ਰਿਲਾਇੰਸ ਦੀ ਨਵੀਂ ਈ-ਕਾਮਰਸ ਕੰਪਨੀ ਦੇਵੇਗੀ ਐਮਾਜ਼ੋਨ ਵਾਲਮਾਰਟ ਨੂੰ ਟੱਕਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅੰਬਾਨੀ ਨੇ ਕਿਹਾ ਕਿ ਜਿਓ ਅਤੇ ਰਿਲਾਇੰਸ ਰਿਟੇਲ ਮਿਲ ਕੇ ਇਕ ਨਵਾਂ ਵਪਾਰਕ ਮੰਚ ਸ਼ੁਰੂ ਕਰਨਗੇ ਜੋ ਕਿ ਗੁਜਰਾਤ ਦੇ 12 ਲੱਖ ਛੋਟੇ ਦੁਕਾਨਾਦਾਰਾਂ ਲਈ ਲਾਹੇਵੰਦ ਹੋਵੇਗਾ।

Mukesh Ambani

ਗੁਜਰਾਤ : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਨਵੀਂ ਈ-ਕਾਮਰਸ ਕੰਪਨੀ ਲਿਆਵੇਗੀ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਕਿ ਭਾਰਤ ਨੂੰ ਹੁਣ ਡਾਟਾ 'ਤੇ ਦੂਜੇ ਦੇਸ਼ਾਂ ਦੇ ਕਬਜ਼ੇ ਨੂੰ ਖਤਮ ਕਰਨ ਲਈ ਮੁਹਿੰਮ ਚਲਾਏ ਜਾਣ ਦੀ ਲੋੜ ਹੈ। 9ਵੀਂ ਵਾਈਬ੍ਰੈਂਟ ਗੁਜਰਾਤ ਕਾਨਫਰੰਸ ਦੌਰਾਨ ਅੰਬਾਨੀ ਨੇ ਕਿਹਾ ਕਿ ਜਿਓ ਅਤੇ ਰਿਲਾਇੰਸ ਰਿਟੇਲ ਮਿਲ ਕੇ ਇਕ ਨਵਾਂ ਵਪਾਰਕ ਮੰਚ ਸ਼ੁਰੂ ਕਰਨਗੇ ਜੋ ਕਿ ਗੁਜਰਾਤ ਦੇ 12 ਲੱਖ ਛੋਟੇ ਦੁਕਾਨਾਦਾਰਾਂ ਲਈ ਲਾਹੇਵੰਦ ਹੋਵੇਗਾ।

ਇਹ ਭਾਰਤ ਦੇ ਤਿੰਨ ਕਰੋੜ ਵਪਾਰੀਆਂ ਦੇ ਭਾਈਚਾਰੇ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਗਾਂਧੀ ਜੀ ਦੀ ਅਗਵਾਈ ਵਿਚ ਭਾਰਤ ਨੇ ਰਾਜਨੀਤਕ ਬਸਤੀਕਰਨ ਵਿਰੁਧ ਮੁਹਿੰਮ ਚਲਾਈ। ਹੁਣ ਸਾਨੂੰ ਅੰਕੜਿਆਂ ਦੇ ਬਸਤੀਕਰਨ ਵਿਰੁਧ ਸਮੂਹਕ ਮੁਹਿੰਮ ਚਲਾਉਣ ਦੀ ਲੋੜ ਹੈ। ਨਵੀਂ ਦੁਨੀਆਂ ਵਿਚ ਡਾਟਾ ਨਵੀਂ ਜਾਇਦਾਦ ਹੈ। ਉਹਨਾਂ ਕਿਹਾ ਕਿ ਭਾਰਤੀ ਅੰਕੜੇ ਭਾਰਤ ਦੇ ਲੋਕਾਂ ਕੋਲ ਹੋਣੇ ਚਾਹੀਦੇ ਹਨ ਨਾ ਕਿ ਕਾਰਪੋਰੇਟਸ ਦੇ ਕੋਲ ਖ਼ਾਸਕਰ ਗਲੋਬਲ ਕਾਰਪੋਰੇਸ਼ਨਾਂ ਦੇ ਕੋਲ।

ਉਹਨਾਂ ਕਿਹਾ ਕਿ ਰਿਲਾਇੰਸ ਇੰਡਸਟਰੀਜ਼ ਗੁਜਰਾਤ ਵਿਚ ਅਗਲੇ 10 ਸਾਲ ਵਿਚ ਤਿੰਨ ਲੱਖ ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਪਿਛਲੇ ਦਹਾਕੇ ਦੇ ਮੁਕਾਬਲੇ ਰਿਲਾਇੰਸ ਆਉਣ ਵਾਲੇ ਦੱਸ ਸਾਲ ਵਿਚ ਅਪਣੇ ਨਿਵੇਸ਼ ਅਤੇ ਰੁਜ਼ਗਾਰ ਦੀ ਗਿਣਤੀ ਨੂੰ ਦੁਗਣਾ ਕਰੇਗੀ। ਇਸ ਤੋਂ ਇਲਾਵਾ ਰਿਲਾਇੰਸ ਫਾਉਂਡੇਸ਼ਨ ਗੁਜਰਾਤ ਵਿਚ ਪੰਡਤ ਦੀਨਦਿਆਲ ਯੂਨੀਵਰਸਿਟੀ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਲਈ 150 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਅੰਬਾਨੀ ਨੇ ਕਿਹਾ ਕਿ ਜਿਓ ਦਾ ਨੈਟਵਰਕ 5ਜੀ ਸੇਵਾਵਾਂ ਲਈ ਤਿਆਰ ਹੈ।

ਇਸ ਲਈ ਹੁਣ ਉਸ ਦੀ ਦੂਰਸੰਚਾਰ ਇਕਾਈ ਅਤੇ ਖੁਦਰਾ ਕਾਰੋਬਾਰ ਇਕਾਈ ਮਿਲ ਕੇ ਇਕ ਨਵਾਂ ਵਪਾਰਕ ਮੰਚ ਤਿਆਰ ਕਰੇਗੀ ਜੋ ਛੋਟੇ ਖੁਦਰਾ ਵਪਾਰੀਆਂ, ਦੁਕਾਨਦਾਰਾਂ ਅਤੇ ਗਾਹਕਾਂ ਨੂੰ ਆਪਸ ਵਿਚ ਜੋੜੇਗਾ। ਅੰਬਾਨੀ ਨੇ ਕਿਹਾ ਕਿ ਜਾਮਨਗਰ ਸਥਿਤ ਕੰਪਨੀ ਦੀਆਂ ਦੋਵੇਂ ਰਿਫਾਇਨਰੀਆਂ ਹੁਣ ਘੱਟ ਬਾਲਣ ਅਤੇ ਪੈਟਰੋਕੈਮਿਕਲਜ਼ ਵਰਗੇ ਵਧੇਰੇ ਬਾਲਣ ਵਾਲੇ ਉਤਪਾਦਾਂ ਦਾ ਉਤਪਾਦਨ ਕਰਨਗੀਆਂ, ਕਿਉਂਕਿ ਦੁਨੀਆਂ ਹੁਣ ਇਲੈਕਟ੍ਰਿਕ ਵਾਹਨਾਂ ਵੱਲ ਵੱਧ ਰਹੀ ਹੈ।