ਜੀ.ਐਸ.ਟੀ. 'ਚ ਰਜਿਸਟਰਡ ਵਪਾਰੀਆਂ ਨੂੰ ਮਿਲੇਗਾ 10 ਲੱਖ ਦਾ ਦੁਰਘਟਨਾ ਬੀਮਾ : ਕੋਵਿੰਦ

ਏਜੰਸੀ

ਖ਼ਬਰਾਂ, ਵਪਾਰ

ਵਪਾਰੀਆਂ ਲਈ ਰਾਸ਼ਟਰਪਤੀ ਵਪਾਰੀ ਕਲਿਆਣ ਬੋਰਡ ਦੇ ਗਠਨ ਦਾ ਐਲਾਨ ਕੀਤਾ

Efforts to further simplify GST to continue, says President Ram Nath Kovind

ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀਰਵਾਰ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਜੀ.ਐਸ.ਟੀ. ਰਜਿਸਟਰਡ ਵਪਾਰੀਆਂ ਨੂੰ 10 ਲੱਖ ਰੁਪਏ ਤਕ ਦਾ ਦੁਰਘਟਨਾ ਬੀਮਾ ਦੇਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਨੇ ਅਪਣੀ ਸਰਕਾਰ ਦੀ ਪ੍ਰਾਪਤੀਆਂ ਬਾਰੇ ਦਸਦੇ ਹੋਏ ਭਵਿੱਖ ਦੀਆਂ ਨੀਤੀਆਂ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਨੇ ਵਪਾਰੀਆਂ ਲਈ ਰਾਸ਼ਟਰਪਤੀ ਵਪਾਰੀ ਕਲਿਆਣ ਬੋਰਡ ਦੇ ਗਠਨ ਦਾ ਐਲਾਨ ਕੀਤਾ।

ਰਾਸ਼ਟਰਪਤੀ ਨੇ ਕਿਹਾ ਕਿ ਹੁਣ ਭਾਰਤ ਜੀ.ਡੀ.ਪੀ. ਦੇ ਨਜ਼ਰੀਏ ਨਾਲ ਦੁਨੀਆ ਦੀ 5ਵੀਂ ਵੱਡੀ ਅਰਥ-ਵਿਵਸਥਾ ਬਣਨ ਵੱਲ ਵਧ ਰਿਹਾ ਹੈ। ਵਿਕਾਸ ਦਰ ਨੂੰ ਉੱਚ ਪੱਧਰ 'ਤੇ ਬਣਾਏ ਰੱਖਣ ਲਈ ਰੀਫ਼ਾਰਮ ਦੀ ਪ੍ਰਕਿਰਿਆ ਜਾਰੀ ਰੱਖੀ ਜਾਵੇਗੀ। ਸਾਡਾ ਟੀਚਾ ਹੈ ਕਿ ਸਾਲ 2024 ਤਕ ਭਾਰਤ 5 ਟ੍ਰਿਲੀਅਨ ਡਾਲਰ ਦਾ ਅਰਥਚਾਰਾ ਬਣ ਕੇ ਉਭਰੇਗਾ।

ਛੋਟੇ ਵਪਾਰੀਆਂ ਨੂੰ ਧਿਆਨ ਵਿਚ ਰਖਦੇ ਹੋਏ ਸਰਕਾਰ ਨੇ ਉਨ੍ਹਾਂ ਲਈ ਨਵੀਂ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਹੈ। ਹੁਣ ਜਲਦੀ ਹੀ 'ਰਾਸ਼ਟਰੀ ਵਪਾਰੀ ਕਲਿਆਣ ਬੋਰਡ' ਦਾ ਗਠਨ ਕੀਤਾ ਜਾਵੇਗਾ ਅਤੇ ਪ੍ਰਚੂਨ ਕਾਰੋਬਾਰ ਦੇ ਵਾਧੇ ਲਈ 'ਰਾਸ਼ਟਰੀ ਪ੍ਰਚੂਨ ਵਪਾਰ ਨੀਤੀ' ਵੀ ਬਣਾਈ ਜਾਵੇਗੀ। ਜੀ.ਐਸ.ਟੀ. ਤਹਿਤ ਰਜਿਸਟਰਡ ਸਾਰੇ ਵਪਾਰੀਆਂ ਨੂੰ 10 ਲੱਖ ਰੁਪਏ ਤਕ ਦਾ ਬੀਮਾ ਵੀ ਉਪਲੱਬਧ ਕਰਵਾਇਆ ਜਾਵੇਗਾ। ਐਮ.ਐਸ.ਐਮ.ਈ. ਸੈਕਟਰ ਨਾਲ ਜੁੜੇ ਕਾਰੋਬਾਰੀਆਂ ਨੂੰ ਕਰਜ਼ਾ ਲੈਣ 'ਚ ਦਿਕਤ ਨਾ ਹੋਵੇ, ਇਸ ਲਈ ਕ੍ਰੈਡਿਟ ਗਾਰੰਟੀ ਕਵਰੇਜ ਦਾ ਦਾਇਰਾ ਇਕ ਲੱਖ ਕਰੋੜ ਰੁਪਏ ਤਕ ਵਧਾਉਣ 'ਤੇ ਕੰਮ ਕੀਤਾ ਜਾ ਰਿਹਾ ਹੈ।