ਨਿਰਮਲਾ ਸੀਤਾਰਮਣ ਅਤੇ ਕਿਰਣ ਮਜੂਮਦਾਰ ਵਿਚਕਾਰ ਟਵਿਟਰ ਵਾਰ

ਏਜੰਸੀ

ਖ਼ਬਰਾਂ, ਵਪਾਰ

ਪੁੱਛਿਆ - 'ਈ-ਸਿਗਰੇਟ 'ਤੇ ਪਾਬੰਦੀ ਦਾ ਐਲਾਨ ਵੀ ਵਿੱਤ ਮੰਤਰੀ ਕਰਨਗੇ?'

Twitter war between Nirmala Sitharaman And Kiran Mazumdar Shaw

ਨਵੀਂ ਦਿੱਲੀ : ਬਾਈਓਫ਼ਾਰਮਾਸੂਟਿਕਲ ਇੰਟਰਪ੍ਰਾਈਜ਼ਿਸ ਬਾਈਓਕਾਨ ਦੀ ਚੇਅਰਪਰਸਨ ਕਿਰਣ ਮਜੂਮਦਾਰ ਸ਼ਾਅ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਿਚਕਾਰ ਟਵਿਟਰ 'ਤੇ ਬਹਿਸ ਛਿੜ ਗਈ। ਕਿਰਣ ਮਜੂਮਦਾਰ ਨੇ ਬੁਧਵਾਰ ਨੂੰ ਅਰਥਚਾਰੇ ਅਤੇ ਈ-ਸਿਗਰੇਟ 'ਤੇ ਪਾਬੰਦੀ ਲਗਾਉਣ ਦੇ ਮੁੱਦੇ 'ਤੇ ਸਵਾਲ ਚੁੱਕੇ। ਮਜੂਮਦਾਰ ਨੇ ਪੁੱਛਿਆ ਕਿ ਅਰਥਚਾਰੇ 'ਚ ਸੁਧਾਰ ਲਈ ਕੀ ਕਦਮ ਚੁੱਕੇ ਜਾ ਰਹੇ ਹਨ? ਵਿੱਤ ਮੰਤਰੀ ਨੇ ਵੀਰਵਾਰ ਨੂੰ ਜਵਾਬ ਦਿੰਦਿਆਂ ਕਿਹਾ, "ਪਿਛਲੇ ਦਿਨੀਂ ਤੁਸੀ ਵੇਖਿਆ ਹੋਵੇਗਾ ਕਿ ਮੈਂ ਇਸ 'ਤੇ ਕੰਮ ਕਰ ਰਹੀ ਹਾਂ। ਅਰਥਚਾਰੇ ਨਾਲ ਸਬੰਧਤ ਜਿਹੜੇ ਵੀ ਸਹੀ ਕਦਮ ਚੁੱਕੇ ਜਾ ਰਹੇ ਹਨ, ਉਨ੍ਹਾਂ ਬਾਰੇ ਲਗਾਤਾਰ ਦੱਸ ਰਹੀ ਹਾਂ।"

ਵਿੱਤ ਮੰਤਰੀ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਕੈਬਨਿਟ ਨੇ ਈ-ਸਿਗਰੇਟ 'ਤੇ ਪਾਬੰਦੀ ਲਗਾਉਣ ਨੂੰ ਮਨਜੂਰੀ ਦੇ ਦਿੱਤੀ। ਇਸ 'ਤੇ ਮਜੂਮਦਾਰ ਨੇ ਸਵਾਲ ਚੁੱਕਿਆ ਕਿ ਫ਼ੈਸਲੇ ਦੀ ਜਾਣਕਾਰੀ ਸਿਹਤ ਮੰਤਰੀ ਨੇ ਕਿਉਂ ਦਿੱਤੀ ਸੀ? ਵਿੱਤ ਮੰਤਰੀ ਨੇ ਕਿਹਾ, "ਪ੍ਰੈਸ ਕਾਨਫ਼ਰੰਸ ਕੈਬਨਿਟ ਦੇ ਫ਼ੈਸਲੇ ਦੱਸਣ ਲਈ ਸੱਦੀ ਗਈ ਸੀ। ਮੈਂ ਈ-ਸਿਗਰੇਟ ਦੇ ਮੁੱਦੇ 'ਤੇ ਮੰਤਰੀ ਸਮੂਹ ਦੀ ਮੁਖੀ ਵਜੋਂ ਮੌਜੂਦ ਸੀ। ਸਿਹਤ ਮੰਤਰੀ ਡਾ. ਹਰਸ਼ਵਰਧਨ ਇਕ ਕੌਮਾਂਤਰੀ ਮੀਟਿੰਗ ਲਈ ਦੇਸ਼ ਤੋਂ ਬਾਹਰ ਹਨ। ਲੋੜ ਪੈਣ 'ਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਡਕਰ ਨਾਲ ਹੋਰ ਕੈਬਨਿਟ ਮੰਤਰੀ ਮੌਜੂਦ ਰਹਿੰਦੇ ਹਨ। ਬਾਕੀ ਵੇਰਵਾ ਦੇਣ ਲਈ ਮੇਰੇ ਨਾਲ ਸਿਹਤ ਸਕੱਤਰ ਵੀ ਮੌਜੂਦ ਸਨ। ਇਹ ਸਰਕਾਰੀ ਪ੍ਰੈਸ ਕਾਨਫ਼ਰੰਸ ਦੇ ਪ੍ਰੋਟੋਕਾਲ ਹਨ, ਜਿਨ੍ਹਾਂ ਨੂੰ ਤੁਸੀ ਸਮਝਦੇ ਹੋਵੇਗੇ।"

ਕਿਰਣ ਮਜੂਮਦਾਰ ਨੇ ਸੀਤਾਰਮਣ ਦੇ ਜਵਾਬ 'ਤੇ ਪ੍ਰਤੀਕਿਰਿਆ 'ਚ ਕਿਹਾ, "ਮੈਂ ਹੁਣ ਸਮਝ ਗਈ ਹਾਂ। ਮੈਂ ਗਲਤੀ ਸੁਧਾਰ ਲਈ। ਭੁਲੇਖਾ ਦੂਰ ਕਰਨ ਲਈ ਤੁਹਾਡਾ ਧੰਨਵਾਦ। ਤੁਸੀ ਜਵਾਬ ਦਿੱਤਾ, ਇਸ ਦੇ ਲਈ ਸ਼ੁਕਰਗੁਜ਼ਾਰ ਹਾਂ।"