ਸ਼ੇਅਰ ਬਜ਼ਾਰ ‘ਚ ਭੂਚਾਲ ਤੋਂ ਬਾਅਦ ਹੁਣ ਰੁਪਏ ਵਿਚ ਆਈ ਭਾਰੀ ਗਿਰਾਵਟ, ਆਮ ਆਦਮੀ ‘ਤੇ ਹੋਵੇਗਾ ਇਹ ਅਸਰ

ਏਜੰਸੀ

ਖ਼ਬਰਾਂ, ਵਪਾਰ

ਕੋਰੋਨਾ ਦੇ ਕਹਿਰ ਦਾ ਅਸਰ ਹੁਣ ਭਾਰਤੀ ਅਰਥ ਵਿਵਸਥਾ ‘ਤੇ ਬਹੁਤ ਬੁਰਾ ਪੈ ਰਿਹਾ ਹੈ। ਪਹਿਲਾਂ ਸ਼ੇਅਰ ਬਜ਼ਾਰ ਅਤੇ ਹੁਣ ਰੁਪਏ ਵਿਚ ਤੇਜ਼ ਗਿਰਾਵਟ ਦਰਜ ਕੀਤੀ ਗਈ ਹੈ।

Photo

ਮੁੰਬਈ: ਕੋਰੋਨਾ ਦੇ ਕਹਿਰ ਦਾ ਅਸਰ ਹੁਣ ਭਾਰਤੀ ਅਰਥ ਵਿਵਸਥਾ ‘ਤੇ ਬਹੁਤ ਬੁਰਾ ਪੈ ਰਿਹਾ ਹੈ। ਪਹਿਲਾਂ ਸ਼ੇਅਰ ਬਜ਼ਾਰ ਅਤੇ ਹੁਣ ਰੁਪਏ ਵਿਚ ਤੇਜ਼ ਗਿਰਾਵਟ ਦਰਜ ਕੀਤੀ ਗਈ ਹੈ। ਵੀਰਵਾਰ ਨੂੰ ਭਾਰਤੀ ਰੁਪਇਆ ਪਹਿਲੀ ਵਾਰ 75 ਪ੍ਰਤੀ ਡਾਲਰ ਤੋਂ ਹੇਠਾਂ ਆ ਗਿਆ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਅਤੇ ਅਰਥ ਵਿਵਸਥਾ ‘ਤੇ ਇਸ ਦੇ ਅਸਰ ਦੇ ਮੱਦੇਨਜ਼ਰ ਨਿਵੇਸ਼ਕਾਂ ਨੇ ਤੇਜ਼ੀ ਨਾਲ ਵਿਕਰੀ ਕੀਤੀ, ਜਿਸ ਦਾ ਨਕਾਰਾਤਮਕ ਅਸਰ ਰੁਪਏ ‘ਤੇ ਦੇਖਣ ਨੂੰ ਮਿਲਿਆ।

ਸਿਹਤ ਮੰਤਰਾਲੇ ਅਨੁਸਾਰ ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਕੇ 169 ਹੋ ਗਏ ਹਨ। ਕਾਰੋਬਾਰੀਆਂ ਮੁਤਾਬਕ ਨਿਵੇਸ਼ਕਾਂ ਵਿਚ ਬੇਚੈਨੀ ਹੈ ਕਿਉਂਕਿ ਦੁਨੀਆ ਦੇ ਦੂਜੇ ਦੇਸ਼ਾਂ ਦੇ ਨਾਲ ਹੀ ਘਰੇਲੂ ਅਰਥ ਵਿਵਸਥਾ ਵੀ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਗਹਿਰੇ ਸੰਕਟ ਵਿਚ ਡਿੱਗਦੀ ਹੋਈ ਦਿਖ ਰਹੀ ਹੈ। ਇਸ ਬਿਮਾਰੀ ਦੇ ਚਲਦੇ ਦੁਨੀਆ ਭਰ ਵਿਚ ਲਗਭਗ 9 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੱਖਾਂ ਲੋਕ ਬਿਮਾਰ ਹਨ।

ਘਰੇਲੂ ਸ਼ੇਅਰ ਬਜ਼ਾਰ ਵਿਚ ਤੇਜ਼ ਗਿਰਾਵਟ ਅਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਵਿਕਰੀ ਕਾਰੋਬਾਰੀਆਂ ਦੀ ਚਿੰਤਾ ਵਧਾ ਰਹੀ ਹੈ। ਇਹਨਾਂ ਹਾਲਾਤਾਂ ਵਿਚ ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਇਆ ਪਿਛਲੇ ਪੱਧਰ ਦੇ ਮੁਕਾਬਲੇ ਵੀਰਵਾਰ ਨੂੰ 70 ਪੈਸੇ ਦੀ ਕਮਜ਼ੋਰੀ ਦੇ ਨਾਲ 74.96 ਦੇ ਪੱਧਰ ‘ਤੇ ਖੁੱਲ੍ਹਿਆ। ਰੁਪਇਆ ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ 74.26 ‘ਤੇ ਬੰਦ ਹੋਇਆ ਸੀ।

ਰੈਲੀਗੇਅਰ ਬਰੋਕਿੰਗ ਵਿਖੇ ਮੈਟਲ, ਊਰਜਾ ਅਤੇ ਕਰੰਸੀ ਰਿਸਰਚ ਦੀ ਉਪ ਪ੍ਰਧਾਨ ਸੁਗੰਧਾ ਸਚਦੇਵਾ ਦਾ ਕਹਿਣਾ ਹੈ ਕਿ ਸਥਾਨਕ ਮੁਦਰਾ ਨੂੰ 74.50 ਦੇ ਕਰੀਬ ਇਕ ਮਹੱਤਵਪੂਰਣ ਸਮਰਥਨ ਹਾਸਲ ਹੈ ਅਤੇ ਇਸ ਦੇ ਟੁੱਟਣ ‘ਤੇ ਰੁਪਇਆ ਹੋਰ ਕਮਜ਼ੋਰ ਹੋਵੇਗਾ। ਅਰਥ ਵਿਵਸਥਾ ਵਿਚ ਗਿਰਾਵਟ ਅਤੇ ਕੋਰੋਨਾ ਵਾਇਰਸ ਮਹਾਮਾਰੀ ਚਲਦੇ ਘਰੇਲੂ ਮੁਦਰਾ ਲਈ ਵਿਆਪਕ ਰੁਝਾਨ ਕਮਜ਼ੋਰ ਬਣੇ ਰਹਿਣਗੇ।

ਰੁਪਏ ਦੇ ਲਗਾਤਾਰ ਕਮਜ਼ੋਰ ਹੋਣ ਦਾ ਸਭ ਤੋਂ ਵੱਡਾ ਕਾਰਨ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਹਨ। ਭਾਰਤ ਕੱਚੇ ਤੇਲ ਦੇ ਵੱਡੇ ਆਯਾਤਕਾਰਾਂ ਵਿਚੋਂ ਇਕ ਹੈ। ਭਾਰਤ ਜ਼ਿਆਤਾ ਤੇਲ ਦਰਾਮਦ ਕਰਦਾ ਹੈ ਅਤੇ ਇਸ ਦਾ ਬਿਲ ਵੀ ਉਸ ਨੂੰ ਡਾਲਰ ਵਿਚ ਭਰਨਾ ਪੈਂਦਾ ਹੈ।