NEET UG ’ਚ 700 ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਬਹੁਤ ਸਾਰੇ ਉਮੀਦਵਾਰ ਗੈਰ-ਰਵਾਇਤੀ ਸਿਖਲਾਈ ਕੇਂਦਰਾਂ ਤੋਂ : ਸੂਤਰ 

ਏਜੰਸੀ

ਖ਼ਬਰਾਂ, ਵਪਾਰ

ਇਸ ਸਾਲ 2,321 ਨੇ 700 ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ

NEET UG

ਨਵੀਂ ਦਿੱਲੀ: ਕੌਮੀ ਯੋਗਤਾ-ਦਾਖਲਾ ਪ੍ਰੀਖਿਆ-ਅੰਡਰ-ਗ੍ਰੈਜੂਏਟ (NEET UG) ’ਚ ਪ੍ਰਦਰਸ਼ਨ ਦੇ ਰੁਝਾਨ ’ਚ ਕਾਫੀ ਬਦਲਾਅ ਆਇਆ ਹੈ। ਇਮਤਿਹਾਨ ਵਿਚ 720 ਵਿਚੋਂ 700 ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 2,300 ਤੋਂ ਵੱਧ ਉਮੀਦਵਾਰ 1,404 ਕੇਂਦਰਾਂ ਤੋਂ ਹਨ ਅਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਗੈਰ-ਰਵਾਇਤੀ ਸਿਖਲਾਈ ਕੇਂਦਰਾਂ ਤੋਂ ਹਨ। ਸੂਤਰਾਂ ਨੇ ਇਹ ਜਾਣਕਾਰੀ ਦਿਤੀ।

ਇਸ ਸਾਲ, ਰੀਕਾਰਡ 23.33 ਲੱਖ ਵਿਦਿਆਰਥੀ ਮੈਡੀਕਲ ਦਾਖਲਾ ਇਮਤਿਹਾਨ ’ਚ ਸ਼ਾਮਲ ਹੋਏ ਸਨ, ਜਿਨ੍ਹਾਂ ’ਚੋਂ 2,321 ਨੇ 700 ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ। ਪਰ ਇਹ ਉੱਚ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਕੁੱਝ ਕੌਮਾਂਤਰੀ ਕੇਂਦਰਾਂ ਤੋਂ ਇਲਾਵਾ 25 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 276 ਸ਼ਹਿਰਾਂ ਦੇ 1,404 ਕੇਂਦਰਾਂ ਤੋਂ ਹਨ। 

ਨੀਟ-2023 ’ਚ ਉੱਚ ਅੰਕ ਪ੍ਰਾਪਤ ਕਰਨ ਵਾਲਿਆਂ ਦਾ ਪ੍ਰਸਾਰ ਤੁਲਨਾਤਮਕ ਤੌਰ ’ਤੇ ਵਧੇਰੇ ਕੇਂਦਰਿਤ ਸੀ। 700 ਤੋਂ 720 ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ 116 ਸ਼ਹਿਰਾਂ ਅਤੇ 310 ਕੇਂਦਰਾਂ ਤੋਂ, 650 ਤੋਂ 699 ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ 381 ਸ਼ਹਿਰਾਂ ਅਤੇ 2,431 ਕੇਂਦਰਾਂ ਤੋਂ ਸਨ ਅਤੇ 600 ਤੋਂ 649 ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ 464 ਸ਼ਹਿਰਾਂ ਅਤੇ 3,434 ਕੇਂਦਰਾਂ ਤੋਂ ਸਨ। 

ਸੂਤਰਾਂ ਨੇ ਕਿਹਾ, ‘‘ਇਹ ਸੱਚ ਹੈ ਕਿ ਸੀਕਰ, ਕੋਟਾ ਅਤੇ ਕੋਟਾਯਮ ਵਰਗੇ ਰਵਾਇਤੀ ਸਿਖਲਾਈ ਕੇਂਦਰਾਂ ਤੋਂ ਇਮਤਿਹਾਨ ਦੇਣ ਵਾਲੇ ਬਹੁਤ ਸਾਰੇ ਵਿਦਿਆਰਥੀ 700 ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰ ਸਕੇ। ਪਰ ਦੂਜੇ ਸ਼ਹਿਰਾਂ ਤੋਂ ਇਮਤਿਹਾਨ ਦੇਣ ਵਾਲੇ ਕਈ ਹੋਰ ਵਿਦਿਆਰਥੀ ਵੀ ਇਸ ਸ਼੍ਰੇਣੀ ’ਚ ਜਗ੍ਹਾ ਬਣਾ ਸਕਦੇ ਹਨ। ਅਜਿਹਾ ਜਾਪਦਾ ਹੈ ਕਿ ਨੀਟ ਸਿਲੇਬਸ ਨੂੰ ਉੱਚ ਸੈਕੰਡਰੀ ਸਿਲੇਬਸ ਨਾਲ ਜੋੜਨ ਨਾਲ ਨਤੀਜੇ ਮਿਲਣੇ ਸ਼ੁਰੂ ਹੋ ਗਏ ਹਨ।’’

ਉਦਾਹਰਣ ਵਜੋਂ ਲਖਨਊ ਦੇ 35, ਕੋਲਕਾਤਾ ਦੇ 27, ਲਾਤੂਰ ਦੇ 25, ਨਾਗਪੁਰ ਦੇ 20, ਫਰੀਦਾਬਾਦ ਦੇ 19, ਨਾਂਦੇੜ ਦੇ 18, ਇੰਦੌਰ ਦੇ 17, ਕਟਕ ਅਤੇ ਕਾਨਪੁਰ, ਕੋਲਹਾਪੁਰ, ਨੋਇਡਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ 16-16, ਆਗਰਾ ਅਤੇ ਅਲੀਗੜ੍ਹ ਦੇ 14-14, ਅਕੋਲਾ ਅਤੇ ਪਟਿਆਲਾ ਦੇ 10-10, ਦਾਵਨਗੇਰੇ ਦੇ 8 ਅਤੇ ਬਨਾਸਕਾਂਠਾ ਦੇ 7 ਵਿਦਿਆਰਥੀਆਂ ਨੇ 700 ਜਾਂ ਇਸ ਤੋਂ ਵੱਧ ਅੰਕ ਹਾਸਲ ਕੀਤੇ। 

ਸਾਲ 2024 ਦੇ ਨੀਟ ਦੇ ਨਤੀਜਿਆਂ ਦਾ ਰੈਂਕ-ਵਾਰ ਵਿਸ਼ਲੇਸ਼ਣ ਚੋਟੀ ਦੇ ਸਥਾਨਾਂ ਦੇ ਵਿਆਪਕ ਪ੍ਰਸਾਰ ਨੂੰ ਦਰਸਾਉਂਦਾ ਹੈ। 

ਉਦਾਹਰਣ ਵਜੋਂ, ਪਹਿਲੇ ਤੋਂ 100 ਰੈਂਕ ਸਮੂਹ 56 ਸ਼ਹਿਰਾਂ ਦੇ 95 ਕੇਂਦਰਾਂ ਤੋਂ ਆਉਂਦੇ ਹਨ, ਜਦਕਿ 101 ਤੋਂ 1,000 ਰੈਂਕ 187 ਸ਼ਹਿਰਾਂ ਦੇ 706 ਕੇਂਦਰਾਂ ਨਾਲ ਸਬੰਧਤ ਹਨ। ਇਸੇ ਤਰ੍ਹਾਂ 1,001 ਤੋਂ 10,000 ਰੈਂਕ ਪ੍ਰਾਪਤ ਕਰਨ ਵਾਲੇ 431 ਸ਼ਹਿਰਾਂ ਅਤੇ 2,959 ਕੇਂਦਰਾਂ ਤੋਂ ਹਨ। 

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸਨਿਚਰਵਾਰ ਨੂੰ ਮੈਡੀਕਲ ਦਾਖਲਾ ਇਮਤਿਹਾਨ NEET UG ਦੇ ਸ਼ਹਿਰ ਅਤੇ ਕੇਂਦਰ-ਵਾਰ ਨਤੀਜੇ ਜਾਰੀ ਕੀਤੇ, ਜੋ ਪ੍ਰਸ਼ਨ ਪੱਤਰ ਲੀਕ ਸਮੇਤ ਕਥਿਤ ਬੇਨਿਯਮੀਆਂ ਲਈ ਜਾਂਚ ਦੇ ਘੇਰੇ ’ਚ ਹੈ। 

ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ ਪੇਪਰ ਲੀਕ ਅਤੇ ਹੋਰ ਬੇਨਿਯਮੀਆਂ ਤੋਂ ਕਥਿਤ ਤੌਰ ’ਤੇ ਲਾਭ ਲੈਣ ਵਾਲੇ ਉਮੀਦਵਾਰਾਂ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ, ਪਰ ਕੁੱਝ ਕੇਂਦਰਾਂ ’ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧੇਰੇ ਹੈ। 

ਰਾਜਸਥਾਨ ਦੇ ਸੀਕਰ ਦੇ ਕੇਂਦਰਾਂ ਤੋਂ NEET UG ਦੇ 2,000 ਤੋਂ ਵੱਧ ਉਮੀਦਵਾਰਾਂ ਨੇ 650 ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਜਦਕਿ 4,000 ਤੋਂ ਵੱਧ ਨੇ 600 ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।