ਸਰਕਾਰ ਨੇ ਬੈਂਕਾਂ ਨੂੰ ਦਿਤਾ ਨਿਰਦੇਸ਼- ਜੈੱਟ ਏਅਰਵੇਜ਼ ਨੂੰ ਦੀਵਾਲੀਆ ਹੋਣ ਤੋਂ ਬਚਾਓ

ਏਜੰਸੀ

ਖ਼ਬਰਾਂ, ਵਪਾਰ

ਭਾਰਤ ਵਿਚ ਐਵੀਏਸ਼ਨ ਸੈਕਟਰ ਵਿਚ ਲਗਭੱਗ 10 ਲੱਖ ਲੋਕਾਂ ਨੂੰ ਮਿਲਿਆ ਹੋਇਆ ਹੈ ਰੋਜ਼ਗਾਰ

Jet Airways

ਨਵੀਂ ਦਿੱਲੀ : ਸਰਕਾਰ ਨੇ ਸਰਕਾਰੀ ਬੈਂਕਾਂ ਨੂੰ ਕਿਹਾ ਹੈ ਕਿ ਉਹ ਜੈੱਟ ਏਅਰਵੇਜ਼ ਨੂੰ ਦੀਵਾਲੀਆ ਹੋਣ ਤੋਂ ਬਚਾਉਣ। ਸੂਤਰਾਂ ਦੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਚਾਹੁੰਦੇ ਹਨ ਕਿ ਲੋਕਸਭਾ ਚੋਣਾਂ ਦੇ ਸਮੇਂ ਹਜ਼ਾਰਾਂ ਲੋਕਾਂ ਦੀ ਨੌਕਰੀ ਜਾਵੇ। ਸੂਤਰਾਂ ਨੇ ਦੱਸਿਆ ਕਿ ਸਰਕਾਰ ਦੇ ਕਹਿਣ ਉਤੇ ਹੀ ਬੈਂਕ ਜੈੱਟ ਦੇ ਕਰਜ਼ ਨੂੰ ਇਕਵਿਟੀ ਵਿਚ ਬਦਲ ਰਹੇ ਹਨ। ਇਹ ਕਦਮ ਫ਼ਿਲਹਾਲ ਜੈੱਟ ਨੂੰ ਦੀਵਾਲਿਆ ਹੋਣ ਤੋਂ ਬਚਾਉਣ ਲਈ ਚੁੱਕਿਆ ਜਾ ਰਿਹਾ ਹੈ। ਹਾਲਤ ਠੀਕ ਹੋਣ ਉਤੇ ਬੈਂਕ ਅਪਣੇ ਸ਼ੇਅਰ ਵੇਚ ਸਕਣਗੇ।

ਇਕ ਹੋਰ ਸੂਤਰ ਨੇ ਦੱਸਿਆ ਕਿ ਸਰਕਾਰ ਦੇ 49 % ਸਵਾਮਿਤਵ ਵਾਲੇ ਨੈਸ਼ਨਲ ਇੰਨਵੈਸਟਮੈਂਟ ਐਂਡ ਇੰਫ਼ਰਾਸਟਰਕਚਰ ਫੰਡ (ਐਨਆਈਆਈਐਫ਼) ਨੂੰ ਵੀ ਜੈੱਟ ਵਿਚ ਹਿੱਸੇਦਾਰੀ ਖਰੀਦਣ ਨੂੰ ਕਿਹਾ ਹੈ। ਇਸ ਵਿਚ ਮੰਤਰੀ ਸੁਰੇਸ਼ ਪ੍ਰਭੂ ਨੇ ਮੰਤਰਾਲੇ ਦੇ ਸਕੱਤਰ ਨੂੰ ਐਮਰਜੈਂਸੀ ਬੈਠਕ ਬੁਲਾਉਣ ਨੂੰ ਕਿਹਾ ਹੈ। ਭਾਰਤ ਵਿਚ ਐਵੀਏਸ਼ਨ ਸੈਕਟਰ ਵਿਚ ਲਗਭੱਗ 10 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ ਪਰ ਜੇਕਰ ਚੋਣਾਂ ਤੋਂ ਪਹਿਲਾਂ ਭਾਰਤ ਦੀ ਦੂਜੀ ਸਭ ਤੋਂ ਵੱਡੀ ਐਵੀਏਸ਼ਨ ਕੰਪਨੀ ਦੀਵਾਲੀਆ ਹੋ ਜਾਂਦੀ ਹੈ ਅਤੇ

ਇਸ ਨਾਲ ਲੋਕਾਂ ਦਾ ਰੋਜ਼ਗਾਰ ਖੋਹਿਆ ਜਾਂਦਾ ਹੈ ਤਾਂ ਇਹ ਗੱਲ ਸਰਕਾਰ ਦੇ ਵਿਰੁਧ ਜਾ ਸਕਦੀ ਹੈ। ਜੈੱਟ ਏਅਰਵੇਜ਼ ਦੇ ਪਾਇਲਟਾਂ ਨੇ ਚਿਤਾਵਨੀ ਦਿਤੀ ਹੈ ਕਿ 31 ਮਾਰਚ ਤੱਕ ਉਨ੍ਹਾਂ ਦੀ ਬਕਾਇਆ ਤਨਖ਼ਾਹ ਨਾ ਮਿਲੀ ਤਾਂ ਉਹ 1 ਅਪ੍ਰੈਲ ਤੋਂ ਉਡ਼ਾਣ ਬੰਦ ਕਰ ਦੇਣਗੇ। ਜੈੱਟ ਦੇ ਘਰੇਲੂ ਪਾਇਲਟਾਂ ਦੇ ਸੰਘ ਨੈਸ਼ਨਲ ਐਵੀਏਟਰਸ ਗਿਲਡ ਨੇ ਮੰਗਲਵਾਰ ਨੂੰ ਹੋਈ ਸਾਲਾਨਾ ਬੈਠਕ ਤੋਂ ਬਾਅਦ ਇਹ ਫ਼ੈਸਲਾ ਲਿਆ।  ਬੈਠਕ 90 ਮਿੰਟ ਤੱਕ ਚੱਲੀ। ਗਿਲਡ ਨੇ ਕਿਹਾ ਕਿ ਪਾਇਲਟ ਅਤੇ ਹੋਰ ਸਟਾਫ਼ ਨੂੰ ਦਸੰਬਰ ਤੋਂ ਹੀ ਪੂਰੀ ਸੈਲਰੀ ਨਹੀਂ ਮਿਲ ਰਹੀ ਹੈ।

ਸੈਲਰੀ ਨੂੰ ਲੈ ਕੇ ਮੈਨੇਜਮੈਂਟ ਨੂੰ ਕੋਈ ਭਰੋਸਾ ਨਾ ਮਿਲਣ ਤੋਂ ਬਾਅਦ ਗਿਲਡ ਨੇ ਪਿਛਲੇ ਹਫ਼ਤੇ ਕੇਂਦਰੀ ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੂੰ ਪੱਤਰ ਲਿਖ ਕੇ ਮਾਮਲੇ ਵਿਚ ਦਖ਼ਲ ਦੇਣ ਦੀ ਮੰਗ ਕੀਤੀ ਸੀ। ਜੈੱਟ ਏਅਰਵੇਜ਼ ਦੇ ਮੈਂਟੀਨੈਂਸ ਇੰਜੀਨੀਅਰਾਂ ਦੀ ਐਸੋਸੀਏਸ਼ਨ ਨੇ ਕਿਹਾ ਹੈ ਕਿ ਤਿੰਨ ਮਹੀਨਿਆਂ ਤੋਂ ਸੈਲਰੀ ਨਾ ਮਿਲਣ ਦੇ ਕਾਰਨ ਜ਼ਿਆਦਾਤਰ ਇੰਜੀਨੀਅਰ ਮਾਨਸਿਕ ਤਣਾਅ ਵਿਚੋਂ ਲੰਘ ਰਹੇ ਹਨ। ਇਸ ਨਾਲ ਉਡਾਣ ਦੇ ਦੌਰਾਨ ਸੁਰੱਖਿਆ ਸਬੰਧੀ ਖਤਰੇ ਸਾਹਮਣੇ ਆ ਸਕਦੇ ਹਨ।

ਐਵੀਏਸ਼ਨ ਰੈਗੁਲੇਟਰ ਡੀਜੀਸੀਏ ਨੂੰ ਲਿਖੇ ਪੱਤਰ ਵਿਚ ਐਸੋਸੀਏਸ਼ਨ ਨੇ ਕਿਹਾ ਹੈ ਕਿ ਮੈਨੇਜਮੈਂਟ ਨੇ ਕਿਹਾ ਸੀ ਕਿ ਮਾਰਚ ਤੱਕ ਬਕਾਇਆ ਸੈਲਰੀ ਦਾ ਭੁਗਤਾਨ ਕਰ ਦਿਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਜੈੱਟ ਏਅਰਵੇਜ  ਦੇ ਕੋਲ 560 ਇੰਜੀਨੀਅਰ ਹਨ। ਇਹਨਾਂ ਵਿਚ 490 ਐਸੋਸੀਏਸ਼ਨ ਨਾਲ ਜੁੜੇ ਹਨ। ਐਸੋਸੀਏਸ਼ਨ ਨੇ ਕਿਹਾ ਕਿ ਛੇਤੀ ਤੋਂ ਛੇਤੀ ਸੈਲਰੀ ਦਾ ਭੁਗਤਾਨ ਕੀਤਾ ਜਾਵੇ। ਐਵੀਏਸ਼ਨ ਰੈਗੁਲੇਟਰ ਡੀਜੀਸੀਏ ਨੇ ਮੰਗਲਵਾਰ ਨੂੰ ਦੱਸਿਆ ਕਿ ਜੈੱਟ ਦੇ ਕੋਲ ਉਡਾਣ ਲਈ ਸਿਰਫ਼ 41 ਜਹਾਜ਼ ਬਚੇ ਹਨ।

ਅੱਗੇ ਇਸ ਵਿਚ ਹੋਰ ਕਮੀ ਆ ਸਕਦੀ ਹੈ। ਡੀਜੀਸੀਏ ਨੇ ਇਹ ਗੱਲ ਜੈੱਟ ਦੇ ਅਧਿਕਾਰੀਆਂ ਦੇ ਨਾਲ ਬੈਠਕ ਤੋਂ ਬਾਅਦ ਕਹੀ। ਜੈੱਟ ਦੇ ਬੇੜੇ ਵਿਚ 119 ਜਹਾਜ਼ ਸਨ। ਰੈਗੁਲੇਟਰ ਦੇ ਮੁਤਾਬਕ 41 ਜਹਾਜ਼ਾਂ ਦੇ ਹਿਸਾਬ ਨਾਲ 603 ਘਰੇਲੂ ਅਤੇ 382 ਅੰਤਰਰਾਸ਼ਟਰੀ ਉਡਾਣਾਂ ਦਾ ਸ਼ੈਡਿਊਲ ਬਣਾਇਆ ਜਾ ਰਿਹਾ ਹੈ। ਏਅਰਲਾਈਨ ਨੂੰ ਮੁਸਾਫਰਾਂ ਨੂੰ ਇਸ ਦੀ ਜਾਣਕਾਰੀ ਦੇਣ ਦੇ ਨਾਲ ਰਿਫੰਡ ਅਤੇ ਵਿਕਲਪਿਕ ਫਲਾਈਟ ਉਪਲੱਬਧ ਕਰਵਾਉਣ ਲਈ ਕਿਹਾ ਗਿਆ ਹੈ।