ਰਾਸ਼ਟਰਪਤੀ ਦੇ ਸੰਬੋਧਨ ਵਿਚ ਤਿੰਨ ਤਲਾਕ-ਹਲਾਲਾ ਦਾ ਜ਼ਿਕਰ, ਇਹ ਹਨ ਸੰਬੋਧਨ ਦੀਆਂ ਖ਼ਾਸ ਗੱਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰਪਤੀ ਨੇ ਅਪਣੇ ਭਾਸ਼ਣ ਵਿਚ ਨਵੀਂ ਮੋਦੀ ਸਰਕਾਰ ਦੇ ਅਗਲੇ ਪੰਜ ਸਾਲ ਦੇ ਕੰਮਕਾਜ ਦੀ ਝਲਕ ਦਿਖਾਈ।

President of India Ram Nath Kovind

ਨਵੀਂ ਦਿੱਲੀ: ਲੋਕ ਸਭਾ ਦੇ ਸਾਰੇ ਮੈਂਬਰਾਂ ਦੇ ਸੰਸਦ ਅਹੁਦੇ ਦੀ ਸਹੁੰ ਚੁੱਕਣ ਅਤੇ ਨਵੇਂ ਲੋਕ ਸਭਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਵੀਰਵਾਰ ਨੂੰ ਸੰਸਦ ਦੇ ਦੋਵੇਂ ਸਦਨਾਂ ਦਾ ਸੰਯੁਕਤ ਸੈਸ਼ਨ ਵਿਚ ਬੁਲਾਏ ਗਏ। ਇਸ ਸੰਯੁਕਤ ਸੈਸ਼ਨ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੰਬੋਧਨ ਕੀਤਾ। ਰਾਸ਼ਟਰਪਤੀ ਨੇ ਅਪਣੇ ਭਾਸ਼ਣ ਵਿਚ ਨਵੀਂ ਮੋਦੀ ਸਰਕਾਰ ਦੇ ਅਗਲੇ ਪੰਜ ਸਾਲ ਦੇ ਕੰਮਕਾਜ ਦੀ ਝਲਕ ਦਿਖਾਈ। ਇਸ ਦੌਰਾਨ ਉਹਨਾਂ ਨੇ ਹੇਠ ਲਿਖੀਆਂ ਗੱਲਾਂ ਦਾ ਜ਼ਿਕਰ ਕੀਤਾ:

-ਉਹਨਾਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਸਰਕਾਰ ਦੀ ਤਰਜੀਹ ਹੈ। ਦੇਸ਼ ਦੀ ਹਰ ਧੀ-ਭੈਣ ਲਈ ਬਰਾਬਰ ਅਧਿਕਾਰ ਦੇਣ ਲਈ ਤਿੰਨ ਤਲਾਕ ਅਤੇ ਹਲਾਲਾ ਦਾ ਖਤਮ ਹੋਣਾ ਜਰੂਰੀ ਹੈ।
-ਉਹਨਾਂ ਕਿਹਾ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਸਕੇ, ਇਸ ਲਈ ਕਈ ਕਦਮ ਚੁੱਕੇ ਗਏ। ਸਿੰਜਾਈ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਕੰਮ, ਫਸਲ ਬੀਮਾ ਯੋਜਨਾ ਦਾ ਵਿਸਥਾਰ ਆਦਿ ਫ਼ੈਸਲੇ ਲਏ ਗਏ ਹਨ।

-ਉਹਨਾਂ ਕਿਹਾ ਕਿ ਅਤਿਵਾਦ ਦੇ ਮੁੱਦੇ ‘ਤੇ ਦੁਨੀਆ ਭਾਰਤ ਨਾਲ ਹੈ ਅਤੇ ਮਸੂਦ ਅਜ਼ਹਰ ਨੂੰ ਅੰਤਰਰਾਸ਼ਟਰੀ ਅਤਿਵਾਦੀ ਐਲਾਨ ਕਰਵਾਉਣਾ ਵੱਡੀ ਕਾਮਯਾਬੀ ਹੈ।
-ਉਹਨਾਂ ਕਿਹਾ ਕਿ ਵਿਸ਼ਵ ਵਿਚ ਭਾਰਤ ਨੂੰ ਇਕ ਵਿਸ਼ੇਸ਼ ਪਹਿਚਾਣ ਮਿਲੀ ਹੈ। ਸਾਲ 2022 ਵਿਚ ਭਾਰਤ ਜੀ-20 ਕਾਨਫਰੰਸ ਦੀ ਮੇਜ਼ਬਾਜੀ ਕਰੇਗਾ।
-ਉਹਨਾਂ ਕਿਹਾ ਕਿ ਗੈਰ-ਕਾਨੂੰਨੀ ਤਰੀਕਿਆਂ ਨਾਲ ਭਾਰਤ ਵਿਚ ਆਏ ਵਿਦੇਸ਼ੀ ਅੰਦਰੂਨੀ ਸੁਰੱਖਿਆ ਲਈ ਵੱਡਾ ਖਤਰਾ ਹਨ। ਉਹਨਾਂ ਕਿਹਾ ਕਿ ਮੁੱਠਭੇੜ ਨੂੰ ਰੋਕਣ ਲਈ ਸਰਹੱਦ ‘ਤੇ ਸੁਰੱਖਿਆ ਹੋਰ ਜ਼ਿਆਦਾ ਵਧਾਈ ਜਾਵੇਗੀ।

-ਉਹਨਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਨਾਗਰਿਕਾਂ ਨੂੰ ਸੁਰੱਖਿਆ ਦੇਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਇਥੇ ਸ਼ਾਂਤੀਪੂਰਣ ਢੰਗ ਨਾਲ ਹੋਈਆਂ ਚੋਣਾਂ ਇਕ ਵੱਡੀ ਸਫਲਤਾ ਹੈ।
-ਉਹਨਾਂ ਕਿਹਾ ਕਿ ਭਾਰਤ ਮਾਲਾ ਪ੍ਰਜੈਕਟ ਤਹਿਤ 2022 ਤੱਕ ਦੇਸ਼ ਭਰ ਵਿਚ 35 ਹਜ਼ਾਰ ਕਿਲੋਮੀਟਰ ਨੈਸ਼ਨਲ ਹਾਈਵੇ ਦਾ ਨਿਰਮਾਣ ਕੀਤਾ ਜਾਵੇਗਾ।
-ਉਹਨਾਂ ਕਿਹਾ ਕਿ ਵਾਰ ਵਾਰ ਚੋਣਾਂ ਹੋਣ ਨਾਲ ਵਿਕਾਸ ਕਾਰਜ ਪ੍ਰਭਾਵਿਤ ਹੁੰਦੇ ਹਨ। ਇਸ ਲਈ ਇਕ ਰਾਸ਼ਟਰ ਇਕ ਚੋਣ ਦੀ ਵਿਵਸਥਾ ਲਾਗੂ ਹੋਣੀ ਚਾਹੀਦੀ ਹੈ, ਜਿਸ ਨਾਲ ਦੇਸ਼ ਦਾ ਵਿਕਾਸ ਤੇਜ਼ੀ ਨਾਲ ਹੋ ਸਕੇ। ਉਹਨਾਂ ਕਿਹਾ ਕਿ ਸਾਰੇ ਸੰਸਦ ਮੈਂਬਰ ਇਸ ਯੋਜਨਾ ਦੀ ਪੇਸ਼ਕਸ਼ ‘ਤੇ ਗੰਭੀਰਤਾ ਨਾਲ ਵਿਚਾਰ ਕਰਨ।

-ਉਹਨਾਂ ਕਿਹਾ ਕਿ ਮੋਦੀ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੇਂਸ ਨੂੰ ਅੱਗੇ ਵੀ ਲਾਗੂ ਰੱਖੇਗੀ। ਲੋਕਪਾਲ ਦੀ ਨਿਯੁਕਤੀ ਨਾਲ ਵੀ ਪਾਰਦਰਸ਼ਿਤਾ ਨਿਸ਼ਚਿਤ ਕੀਤੀ ਜਾਵੇਗੀ।
-ਉਹਨਾਂ ਕਿਹਾ ਕਿ ਕੋਸ਼ਿਸ਼ ਹੈ ਕਿ ਭਾਰਤ ਸਾਲ 2024 ਤੱਕ 5 ਟ੍ਰਿਲੀਅਨ ਡਾਲਰ ਦੀ ਈਕਾਨਮੀ ਬਣ ਸਕੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਟੈਕਸ ਵਿਵਸਥਾ ਵਿਚ ਲਗਾਤਾਰ ਸੁਧਾਰ ਦੇ ਨਾਲ ਨਾਲ ਸਰਲਤਾ ਕੀਤੀ ਜਾ ਰਹੀ ਹੈ।