ਕੋਰੋਨਾ ਵਾਇਰਸ ਨਾਲ ਹਵਾਈ ਕੰਪਨੀਆਂ ਨੂੰ ਹੋਇਆ ਸਭ ਤੋਂ ਜ਼ਿਆਦਾ ਨੁਕਸਾਨ

ਏਜੰਸੀ

ਖ਼ਬਰਾਂ, ਵਪਾਰ

ਗੋ ਏਅਰ ਨੇ ਛੁੱਟੀ ‘ਤੇ ਭੇਜੇ ਅਪਣੇ ਕਰਮਚਾਰੀ

Photo

ਨਵੀਂ ਦਿੱਲੀ: ਘਰੇਲੂ ਹਵਾਈ ਕੰਪਨੀ ਗੋ ਏਅਰ ਨੇ ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ ਮੰਗਲਵਾਰ ਤੋਂ ਅਪਣੀਆਂ ਅੰਤਰਰਾਸ਼ਟਰੀ ਉਡਾਨਾਂ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਉਡਾਨਾਂ ਦੀ ਗਿਣਤੀ ਵਿਚ ਕਮੀ ਦੇ ਚਲਦਿਆਂ ਕੰਪਨੀ ਅਪਣੇ ਕਰਮਚਾਰੀਆਂ ਨੂੰ ਬਿਨਾਂ ਸੈਲਰੀ ਤੋਂ ਛੁੱਟੀ ‘ਤੇ ਭੇਜ ਰਹੀ ਹੈ। ਸੂਤਰਾਂ ਅਨੁਸਾਰ ਕੰਪਨੀ ਕਿਸ਼ਤਾਂ ਵਿਚ ਕਰਮਚਾਰੀਆਂ ਦੀ ਸੈਲਰੀ ਵਿਚ 20 ਫੀਸਦੀ ਕਟੌਤੀ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ।

ਕੰਪਨੀ ਨੇ ਨਿਊਜ਼ ਏਜੰਸੀ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਦੀ ਸਭ ਤੋਂ ਜ਼ਿਆਦਾ ਮਾਰ ਹਵਾਈ ਉਦਯੋਗ ‘ਤੇ ਪਈ ਹੈ। ਕਿਉਂਕਿ ਕਈ ਸਰਕਾਰਾਂ ਨੇ ਯਾਤਰਾਵਾਂ ‘ਤੇ ਬੈਨ ਲਗਾਇਆ ਹੈ। ਲੋਕਾਂ ਨੂੰ ਯਾਤਰਾ ਟਾਲਣ ਜਾਂ ਯਾਤਰਾ ਘੱਟ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਕੰਪਨੀਆਂ ਨੇ ਵੀ ਅਪਣੇ ਕਰਮਚਾਰੀਆਂ ਦੀ ਯਾਤਰਾ ਨੂੰ ਸੀਮਤ ਕੀਤਾ ਹੈ।

ਖ਼ਾਸ ਸਮਾਗਮਾਂ ਦੀਆਂ ਤਰੀਕਾਂ ਬਦਲੀਆਂ ਜਾ ਰਹੀਆਂ ਹਨ। ਕੰਪਨੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਹਵਾਈ ਯਾਤਰਾ ਵਿਚ ਆ ਰਹੀ ਤੇਜ਼ ਕਮੀ ਦਾ ਉਹਨਾਂ ਨੇ ਪਹਿਲਾਂ ਕਦੀ ਅੰਦਾਜ਼ਾ ਨਹੀਂ ਲਗਾਇਆ ਸੀ। ਇਸ ਨੂੰ ਦੇਖਦੇ ਹੋਏ ਉਹਨਾਂ ਨੇ 17 ਮਾਰਚ ਤੋਂ 15 ਅਪ੍ਰੈਲ ਤੱਕ ਅਪਣੀਆਂ ਸਾਰੀਆਂ ਅੰਤਰਰਾਸ਼ਟਰੀ ਉਡਾਨਾਂ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ।

ਗੋ ਏਅਰ ਕੁੱਲ 35 ਸ਼ਹਿਰਾਂ ਵਿਚ ਉਡਾਨ ਸੇਵਾ ਦਿੰਦੀ ਹੈ। ਇਸ ਵਿਚ 8 ਵਿਦੇਸ਼ੀ ਸ਼ਹਿਰ ਵੀ ਸ਼ਾਮਲ ਹਨ। ਕੰਪਨੀ ਨੇ ਅਪਣੀਆਂ ਫੁਕੇਟ, ਮਾਲੇ, ਮਸਕਟ, ਅਬੂ ਧਾਬੀ, ਦੁਬਈ, ਬੈਂਕਾਗ, ਕੁਵੈਤ ਅਤੇ ਦਮਾਮ ਦੀਆਂ ਅੰਤਰਰਾਸ਼ਟਰੀ ਉਡਾਨਾਂ 15 ਅਪ੍ਰੈਲ ਤੱਕ ਮੁਅੱਤਲ ਕਰ ਦਿੱਤੀਆਂ ਹਨ। ਇਹਨਾਂ ਉਡਾਨਾਂ ਨੂੰ ਰੱਦ ਕਰਨ ਤੋਂ ਬਾਅਦ ਕੰਪਨੀ ਦੀਆਂ ਦੈਨਿਕ ਉਡਾਨਾਂ ਦੀ ਗਿਣਤੀ 325 ਤੋਂ ਘਟ ਕੇ 280 ਰਹਿ ਗਈ ਹੈ।

ਬਿਆਨ ਅਨੁਸਾਰ ਕੰਪਨੀ ਨੇ ਅਪਣੇ 35 ਪ੍ਰਤੀਸ਼ਤ ਕਰਮਚਾਰੀਆਂ ਨੂੰ ਛੁੱਟੀਆਂ ‘ਤੇ ਭੇਜਣ ਦਾ ਫੈਸਲਾ ਕੀਤਾ ਹੈ। ਇਹਨਾਂ ਛੁੱਟੀਆਂ ਦੌਰਾਨ ਕਰਮਚਾਰੀਆਂ ਨੂੰ ਸੈਲਰੀ ਨਹੀਂ ਦਿੱਤੀ ਜਾਵੇਗੀ। ਕੰਪਨੀ ਨੇ ਕਿਹਾ ਕਿ ਉਹ ਜਾਣਦੀ ਹੈ ਕਿ ਇਸ ਨਾਲ ਕਰਮਚਾਰੀਆਂ ‘ਤੇ ਵਿੱਤੀ ਬੋਝ ਵਧੇਗਾ ਪਰ ਉਸ ਨੇ ਇਸ ਫੈਸਲੇ ‘ਤੇ ਪਹੁੰਚਣ ਲਈ ਹੋਰ ਦੇਸ਼ਾਂ ਵਿਚ ਕੰਪਨੀਆਂ ਵੱਲੋਂ ਅਪਣਾਈ ਜਾ ਰਹੀ ਪ੍ਰਕਿਰਿਆ ਦਾ ਅਧਿਐਨ ਕੀਤਾ ਹੈ, ਇਸ ਲਈ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ।