ਨੌਕਰੀ ਜਾਣ ਮਗਰੋਂ ਜੈੱਟ ਏਅਰਵੇਜ਼ ਦੇ 100 ਪਾਇਲਟਾਂ ਨੂੰ ਸਪਾਈਸ ਜੈੱਟ ਨੇ ਕੀਤਾ ਭਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਵਿੱਤੀ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਦੀਆਂ ਉਡਾਨਾਂ ਰੁਕ ਗਈਆਂ ਹਨ।

Spice jet

ਨਵੀਂ ਦਿੱਲੀ: ਵਿੱਤੀ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਦੀਆਂ ਉਡਾਨਾਂ ਰੁਕ ਗਈਆਂ ਹਨ। ਇਸਦੇ ਚੱਲਦਿਆਂ ਜੈੱਟ ਏਅਰਵੇਜ਼ ਦੀ ਵਿਰੋਧੀ ਸਪਾਈਸ ਜੈੱਟ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਜੈੱਟ ਏਅਰਵੇਜ਼ ਦੇ ਪਾਇਲਟ, ਕੈਬਿਨ ਕਰੂ, ਟੈਕਨੀਕਲ ਸਟਾਫ ਅਤੇ ਏਅਰਪੋਰਟ ਸਟਾਫ ਨੂੰ ਭਰਤੀ ਕਰ ਰਹੇ ਹਨ। ਸਪਾਈਸ ਜੈੱਟ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਦੀ ਨੌਕਰੀ ਗਈ ਹੈ ਉਹ ਉਹਨਾਂ ਲੋਕਾਂ ਨੂੰ ਪਹਿਲ ਦੇ ਰਹੇ ਹਨ ਅਤੇ ਅਪਣੀ ਕੰਪਨੀ ਦਾ ਵਿਸਥਾਰ ਕਰ ਰਹੇ ਹਨ।

ਉਹਨਾਂ ਨੇ ਕਿਹਾ ਕਿ ਉਹ 100 ਤੋਂ ਜ਼ਿਆਦਾ ਪਾਇਲਟ, 200 ਤੋਂ ਜ਼ਿਆਦਾ ਕੈਬਿਨ ਕਰੂ ਅਤੇ 200 ਤੋਂ ਜ਼ਿਆਦਾ ਟੈਕਨੀਕਲ ਅਤੇ ਏਅਰਪੋਰਟ ਸਟਾਫ਼ ਨੂੰ ਨੌਕਰੀ ਦੇ ਚੁਕੇ ਹਨ। ਸਪਾਈਸ ਜੈੱਟ ਨੇ ਕਿਹਾ ਕਿ ਉਹ ਜਲਦ ਹੀ ਜਹਾਜ਼ਾਂ ਦੀ ਗਿਣਤੀ ਵਿਚ ਵਾਧਾ ਕਰਨਗੇ। ਇਸ ਤੋਂ ਪਹਿਲਾਂ ਏਅਰ ਇੰਡੀਆ ਨੇ ਜੈੱਟ ਏਅਰਵੇਜ਼ ਨੂੰ ਠੇਕੇ ‘ਤੇ ਲੈਣ ਦੀ ਗੱਲ ਕੀਤੀ ਹੈ। ਇਸਦੇ ਨਾਲ ਹੀ ਉਹਨਾਂ ਵੱਲੋਂ ਏਅਰ ਹੋਸਟਸ ਨੂੰ ਵੀ ਆਪਣੀ ਕੰਪਨੀ ਵਿਚ ਰੱਖਣ ਦੀ ਗੱਲ ਕੀਤੀ ਗਈ।

ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 150 ਤੋਂ ਜ਼ਿਆਦਾ ਏਅਰ ਹੋਸਟਸ ਨੂੰ ਏਅਰ ਇੰਡੀਆ ਨੇ ਨੌਕਰੀ ਦੇਣ ਦਾ ਆਫਰ ਦਿੱਤਾ ਹੈ। ਜੈੱਟ ਏਅਰਵੇਜ਼ ਦੇ ਅਰਥਿਕ ਹਾਲਾਤ ਬਹੁਤ ਖਰਾਬ ਚੱਲ ਰਹੇ ਹਨ। ਇਸਦੇ ਮਾਲਿਕ ਨਰੇਸ਼ ਗੋਇਲ ਵੀ ਬੋਰਡ ਆਫ਼ ਡਾਇਰੈਕਟਰਜ਼ ਨਾਲੋਂ ਅਲੱਗ ਹੋ ਚੁਕੇ ਹਨ। ਨਵੇਂ ਨਿਵੇਸ਼ਕਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਪੈਸੇ ਦੀ ਕਮੀ ਹੋਣ ਕਾਰਨ ਫਿਲਹਾਲ ਜੈੱਟ ਏਅਰਵੇਜ਼ ਦੀ ਸਰਵਿਸ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਜੈੱਟ ਏਅਰਵੇਜ਼ ਨਾਲ ਲਗਭਗ 20 ਹਜ਼ਾਰ ਲੋਕ ਜੁੜੇ ਹੋਏ ਸਨ।

ਏਅਰ ਲਾਈਨ ਨੂੰ ਦੁਬਾਰਾ ਸ਼ੁਰੂ ਕਰਨ ਦੀ ਉਮੀਦ ਕੰਪਨੀ ਦੇ ਸ਼ੇਅਰਾਂ ਦੀ ਵਿਕਰੀ ‘ਤੇ ਅਧਾਰਿਤ ਹੈ। ਵਿਕਰੀ ਦੀ ਪਹਿਲ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਿਚ ਕਰਜਾਈਆਂ ਦੇ ਸਮੂਹ ਵੱਲੋਂ ਕੀਤੀ ਗਈ। ਉਦਯੋਗ ਸੂਤਰਾਂ ਅਨੁਸਾਰ ਜੈੱਟ ਏਅਰਵੇਜ਼ ਦੇ ਸ਼ੇਅਰ ਖਰੀਦਣ ਦੀ ਦੌੜ ਵਿਚ ਪ੍ਰਾਈਵੇਟ ਇਕੁਇਟੀ ਫਰਮ ਟੀਪੀਜੀ ਕੈਪੀਟਲ, ਇੰਡੀਗੋ ਪਾਰਟਨਰਜ਼ ਅਤੇ ਐਨਆਈਆਈਐਫ ਅਤੇ ਇਤਿਹਾਦ ਏਅਰਵੇਜ਼ ਸ਼ਾਮਿਲ ਹਨ।