8 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚੀ ਥੋਕ ਮਹਿੰਗਾਈ ਦਰ

ਏਜੰਸੀ

ਖ਼ਬਰਾਂ, ਵਪਾਰ

ਅਕਤੂਬਰ ਮਹੀਨੇ ਵਿਚ ਮਹਿੰਗਾਈ ਦਰ 1.48 ਫ਼ੀ ਸਦੀ ਰਹੀ

Wholesale Price Inflation Hits 8 Month High

ਨਵੀਂ ਦਿੱਲੀ : ਅਕਤੂਬਰ 2020 ਲਈ ਥੋਕ ਮਹਿੰਗਾਈ ਦਰ ਥੋਕ ਮੁਲ ਸੂਚਕ ਅੰਕ (ਡਬਲਯੂਪੀਆਈ) ਵਲੋਂ ਅੰਕੜਾ ਜਾਰੀ ਕੀਤਾ ਗਿਆ ਹੈ। ਮਹੀਨਾ ਦਰ ਮਹੀਨਾ ਆਧਾਰ 'ਤੇ ਥੋਕ ਮਹਿੰਗਾਈ ਦਰ ਸਤੰਬਰ ਦੇ 1.32 ਫ਼ੀ ਸਦੀ ਤੋਂ ਵਧ ਕੇ 1.48 ਫ਼ੀ ਸਦੀ ਹੋ ਗਈ ਹੈ। ਪਿਛਲੇ ਇਕ ਸਾਲ ਵਿਚ ਇਹ ਤੀਜੀ ਵਾਰ ਲਗਾਤਾਰ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਹੁਣ ਥੋਕ ਮਹਿੰਗਾਈ ਦਰ 8 ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਗਈ ਹੈ।

ਖਾਣ ਪੀਣ ਦੀਆਂ ਵਸਤਾਂ ਦਾ ਡਬਲਯੂਪੀਆਈ ਘੱਟ ਕੇ 5.78 ਫ਼ੀ ਸਦੀ ਹੋ ਗਿਆ ਹੈ। ਇਹ ਸਤੰਬਰ ਵਿਚ 6.92 ਸੀ। ਅਕਤੂਬਰ ਵਿਚ ਨਿਰਮਾਣ ਉਤਪਾਦਾਂ ਦੀ ਕੀਮਤ ਵਿਚ ਭਾਰੀ ਵਾਧਾ ਹੋਇਆ ਹੈ। ਇਹ ਸਤੰਬਰ ਦੇ 1.61 ਫ਼ੀ ਸਦੀ ਦੇ ਮੁਕਾਬਲੇ ਵਧ ਕੇ 2.12 ਫ਼ੀ ਸਦੀ ਹੋ ਗਿਆ ਹੈ। ਖ਼ੁਰਾਕੀ ਵਸਤਾਂ ਦੀ ਥੋਕ ਮਹਿੰਗਾਈ ਦਰ ਵਿਚ ਕਮੀ ਦੇ ਬਾਵਜੂਦ, ਖਾਣ ਪੀਣ ਦੀਆਂ ਵਸਤਾਂ ਦੀਆਂ ਥੋਕ ਅਤੇ ਪ੍ਰਚੂਨ ਕੀਮਤਾਂ ਦੇ ਸਬੰਧ 'ਚ ਚਿੰਤਾ ਬਣੀ ਹੋਈ ਹੈ।

ਮਾਹਰ ਮੰਨਦੇ ਹਨ ਕਿ ਖਾਣ ਪੀਣ ਦੀਆਂ ਵਸਤਾਂ ਦੀ ਮਹਿੰਗਾਈ ਦਰ ਹੁਣ ਸਬਜ਼ੀਆਂ ਅਤੇ ਫਲਾਂ ਤੋਂ ਇਲਾਵਾ ਹੋਰ ਚੀਜ਼ਾਂ ਉੱਤੇ ਵੀ ਆ ਰਹੀ ਹੈ। ਅਜਿਹੀ ਸਥਿਤੀ ਵਿਚ ਇਹ ਆਉਣ ਵਾਲੇ ਦਿਨਾਂ ਵਿਚ ਵਿਆਜ ਦਰਾਂ ਨੂੰ ਪ੍ਰਭਾਵਤ ਕਰ ਸਕਦਾ ਹੈ। ਲੰਮੀ ਅਤੇ ਸਖ਼ਤ ਤਾਲਾਬੰਦੀ ਤੋਂ ਬਾਅਦ ਦੇਸ਼ ਵਿਚ ਆਰਥਕ ਗਤੀਵਿਧੀਆਂ ਦੀ ਸ਼ੁਰੂਆਤ ਹੋਈ। ਮਾਰਚ ਤੋਂ ਬਾਅਦ ਅਗੱਸਤ 2020 ਵਿਚ ਪਹਿਲੀ ਵਾਰ ਇਹ ਅੰਕੜੇ ਸਕਾਰਾਤਮਕ ਦਾਇਰੇ ਵਿਚ ਆਏ ਸਨ।

ਥੋਕ ਵਿਚ ਵਿਕਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਬਾਰੇ ਜਾਣਕਾਰੀ ਡਬਲਯੂਪੀਆਈ ਦੁਆਰਾ ਉਪਲਬਧ ਹੁੰਦੀ ਹੈ। ਭਾਰਤ ਵਿਚ ਥੋਕ ਮੁੱਲ ਸੂਚਕ ਅੰਕ ਨੂੰ ਤਿੰਨ ਸਮੂਹਾਂ ਵਿਚ ਵੰਡਿਆ ਗਿਆ ਹੈ। ਬਾਲਣ ਅਤੇ ਊਰਜਾ, ਪ੍ਰਾਇਮਰੀ ਵਸਤੂਆਂ ਅਤੇ ਨਿਰਮਾਣ ਉਤਪਾਦ ਇਨ੍ਹਾਂ 'ਚ ਸ਼ਾਮਲ ਹਨ। ਇਹ ਤਿੰਨੋਂ ਸਮੂਹ ਕੁੱਲ ਡਬਲਯੂਪੀਆਈ ਵਿਚ ਕ੍ਰਮਵਾਰ 13.2 ਫ਼ੀ ਸਦੀ, 22.6 ਫ਼ੀ ਸਦੀ ਅਤੇ 64.2 ਫ਼ੀ ਸਦੀ ਯੋਗਦਾਨ ਪਾਉਂਦੇ ਹਨ।  

ਪ੍ਰਚੂਨ ਮਹਿੰਗਾਈ ਦਰ 6 ਸਾਲਾਂ ਵਿਚ ਸੱਭ ਤੋਂ ਵੱਧ

ਇਸ ਦੌਰਾਨ ਅਕਤੂਬਰ ਵਿਚ ਸਲਾਨਾ ਪ੍ਰਚੂਨ ਮਹਿੰਗਾਈ ਦਰ ਵਧ ਕੇ 7.61 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਇਹ ਸਤੰਬਰ ਵਿਚ 7.34 ਪ੍ਰਤੀਸ਼ਤ 'ਤੇ ਸੀ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਵਾਲੇ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਮਈ 2014 ਤੋਂ ਬਾਅਦ ਇਸ ਸਾਲ ਅਕਤੂਬਰ ਵਿਚ ਲੋਕਾਂ ਨੂੰ ਸਭ ਤੋਂ ਵੱਧ ਮਹਿੰਗਾਈ ਦੀ ਮਾਰ ਪਈ ਹੈ।

ਖੁਰਾਕੀ ਕੀਮਤਾਂ ਵਿਚ ਭਾਰੀ ਵਾਧੇ ਕਾਰਨ ਸੀ.ਪੀ.ਆਈ. ਅਕਤੂਬਰ ਵਿਚ 7.61 ਫ਼ੀ ਸਦੀ 'ਤੇ ਪਹੁੰਚ ਗਈ ਸੀ। ਇਸ ਸਮੇਂ ਦੌਰਾਨ ਖੁਰਾਕੀ ਮਹਿੰਗਾਈ 11 ਫ਼ੀ ਸਦੀ ਤਕ ਪਹੁੰਚ ਗਈ। ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਪ੍ਰਚੂਨ ਮਹਿੰਗਾਈ ਛੇ ਸਾਲਾਂ ਵਿਚ ਸੱਭ ਤੋਂ ਵੱਧ ਹੋ ਗਈ ਹੈ।