ਏਅਰਟੈਲ ਨੂੰ ਪਛਾੜ ਰਿਲਾਇੰਸ ਜਿਓ ਮੋਬਾਈਲ ਸੇਵਾ ਕੰਪਨੀਆਂ 'ਚੋਂ ਦੂਜੇ ਨੰਬਰ 'ਤੇ ਪਹੁੰਚੀ

ਏਜੰਸੀ

ਖ਼ਬਰਾਂ, ਵਪਾਰ

ਰਿਲਾਇੰਸ ਜਿਓ ਦੇ ਗਾਹਕਾਂ ਦੀ ਗਿਣਤੀ 32.29 ਕਰੋੜ ਹੋਈ

Reliance Jio overtakes Bharti Airtel to become India's 2nd-largest operator

ਨਵੀਂ ਦਿੱਲੀ : ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਓ ਮੋਬਾਈਲ ਸੇਵਾ ਪ੍ਰਦਾਤਾ ਕੰਪਨੀਆਂ 'ਚੋਂ ਏਅਰਟੈਲ ਨੂੰ ਪਿੱਛੇ ਛੱਡਦੇ ਹੋਏ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਟੀ (ਟਰਾਈ) ਨੇ ਨਵੀਨਤਮ ਅੰਕੜਿਆਂ ਅਨੁਸਾਰ ਮਈ ਮਹੀਨੇ 'ਚ ਰਿਲਾਇੰਸ ਜਿਓ ਦੇ ਗਾਹਕਾਂ ਦੀ ਗਿਣਤੀ 32 ਕਰੋੜ 29 ਲੱਖ ਹੋ ਗਈ ਹੈ ਜਦੋਂਕਿ ਮੋਬਾਈਲ ਸੇਵਾ ਖੇਤਰ 'ਚ ਕੰਪਨੀ ਦਾ ਬਾਜ਼ਾਰ ਹਿੱਸਾ ਇਕ ਚੌਥਾਈ ਤੋਂ ਜ਼ਿਆਦਾ 27.80 ਫ਼ੀ ਸਦੀ ਤੇ ਪਹੁੰਚ ਗਿਆ ਹੈ।

ਰਿਲਾਇੰਸ ਜਿਓ ਦੇ ਨਾਲ ਮਈ ਮਹੀਨੇ ਦੇ ਦੌਰਾਨ 81.80 ਲੱਖ ਨਵੇਂ ਗਾਹਕ ਜੁੜੇ। ਰਿਲਾਇੰਸ ਜਿਓ ਨੇ ਦੇਸ਼ ਦੇ ਉੱਚ ਵਿਰੋਧੀ ਮੋਬਾਈਲ ਸੰਚਾਲਨ ਖੇਤਰ 'ਚ ਇਹ ਉਪਲੱਬਧੀ ਤਿੰਨ ਸਾਲ ਤੋਂ ਘਟ ਸਮੇਂ 'ਚ ਹਾਸਲ ਕੀਤੀ ਹੈ। ਕੰਪਨੀ ਨੇ ਸਤੰਬਰ 2016 'ਚ ਮੋਬਾਈਲ ਫ਼ੋਨ ਆਪਰੇਟਰ ਦੇ ਖੇਤਰ 'ਚ ਕਦਮ ਰਖਿਆ ਸੀ ਜਦੋਂਕਿ ਏਅਰਟੈਲ 1995 ਤੋਂ ਕੰਮ ਕਰ ਰਹੀ ਹੈ। ਟਰਾਈ ਅੰਕੜਿਆਂ ਮੁਤਾਬਕ ਪਿਛਲੇ ਸਾਲ ਮੋਬਾਇਲ ਸੇਵਾ ਖੇਤਰ ਦੇ ਦੋ ਪੁਰਾਣੇ ਖਿਡਾਰੀ ਵੋਡਾਫ਼ੋਨ ਇੰਡੀਆ ਅਤੇ ਆਈਡੀਆ ਸੈਲੂਲਰ ਦਾ ਮਰਜ਼ਰ ਹੋਇਆ ਸੀ ਅਤੇ ਇਸ ਦੇ ਨਤੀਜੇ ਵਜੋਂ ਵੋਡਾਫੋਨ ਆਈਡੀਆ ਦਾ ਗਠਨ ਕੀਤਾ ਗਿਆ।

ਵੋਡਾਫ਼ੋਨ ਆਈਡੀਆ 38 ਕਰੋੜ 75 ਲੱਖ ਗਾਹਕਾਂ ਦੇ ਨਾਲ ਮੋਬਾਈਲ ਸੇਵਾ ਖੇਤਰ ਦੀ ਮੁੱਖ ਕੰਪਨੀ ਹੈ। ਇਸ ਦਾ ਬਾਜ਼ਾਰ ਹਿੱਸਾ ਇਸ ਸਾਲ ਮਈ ਮਹੀਨੇ ਦੇ ਖਤਮ 'ਤੇ 33.36 ਫ਼ੀ ਸਦੀ ਰਿਹਾ। ਸੁਨੀਲ ਮਿੱਤਲ ਦੀ ਭਾਰਤੀ ਏਅਰਟੈਲ ਮਈ 'ਚ ਤੀਜੇ ਸਥਾਨ 'ਤੇ ਪਹੁੰਚ ਗਈ। ਕੰਪਨੀ 'ਚ ਗਾਹਕਾਂ ਦੀ ਗਿਣਤੀ 32.02 ਕਰੋੜ ਅਤੇ ਬਾਜ਼ਾਰ ਹਿੱਸਾ 27.58 ਫ਼ੀ ਸਦੀ ਹੈ। ਇਸ ਸਾਲ ਅਪ੍ਰੈਲ 'ਚ ਏਅਰਟੈਲ ਨੇ ਗਾਹਕਾਂ ਦੀ ਗਿਣਤੀ 32 ਕਰੋੜ 18 ਲੱਖ ਅਤੇ ਬਾਜ਼ਾਰ ਹਿੱਸਾ 27.69 ਫ਼ੀ ਸਦੀ ਸੀ।