ਸੈਂਸੈਕਸ ’ਚ ਚਾਰ ਦਿਨਾਂ ਦੀ ਗਿਰਾਵਟ ਦਾ ਸਿਲਸਿਲਾ ਰੁਕਿਆ, ਸਵੇਰੇ ਡਿੱਗਣ ਤੋਂ ਬਾਅਦ ਸ਼ਾਮ ਨੂੰ 599 ਅੰਕ ਚੜ੍ਹਿਆ

ਏਜੰਸੀ

ਖ਼ਬਰਾਂ, ਵਪਾਰ

ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 599.34 ਅੰਕ ਯਾਨੀ 0.83 ਫੀ ਸਦੀ ਦੀ ਤੇਜ਼ੀ ਨਾਲ 73,088.33 ਅੰਕ ’ਤੇ ਬੰਦ ਹੋਇਆ

Stock market

ਮੁੰਬਈ: ਬੈਂਕ ਅਤੇ ਆਟੋ ਸ਼ੇਅਰਾਂ ’ਚ ਖਰੀਦਦਾਰੀ ਵਧਣ ਨਾਲ ਘਰੇਲੂ ਸ਼ੇਅਰ ਬਾਜ਼ਾਰ ਸ਼ੁਕਰਵਾਰ ਨੂੰ ਸ਼ੁਰੂਆਤੀ ਹੇਠਲੇ ਪੱਧਰ ਤੋਂ ਉਭਰ ਕੇ ਤੇਜ਼ੀ ਨਾਲ ਬੰਦ ਹੋਇਆ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 599.34 ਅੰਕ ਯਾਨੀ 0.83 ਫੀ ਸਦੀ ਦੀ ਤੇਜ਼ੀ ਨਾਲ 73,088.33 ਅੰਕ ’ਤੇ ਬੰਦ ਹੋਇਆ। ਹਾਲਾਂਕਿ ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ 672.53 ਅੰਕ ਯਾਨੀ 0.92 ਫੀ ਸਦੀ ਡਿੱਗ ਕੇ 71,816.46 ਦੇ ਹੇਠਲੇ ਪੱਧਰ ’ਤੇ ਖੁੱਲ੍ਹਿਆ। ਪਰ ਬੈਂਕ ਸ਼ੇਅਰਾਂ ’ਚ ਖਰੀਦਦਾਰੀ ਕਾਰਨ ਸੈਂਸੈਕਸ ਗਤੀ ਫੜਨ ’ਚ ਕਾਮਯਾਬ ਰਿਹਾ। 

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 151.15 ਅੰਕ ਯਾਨੀ 0.69 ਫੀ ਸਦੀ ਦੇ ਵਾਧੇ ਨਾਲ 22,147 ਦੇ ਪੱਧਰ ’ਤੇ ਬੰਦ ਹੋਇਆ। ਸ਼ੁਰੂਆਤੀ ਕਾਰੋਬਾਰ ’ਚ ਇਹ 21,777.65 ਦੇ ਹੇਠਲੇ ਪੱਧਰ ’ਤੇ ਆ ਗਿਆ ਪਰ ਬਾਅਦ ’ਚ ਇਹ ਵਾਧੇ ਨਾਲ ਬੰਦ ਹੋਇਆ। 

ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਵਿਸ਼ਵ ਪੱਧਰ ’ਤੇ ਕਮਜ਼ੋਰ ਰੁਝਾਨ ਦੇ ਬਾਵਜੂਦ ਭਾਰਤੀ ਬਾਜ਼ਾਰ ਉਤਸ਼ਾਹਿਤ ਸਨ ਕਿਉਂਕਿ ਈਰਾਨ ਵਿਰੁਧ ਇਜ਼ਰਾਈਲ ਦੀ ਕਾਰਵਾਈ ਤੋਂ ਬਾਅਦ ਤਣਾਅ ਵਧਣ ਦਾ ਡਰ ਸੀਮਤ ਸੀ। ਖਾਸ ਤੌਰ ’ਤੇ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਮਜ਼ਬੂਤ ਰਿਕਵਰੀ ਵੇਖਣ ਨੂੰ ਮਿਲੀ। ਹਾਲਾਂਕਿ, ਤੇਲ ਦੀਆਂ ਉੱਚੀਆਂ ਕੀਮਤਾਂ ਮਹਿੰਗਾਈ ਦੇ ਜੋਖਮ ਬਣਿਆ ਹੋਇਆ ਹੈ।

ਇਸ ਦੇ ਨਾਲ ਹੀ ਪਿਛਲੇ ਚਾਰ ਕਾਰੋਬਾਰੀ ਸੈਸ਼ਨਾਂ ਤੋਂ ਦੋਹਾਂ ਪ੍ਰਮੁੱਖ ਸੂਚਕਾਂਕਾਂ ’ਚ ਗਿਰਾਵਟ ਰੁਕ ਗਈ। ਇਸ ਦੇ ਬਾਵਜੂਦ ਦੋਵੇਂ ਸੂਚਕਾਂਕ ਨੇ ਕਾਰੋਬਾਰੀ ਹਫਤੇ ਦੀ ਸਮਾਪਤੀ ਮਹੱਤਵਪੂਰਨ ਗਿਰਾਵਟ ਨਾਲ ਕੀਤੀ। ਸੈਂਸੈਕਸ ’ਚ 1,156.57 ਅੰਕ ਯਾਨੀ 1.55 ਫੀ ਸਦੀ ਦੀ ਗਿਰਾਵਟ ਆਈ, ਜਦਕਿ ਨਿਫਟੀ ’ਚ 372.4 ਅੰਕ ਯਾਨੀ 1.65 ਫੀ ਸਦੀ ਦੀ ਗਿਰਾਵਟ ਆਈ। 

ਸੈਂਸੈਕਸ ’ਚ ਬਜਾਜ ਫਾਈਨਾਂਸ, ਮਹਿੰਦਰਾ ਐਂਡ ਮਹਿੰਦਰਾ, ਐਚ.ਡੀ.ਐਫ.ਸੀ. ਬੈਂਕ, ਜੇ.ਐਸ.ਡਬਲਯੂ. ਸਟੀਲ, ਮਾਰੂਤੀ, ਵਿਪਰੋ, ਭਾਰਤੀ ਏਅਰਟੈੱਲ, ਬਜਾਜ ਫਿਨਸਰਵ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਆਈ.ਟੀ. ਸੀ ਦੇ ਸ਼ੇਅਰਾਂ ’ਚ ਵਾਧਾ ਦਰਜ ਕੀਤਾ ਗਿਆ। 

ਦੂਜੇ ਪਾਸੇ ਨੈਸਲੇ ਇੰਡੀਆ, ਐਚਸੀਐਲ ਟੈਕਨੋਲੋਜੀਜ਼, ਲਾਰਸਨ ਐਂਡ ਟੂਬਰੋ, ਟਾਟਾ ਕੰਸਲਟੈਂਸੀ ਸਰਵਿਸਿਜ਼, ਟਾਟਾ ਮੋਟਰਜ਼ ਅਤੇ ਇਨਫੋਸਿਸ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ। ਵਿੱਤੀ ਸਾਲ 2024-25 ਲਈ ਕੰਪਨੀ ਦੇ ਮਾਲੀਆ ਵਾਧੇ ਦਾ ਅਨੁਮਾਨ ਬਾਜ਼ਾਰ ਦੀਆਂ ਉਮੀਦਾਂ ’ਤੇ ਖਰਾ ਨਾ ਉਤਰਨ ਕਾਰਨ ਇਨਫੋਸਿਸ ਦਾ ਸ਼ੇਅਰ ਲਗਭਗ 1 ਫੀ ਸਦੀ ਡਿੱਗ ਗਿਆ। 

ਐਚਡੀਐਫਸੀ ਸਕਿਓਰਿਟੀਜ਼ ਦੇ ਪ੍ਰਚੂਨ ਖੋਜ ਮੁਖੀ ਦੀਪਕ ਜਸਾਨੀ ਨੇ ਕਿਹਾ, ‘‘ਨਿਫਟੀ ਚਾਰ ਸੈਸ਼ਨਾਂ ਦੀ ਗਿਰਾਵਟ ਦੇ ਸਿਲਸਿਲੇ ਨੂੰ ਰੋਕਣ ’ਚ ਸਫਲ ਰਿਹਾ ਅਤੇ ਵਾਧੇ ਨਾਲ ਬੰਦ ਹੋਇਆ।’’ ਬੀ.ਐਸ.ਈ. ਦਾ ਮਿਡਕੈਪ ਇੰਡੈਕਸ 0.39 ਫੀ ਸਦੀ ਅਤੇ ਸਮਾਲਕੈਪ ਇੰਡੈਕਸ 0.04 ਫੀ ਸਦੀ ਡਿੱਗਿਆ ਹੈ। ਖੇਤਰੀ ਸੂਚਕਾਂਕ ’ਚ ਬੈਂਕ ਖੇਤਰ 1.02 ਫੀ ਸਦੀ ਅਤੇ ਮੈਟਲ 0.85 ਫੀ ਸਦੀ ਵਧਿਆ। ਵਿੱਤੀ ਸੇਵਾਵਾਂ ਦੇ ਖੇਤਰ ’ਚ ਵੀ 0.83 ਫੀ ਸਦੀ ਦਾ ਵਾਧਾ ਹੋਇਆ ਪਰ ਆਈ.ਟੀ. ਅਤੇ ਦੂਰਸੰਚਾਰ ਖੇਤਰ ’ਚ ਗਿਰਾਵਟ ਆਈ। 

ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗਸੇਂਗ ਗਿਰਾਵਟ ਨਾਲ ਬੰਦ ਹੋਏ। ਯੂਰਪ ਦੇ ਬਾਜ਼ਾਰਾਂ ’ਚ ਵੀ ਸ਼ੁਰੂਆਤੀ ਕਾਰੋਬਾਰ ’ਚ ਗਿਰਾਵਟ ਦਰਜ ਕੀਤੀ ਗਈ। ਜ਼ਿਆਦਾਤਰ ਅਮਰੀਕੀ ਬਾਜ਼ਾਰ ਵੀਰਵਾਰ ਨੂੰ ਗਿਰਾਵਟ ਨਾਲ ਬੰਦ ਹੋਏ। 

ਕੌਮਾਂਤਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.55 ਫੀ ਸਦੀ ਦੀ ਤੇਜ਼ੀ ਨਾਲ 87.62 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਵੀਰਵਾਰ ਨੂੰ 4,260.33 ਕਰੋੜ ਰੁਪਏ ਦੇ ਸ਼ੇਅਰ ਵੇਚੇ।