ਭਾਰਤ ਸਮੇਤ ਕਈ ਦੇਸ਼ਾਂ ਨੂੰ ਰਾਹਤ! ਅਮਰੀਕੀ ਡਾਲਰ ਦੀ ਕੀਮਤ ਡਿੱਗਣ ਨਾਲ ਸਸਤਾ ਹੋਇਆ ਕੱਚਾ ਤੇਲ

ਏਜੰਸੀ

ਖ਼ਬਰਾਂ, ਵਪਾਰ

ਕੋਰੋਨਾ ਵਾਇਰਸ ਦੇ ਚਲਦਿਆਂ ਖ਼ਰਾਬ ਅਰਥਵਿਵਸਥਾ ਦੇ ਦੌਰ ਵਿਚੋਂ ਗੁਜ਼ਰ ਰਹੇ ਤੇਲ ਦਰਾਮਦ ਕਰਨ ਵਾਲੇ ਦੇਸਾਂ ਲਈ ਚੰਗੀ ਖ਼ਬਰ ਹੈ।

Crude Oil

ਵਾਸ਼ਿੰਗਟਨ: ਕੋਰੋਨਾ ਵਾਇਰਸ ਦੇ ਚਲਦਿਆਂ ਖ਼ਰਾਬ ਅਰਥਵਿਵਸਥਾ ਦੇ ਦੌਰ ਵਿਚੋਂ ਗੁਜ਼ਰ ਰਹੇ ਤੇਲ ਦਰਾਮਦ ਕਰਨ ਵਾਲੇ ਦੇਸਾਂ ਲਈ ਚੰਗੀ ਖ਼ਬਰ ਹੈ। ਦੁਨੀਆਂ ਦੀਆਂ ਵੱਡੀਆਂ ਮੁੱਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੇ ਕਮਜ਼ੋਰ ਹੋਣ ਕਾਰਨ ਕੱਚਾ ਤੇਲ ਹੁਣ ਸਸਤਾ ਮਿਲ ਰਿਹਾ ਹੈ।

ਅਮਰੀਕਾ ਦੇ ਊਰਜਾ ਜਾਣਕਾਰੀ ਪ੍ਰਸ਼ਾਸਨ (Energy Information Administration) ਨੇ ਦੱਸਿਆ ਕਿ ਡਾਲਰ ਦੇ ਕਮਜ਼ੋਰ ਹੋਣ ਦਾ ਸਿੱਧਾ ਫਾਇਦਾ ਭਾਰੀ ਮਾਤਰਾ ਵਿਚ ਤੇਲ ਖਰੀਦਣ ਵਾਲੇ ਦੇਸ਼ਾਂ ਨੂੰ ਹੋਣ ਵਾਲਾ ਹੈ। ਕੱਚੇ ਤੇਲ ਦਾ ਕਾਰੋਬਾਰ ਅਮਰੀਕੀ ਡਾਲਰ ਵਿਚ ਹੀ ਹੁੰਦਾ ਹੈ। ਇਸ ਕਾਰਨ ਉਹਨਾਂ ਦੇਸ਼ਾਂ ਨੂੰ ਇਹ ਤੇਲ ਸਸਤਾ ਪੈ ਰਿਹਾ ਹੈ, ਜਿਨ੍ਹਾਂ ਦੀ ਕਰੰਸੀ ਡਾਲਰ ਦੇ ਮੁਕਾਬਲੇ ਮਜ਼ਬੂਤ ਹੋਈ ਹੈ।

ਅਮਰੀਕੀ ਏਜੰਸੀ ਨੇ ਦੱਸਿਆ ਕਿ ਭਾਰਤ ਅਤੇ ਚੀਨ ਵਰਗੇ ਏਸ਼ੀਆਈ ਦੇਸ਼ਾਂ ਦੇ ਲਾਵਾ ਯੂਰੋਜ਼ੋਨ ਦੇਸ਼ਾਂ ਨੂੰ ਵੀ ਇਸ ਦਾ ਸਿੱਧਾ ਲਾਭ ਮਿਲੇਗਾ। ਇਹਨਾਂ ਵਿਚ ਕਈ ਦੇਸ਼ ਅਜਿਹੇ ਹਨ ਜੋ ਕੱਚਾ ਤੇਲ ਦਰਾਮਦ ਕਰਦੇ ਹਨ। ਇਕ ਜੂਨ ਤੋਂ 12 ਅਗਸਤ ਵਿਚਕਾਰ ਬ੍ਰੈਂਟ ਕਰੂਡ ਦੀ ਕੀਮਤ ਵਿਚ 19 ਫੀਸਦੀ ਦਾ ਵਾਧਾ ਹੋਇਆ ਹੈ। ਈਆਈਏ ਦੇ ਅਨੁਮਾਨ ਮੁਤਾਬਕ ਡਾਲਰ ਦੇ ਮੁਕਾਬਲੇ ਯੂਰੋ ਦੀ ਕੀਮਤ ਵਧਣ ਕਾਰਨ ਯੂਰੋ ਵਿਚ ਇਹ ਵਾਧਾ 12 ਫੀਸਦੀ ਹੀ ਹੋਇਆ ਹੈ।

ਬੀਤੇ ਕੁਝ ਮਹੀਨਿਆਂ ਤੋਂ ਬ੍ਰੈਂਟ ਕਰੂਡ ਦੀਆਂ ਕੀਮਤਾਂ ਅਤੇ ਡਾਲਰ ਦੀਆਂ ਕੀਮਤਾਂ ਵਿਰੋਧੀ ਦਿਸ਼ਾ ਵਿਚ ਵਧ ਰਹੀਆਂ ਹਨ, ਜਿੱਥੇ ਬ੍ਰੈਂਟ ਕਰੂਡ ਮਹਿੰਗਾ ਹੋ ਰਿਹਾ ਹੈ ਉੱਥੇ ਹੀ ਗਲੋਬਲ ਮੁੱਦਰਾਵਾਂ ਦੇ ਮੁਕਾਬਲੇ ਡਾਲਰ ਕਮਜ਼ੋਰ ਪੈ ਰਿਹਾ ਹੈ। ਹਾਲ ਹੀ ਦੇ ਹਫ਼ਤੇ ਵਿਚ ਮਹਾਂਮਾਰੀ ਦੇ ਅਸਰ ਕਾਰਨ ਕੱਚੇ ਤੇਲ ਦੀ ਗਲੋਬਲ ਮੰਗ ਘੱਟ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।

ਸਸਤੀਆਂ ਹੋ ਸਕਦੀਆਂ ਹਨ ਡੀਜ਼ਲ-ਪੈਟਰੋਲ ਦੀਆਂ ਕੀਮਤਾਂ
ਅਮਰੀਕੀ ਏਜੰਸੀ ਨੇ ਉਮੀਦ ਜਤਾਈ ਹੈ ਕਿ ਇਹਨਾਂ ਦੇਸ਼ਾਂ ਦੀਆਂ ਸਰਕਾਰਾਂ ਵੀ ਤੇਲ ਦੀਆਂ ਕੀਮਤਾਂ ਘੱਟ ਕਰ ਕੇ ਆਰਥਕ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਕੁਝ ਰਾਹਤ ਦੇ ਸਕਦੀਆਂ ਹਨ। ਕਮਜ਼ੋਰ ਅਮਰੀਕੀ ਡਾਲਰ ਦਾ ਮਤਲਬ ਇਹ ਹੈ ਕਿ ਤੇਲ ਖਰੀਦਣ ਵਾਲੇ ਦੇਸ਼ਾਂ ਨੂੰ ਤੇਲ ਸਸਤਾ ਪੈ ਰਿਹਾ ਹੈ।