ਪਛਮੀ ਏਸ਼ੀਆ ’ਚ ਤਣਾਅ ਘੱਟ ਹੋਣ ਦਾ ਅਸਰ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਡਿੱਗਣ ਲਗੀਆਂ

ਏਜੰਸੀ

ਖ਼ਬਰਾਂ, ਵਪਾਰ

ਸੋਨੇ ਦ ਕੀਮਤ 1,450 ਰੁਪਏ ਡਿੱਗ ਕੇ 72,200 ਰੁਪਏ ’ਤੇ ਪੁੱਜੀ, ਚਾਂਦੀ ਦੀ ਕੀਮਤ ’ਚ 2,300 ਰੁਪਏ ਦੀ ਗਿਰਾਵਟ

Gold

ਨਵੀਂ ਦਿੱਲੀ: ਕਮਜ਼ੋਰ ਆਲਮੀ ਰੁਝਾਨ ਅਤੇ ਕਾਰੋਬਾਰੀਆਂ ਦੀ ਮੁਨਾਫਾਵਸੂਲੀ ਕਾਰਨ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਅਨੁਸਾਰ, ਮੰਗਲਵਾਰ ਨੂੰ ਕੌਮੀ ਰਾਜਧਾਨੀ ਦੇ ਸਰਾਫਾ ਬਾਜ਼ਾਰ ’ਚ ਸੋਨਾ 1,450 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਨਾਲ 72,200 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਿਆ। ਚਾਂਦੀ ਦੀ ਕੀਮਤ ’ਚ ਵੀ 2,300 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ ਹੈ। 

ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਕਿਹਾ ਕਿ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 1,450 ਰੁਪਏ ਦੀ ਗਿਰਾਵਟ ਨਾਲ 72,200 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 73,650 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵੀ 2,300 ਰੁਪਏ ਦੀ ਗਿਰਾਵਟ ਨਾਲ 83,500 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ, ਜੋ ਪਿਛਲੇ ਕਾਰੋਬਾਰੀ ਸੈਸ਼ਨ ’ਚ 83,500 ਰੁਪਏ ਪ੍ਰਤੀ ਕਿਲੋਗ੍ਰਾਮ ਸੀ। 

ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਦਸਿਆ ਕਿ ਦਿੱਲੀ ਬਾਜ਼ਾਰ ’ਚ ਸੋਨੇ ਦੀ ਸਪਾਟ ਕੀਮਤ 72,200 ਰੁਪਏ ਪ੍ਰਤੀ 10 ਗ੍ਰਾਮ (24 ਕੈਰਟ) ਸੀ। ਇਹ ਪਿਛਲੇ ਬੰਦ ਮੁੱਲ ਨਾਲੋਂ 1,450 ਰੁਪਏ ਘੱਟ ਹੈ। ਕੌਮਾਂਤਰੀ ਬਾਜ਼ਾਰ ਕਾਮੈਕਸ (ਕਮੋਡਿਟੀ ਮਾਰਕੀਟ) ’ਚ ਸਪਾਟ ਸੋਨਾ ਪਿਛਲੇ ਬੰਦ ਦੇ ਮੁਕਾਬਲੇ 55 ਡਾਲਰ ਦੀ ਗਿਰਾਵਟ ਨਾਲ 2,310 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ। 

ਪਛਮੀ ਏਸ਼ੀਆ ’ਚ ਤਣਾਅ ਘੱਟ ਹੋਣ ਅਤੇ ਅਮਰੀਕੀ ਫੈਡਰਲ ਰਿਜ਼ਰਵ ਵਲੋਂ ਲੰਮੇ ਸਮੇਂ ਤੋਂ ਨੀਤੀਗਤ ਦਰਾਂ ਉੱਚੇ ਰੱਖਣ ਦੇ ਸੰਕੇਤਾਂ ਦਰਮਿਆਨ ਮੰਗ ’ਚ ਕਮੀ ਆਉਣ ਨਾਲ ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ ’ਚ ਹੋਰ ਗਿਰਾਵਟ ਆਈ। ਗਾਂਧੀ ਨੇ ਕਿਹਾ ਕਿ ਕਾਰੋਬਾਰੀਆਂ ਨੇ ਵੀ ਅਪਣੇ ਨਿਵੇਸ਼ਾਂ ਨੂੰ ਸੁਰੱਖਿਅਤ ਸਮਝੀਆਂ ਜਾਣ ਵਾਲੀਆਂ ਜਾਇਦਾਦਾਂ ਤੋਂ ਜੋਖਮ ਵਾਲੀਆਂ ਜਾਇਦਾਦਾਂ ’ਚ ਤਬਦੀਲ ਕਰ ਦਿਤਾ ਹੈ। ਇਸ ਨਾਲ ਹਾਲ ਹੀ ’ਚ ਆਈ ਤੇਜ਼ੀ ਤੋਂ ਬਾਅਦ ਕੀਮਤੀ ਧਾਤਾਂ ’ਚ ਮੁਨਾਫਾ ਵਸੂਲਿਆ ਗਿਆ ਹੈ। 

ਚਾਂਦੀ ਵੀ 26.80 ਡਾਲਰ ਪ੍ਰਤੀ ਔਂਸ ’ਤੇ ਆ ਗਈ। ਪਿਛਲੇ ਸੈਸ਼ਨ ’ਚ ਇਹ 27.95 ਡਾਲਰ ਪ੍ਰਤੀ ਔਂਸ ’ਤੇ ਸੀ। ਐਲਕੇਪੀ ਸਕਿਓਰਿਟੀਜ਼ ਦੇ ਕਮੋਡਿਟੀ ਐਂਡ ਕਰੰਸੀ ਦੇ ਵਾਈਸ ਪ੍ਰੈਜ਼ੀਡੈਂਟ (ਰੀਸਰਚ ਐਨਾਲਿਸਟ) ਜਤਿਨ ਤ੍ਰਿਵੇਦੀ ਨੇ ਕਿਹਾ ਕਿ ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਗਿਰਾਵਟ ਦਾ ਰੁਝਾਨ ਜਾਰੀ ਹੈ ਅਤੇ ਇਸ ਗਿਰਾਵਟ ਦਾ ਕਾਰਨ ਦੋ ਦਿਨਾਂ ਦੇ ਅੰਦਰ ਕਾਮੈਕਸ ਗੋਲਡ ’ਚ ਭਾਰੀ ਨਰਮੀ ਹੈ। 

ਤ੍ਰਿਵੇਦੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਐਮ.ਸੀ.ਐਕਸ. ’ਚ ਸੋਨੇ ਦੀਆਂ ਕੀਮਤਾਂ ਨੂੰ 70,000 ਰੁਪਏ ਦੇ ਨੇੜੇ ਸਮਰਥਨ ਮਿਲ ਸਕਦਾ ਹੈ। ਹਾਲਾਂਕਿ, ਜੇ ਕੀਮਤਾਂ ਇਸ ਪੱਧਰ ਤੋਂ ਹੇਠਾਂ ਆਉਂਦੀਆਂ ਹਨ, ਤਾਂ 68,500 ਰੁਪਏ ਤਕ ਦੀ ਵਿਕਰੀ ਹੋ ਸਕਦੀ ਹੈ। ਇਸ ਦਾ ਕਾਰਨ ਪਛਮੀ ਏਸ਼ੀਆ ’ਚ ਜੋਖਮ ਦੀ ਧਾਰਨਾ ਨੂੰ ਕਮਜ਼ੋਰ ਕਰਨਾ ਹੈ।

ਇਸ ਦੌਰਾਨ ਐਮ.ਸੀ.ਐਕਸ. ਫਿਊਚਰਜ਼ ਕਾਰੋਬਾਰ ’ਚ ਸੋਨਾ 754 ਰੁਪਏ ਦੀ ਗਿਰਾਵਟ ਨਾਲ 70,443 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਿਆ। ਜੂਨ ’ਚ ਸੱਭ ਤੋਂ ਜ਼ਿਆਦਾ ਕਾਰੋਬਾਰ ਕਰਨ ਵਾਲਾ ਸੋਨਾ ਦਿਨ ਦੇ ਹੇਠਲੇ ਪੱਧਰ 70,202 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਇਸੇ ਤਰ੍ਹਾਂ ਮਈ ਡਿਲਿਵਰੀ ਵਾਲੀ ਚਾਂਦੀ ਵੀ 728 ਰੁਪਏ ਯਾਨੀ 0.9 ਫੀ ਸਦੀ ਦੀ ਗਿਰਾਵਟ ਨਾਲ 79,851 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ।