ਦੇਸ਼ ਦੇ 63 ਅਮੀਰਾਂ ਕੋਲ ਹੈ ਦੇਸ਼ ਦੇ ਬਜਟ ਤੋਂ ਵੀ ਜ਼ਿਆਦਾ ਦੌਲਤ, ਰਿਪੋਰਟ ਵਿਚ ਹੋਇਆ ਵੱਡਾ ਖੁਲਾਸਾ

ਏਜੰਸੀ

ਖ਼ਬਰਾਂ, ਵਪਾਰ

ਭਾਰਤ ਵਿਚ 63 ਅਰਬਪਤੀਆਂ ਕੋਲ 2018-19 ਦੇ ਆਮ ਬਜਟ ਦੀ ਰਾਸ਼ੀ 24,42,200 ਕਰੋੜ ਤੋਂ ਵੀ ਜ਼ਿਆਦਾ ਜਾਇਦਾਦ ਹੈ।

Photo

ਨਵੀਂ ਦਿੱਲੀ: ਭਾਰਤ ਵਿਚ 63 ਅਰਬਪਤੀਆਂ ਕੋਲ 2018-19 ਦੇ ਆਮ ਬਜਟ ਦੀ ਰਾਸ਼ੀ 24,42,200 ਕਰੋੜ ਤੋਂ ਵੀ ਜ਼ਿਆਦਾ ਜਾਇਦਾਦ ਹੈ। ਆਕਸਫੈਮ ਦੇ ਅਧਿਐਨ ਵਿਚ ਸੋਮਵਾਰ ਨੂੰ ਇਹ ਖੁਲਾਸਾ ਹੋਇਆ ਹੈ। ਇਹਨਾਂ ਇਕ ਫੀਸਦੀ ਅਮੀਰਾਂ ਕੋਲ 70 ਫੀਸਦੀ ਗਰੀਬ ਅਬਾਦੀ (95.3 ਕਰੋੜ) ਦੀ ਤੁਲਨਾ ਵਿਚ ਚਾਰ ਗੁਣਾ ਜ਼ਿਆਦਾ ਪੈਸਾ ਹੈ।

 

ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਵਾਲੀ ਸੰਸਥਾ ਆਕਸਫੈਮ ਨੇ ਵਿਸ਼ਵ ਆਰਥਕ ਮੰਚ ਦੀ ਬੈਠਕ ਤੋਂ ਪਹਿਲਾਂ ‘ਟਾਇਮ ਟੂ ਕੇਅਰ’ ਅਧਿਐਨ ਜਾਰੀ ਕੀਤਾ। ਇਸ ਦੇ ਅਨੁਸਾਰ ਆਰਥਕ ਅਸਮਾਨਤਾ ਤੇਜ਼ੀ ਨਾਲ ਵਧ ਗਈ ਹੈ। ਪਿਛਲੇ ਦਹਾਕੇ ਵਿਚ ਅਰਬਪਤੀਆਂ ਦੀ ਗਿਣਤੀ ਦੁੱਗਣੀ ਹੋਈ ਹੈ। ਦੁਨੀਆਂ ਦੇ 1 ਫੀਸਦੀ ਅਮੀਰਾਂ ਕੋਲ ਸੰਯੁਕਤ ਤੌਰ ‘ਤੇ 92 ਫੀਸਦੀ ਗਰੀਬਾਂ ਦੀ ਦੌਲਤ ਨਾਲੋਂ ਦੁੱਗਣੀ ਜਾਇਦਾਦ ਹੈ।

 

ਉੱਥੇ ਹੀ 2,153 ਅਰਬਪਤੀਆਂ ਦੇ ਕੋਲ ਦੁਨੀਆਂ ਦੀ 60 ਫੀਸਦੀ ਗਰੀਬ ਅਬਾਦੀ ਦੀ ਜਾਇਦਾਦ ਨਾਲੋਂ ਜ਼ਿਆਦਾ ਪੈਸਾ ਹੈ। ਦੁਨੀਆਂ ਭਰ ਵਿਚ ਔਰਤਾਂ ਰੋਜ਼ਾਨਾ 3.26 ਅਰਬ ਘੰਟੇ ਅਜਿਹੇ ਕੰਮ ਕਰਦੀਆਂ ਹਨ, ਜਿਸ ਦੇ ਪੈਸੇ ਨਹੀਂ ਮਿਲਦੇ। ਭਾਰਤ ਵਿਚ ਇਹ 19 ਲੱਖ ਕਰੋੜ ਦੇ ਯੋਗਦਾਨ ਦੇ ਬਰਾਬਰ ਹੈ।

 

ਆਕਸਫੈਮ ਦੇ ਅਨੁਸਾਰ ਵਿਸ਼ਵ ਦੇ 1 ਫੀਸਦੀ ਅਮੀਰਾਂ ‘ਤੇ 10 ਸਾਲ ਲਈ 0.5 ਫੀਸਦੀ ਆਮਦਨ ਟੈਕਸ ਵਧਾਉਣ 'ਤੇ ਸਿੱਖਿਆ, ਸਿਹਤ ਖੇਤਰ ਵਿਚ 11.7 ਕਰੋੜ ਨੌਕਰੀਆਂ ਮਿਲ ਸਕਣਗੀਆਂ। ਅੰਤਰਰਾਸ਼ਟਰੀ ਮੁਦਰਾ ਫੰਡ ਨੇ 2019 ਲਈ ਭਾਰਤ ਦੀ ਅਰਥ ਵਿਵਸਥਾ ਵਿਕਾਸ ਦਰ ਦੇ ਅਨੁਮਾਨ ਨੂੰ ਘੱਟ ਕਰ ਕੇ 4.8 ਫੀਸਦੀ ਕਰ ਦਿੱਤਾ ਹੈ। ਇਸ ਦੇ ਪਿੱਛੇ ਕਈ ਕਾਰਨ ਦੱਸੇ ਗਏ ਹਨ।

 

ਆਕਸਫੇਮ ਇੰਡੀਆ ਦੇ ਸੀਈਓ ਅਮਿਤਾਭ ਬੇਹਰ ਦਾ ਕਹਿਣਾ ਹੈ ਕਿ ਮੌਜੂਦਾ ਅਰਥ ਵਿਵਸਥਾ ਵਿਚ ਔਰਤਾਂ ਅਤੇ ਕੁੜੀਆਂ ਨੂੰ ਸਭ ਤੋਂ ਘੱਟ ਫਾਇਦਾ ਮਿਲਦਾ ਹੈ। ਉਹ ਖਾਣਾ ਬਣਾਉਣ, ਸਾਫ-ਸਫਾਈ, ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਵਿਚ ਅਰਬਾਂ ਘੰਟੇ ਬਿਤਾਉਂਦਾਂ ਹਨ। ਉਹਨਾਂ ਦਾ ਇਹ ਬਿਨਾਂ ਭੁਗਤਾਨ ਵਾਲਾ ਕੰਮ ਸਾਡੀ ਅਰਥ ਵਿਵਸਥਾ, ਕਾਰੋਬਾਰ ਅਤੇ ਸਮਾਜ ਦੀ ਗੱਡੀ ਦਾ ਲੁਕਿਆ ਹੋਇਆ ਇੰਜਣ ਹੈ।