ਪੀਐਮ ਦੀ ਵਿੱਤ ਮੰਤਰੀ ਨਾਲ ਅਹਿਮ ਬੈਠਕ ਕੱਲ, ਕਿਸਾਨਾਂ ਤੇ ਕਾਰੋਬਾਰੀਆਂ ਲਈ ਹੋ ਸਕਦਾ ਹੈ ਵੱਡਾ ਫੈਸਲਾ

ਏਜੰਸੀ

ਖ਼ਬਰਾਂ, ਵਪਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨਾਲ ਬੈਠਕ ਕਰਨਗੇ।

Photo

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨਾਲ ਬੈਠਕ ਕਰਨਗੇ। ਇਸ ਬੈਠਕ ਵਿਚ ਅਰਥਵਿਵਸਥਾ ਲਈ ਰਾਹਤ ਪੈਕੇਜ ‘ਤੇ ਵਿਚਾਰ-ਚਰਚਾ ਕੀਤੀ ਜਾ ਸਕਦੀ ਹੈ। ਮੀਡੀਆ ਸੂਤਰਾਂ ਅਨੁਸਾਰ ਪੀਐਮ ਮੋਦੀ ਕੋਰੋਨਾ ਤੋਂ ਨਜਿੱਠਣ ਲਈ ਮੁੱਦਿਆਂ ‘ਤੇ ਚਰਚਾ ਕਰਨਗੇ।

ਇਸ ਦੇ ਨਾਲ ਹੀ ਦੂਜੇ ਆਰਥਕ ਪੈਕੇਜ ‘ਤੇ ਵੀ ਫੈਸਲਾ ਹੋ ਸਕਦਾ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਸੰਕਰਮਣ ਤੋਂ ਨਜਿੱਠਣ ਲਈ ਦੇਸ਼ ਵਿਚ 3 ਮਈ ਤੱਕ ਲੌਕਡਾਊਨ ਲਾਗੂ ਕੀਤਾ ਗਿਆ ਹੈ।  ਲੌਕਡਾਊਨ ਕਾਰਨ ਕਈ ਸੈਕਟਰਾਂ ਦੀ ਹਾਲਤ ਬਹੁਤ ਖ਼ਰਾਬ ਹੈ।

ਸ਼ੁੱਕਰਵਾਰ ਦੁਪਹਿਰ 12 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਇਸ ਬੈਠਕ ਵਿਚ ਵਿੱਤ ਮੰਤਰਾਲੇ ਦੇ ਅਧਿਕਾਰੀ ਵੀ ਸ਼ਾਮਿਲ ਹੋਣਗੇ। ਇਸ ਬੈਠਕ ਵਿਚ MSMEs ਲਈ ਰਾਹਤ ‘ਤੇ ਵੀ ਚਰਚਾ ਹੋਵੇਗੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਕਿਸਾਨਾਂ ਦੀ ਆਮਦਨੀ ਅਤੇ ਖੇਤੀਬਾੜੀ ਸੰਕਟ ‘ਤੇ ਵੀ ਚਰਚਾ ਕਰਨਗੇ।

ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ਵਿਚ ਦੂਜੇ ਰਾਹਤ ਪੈਕੇਜ ‘ਤੇ ਫੈਸਲਾ ਲਿਆ ਜਾ ਸਕਦਾ ਹੈ। ਰਾਹਤ ਪੈਕੇਜ ਨਾਲ ਐਮਐਸਐਮਈ, ਨਿਰਯਾਤ, ਹਵਾਬਾਜ਼ੀ, ਨਿਰਮਾਣ ਸਮੇਤ ਉਹਨਾਂ ਸੈਕਟਰਾਂ ਨੂੰ ਰਾਹਤ ਮਿਲੇਗੀ, ਜਿਨ੍ਹਾਂ ਨੂੰ ਵੱਡੀ ਗਿਣਤੀ ਵਿਚ ਮਜ਼ਦੂਰਾਂ ਦੀ ਜ਼ਰੂਰਤ ਹੈ। ਕੇਂਦਰ ਸਰਕਾਰ ਐਮਐਸਐਮਈਜ਼ ਨੂੰ 20 ਹਜ਼ਾਰ ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣ ਦੀ ਤਿਆਰੀ ਕਰ ਰਹੀ ਹੈ।

ਕੋਰੋਨਾ ਤਾਲਾਬੰਦੀ ਕਾਰਨ ਇਸ ਸੈਕਟਰ ਦੀ ਸਥਿਤੀ ਬਹੁਤ ਖਰਾਬ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਲੌਕਡਾਊਨ ਤੋਂ ਪ੍ਰਭਾਵਿਤ ਮਜ਼ਦੂਰਾਂ ਨੂੰ ਰਾਹਤ ਦੇਣ ਲਈ 1.7 ਲੱਖ ਕਰੋੜ ਰੁਪਏ ਦਾ ਐਲਾਨ ਕੀਤਾ ਸੀ। ਪੈਕੇਜ ਵਿਚ ਕਿਸਾਨ, ਦਿਹਾੜੀ ਮਜ਼ਦੂਰ, ਐਸਐਮਈ ਸੈਕਟਰ ਨੂੰ ਵੱਡੀ ਰਾਹਤ ਦਿੱਤੀ ਗਈ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦੱਸਿਆ ਸੀ ਕਿ ਪੈਕੇਜ ਨਾਲ ਉਜਵਲਾ ਯੋਜਨਾ ਦੀਆਂ 8 ਕਰੋੜ ਔਰਤਾਂ ਨੂੰ ਫਾਇਦਾ ਹੋਵੇਗਾ। 3 ਮਹੀਨੇ ਤੱਕ ਉਜਵਲਾ ਲਾਭਪਾਰਤੀਆਂ ਨੂੰ ਮੁਫਤ ਸਿਲੰਡਰ ਮਿਲੇਗਾ।  ਇਸ ਤੋਂ ਇਲਾਵਾ ਮਨਰੇਗਾ ਮਜ਼ਦੂਰਾਂ, ਕਿਸਾਨਾਂ ਅਤੇ ਮਹਿਲਾ ਜਨਧਨ ਖਾਤਿਆਂ ਵਿਚ ਵੀ ਸਰਕਾਰ ਵੱਲੋਂ ਰਾਸ਼ੀ ਟਰਾਂਸਫਰ ਕੀਤੀ ਗਈ ਸੀ।