁਨ ਸਿਮਰਨਜੀਤ ਸਿੰਘ ਨੇ ਕਿਹਾ, 'ਰਵੀ ਭੱਲਾ ਅਮਰੀਕੀ ਇਤਿਹਾਸ ਵਿਚ ਮੇਅਰ ਵਜੋਂ ਚੁਣੇ ਜਾਣ ਵਾਲੇ ਪਹਿਲੇ ਸਿੱਖ ਹਨ। ਉਨ੍ਹਾਂ ਨੂੰ ਨਸ਼ਲੀ ਅਪਸ਼ਬਦ ਕਹੇ ਜਾ ਰਹੇ ਹਨ, ਲੋਕ ਉਨ੍ਹਾਂ ਨੂੰ ਅਤਿਵਾਦੀ ਦੱਸ ਰਹੇ ਹਨ ਅਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਹੁਣ ਕਿਸੇ ਨੇ ਉਨ੍ਹਾਂ ਦੀ ਤਸਵੀਰ ਵਿਗਾੜ ਕੇ ਉਨ੍ਹਾਂ ਨੂੰ ਅਰਬ ਦਾ ਤਾਨਾਸ਼ਾਹ ਦਸਿਆ ਹੈ। ਇਹ ਨਸਲੀ ਅਤੇ ਗ਼ਲਤ ਗੱਲ ਹੈ।'