E-commerce Site ’ਤੇ ਨਹੀਂ ਵਿਕ ਸਕਣਗੇ ‘Made In China’ ਉਤਪਾਦ!

ਏਜੰਸੀ

ਖ਼ਬਰਾਂ, ਵਪਾਰ

ਦੇਸ਼ ਭਰ ਵਿਚ ਚੱਲ ਰਹੇ ਚੀਨੀ ਉਤਪਾਦਾਂ ਦੇ ਬਾਈਕਾਟ ਦੀ ਮੁਹਿੰਮ ਦੌਰਾਨ ਹੁਣ ਸਰਕਾਰ ਨੂੰ ਵਪਾਰੀ ਸੰਗਠਨ ਨੇ ਇਕ ਸੁਝਾਅ ਦਿੱਤਾ ਹੈ।

Made In China Products

ਨਵੀਂ ਦਿੱਲੀ: ਦੇਸ਼ ਭਰ ਵਿਚ ਚੱਲ ਰਹੇ ਚੀਨੀ ਉਤਪਾਦਾਂ ਦੇ ਬਾਈਕਾਟ ਦੀ ਮੁਹਿੰਮ ਦੌਰਾਨ ਹੁਣ ਸਰਕਾਰ ਨੂੰ ਵਪਾਰੀ ਸੰਗਠਨ ਨੇ ਇਕ ਸੁਝਾਅ ਦਿੱਤਾ ਹੈ। ਕੰਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਸਰਕਾਰ ਨੂੰ ਕਿਹਾ ਹੈ ਕਿ ਆਨਲਾਈਨ ਕੰਪਨੀਆਂ ਵੱਲੋਂ ਵੇਚੇ ਜਾਣ ਵਾਲੇ ਉਤਪਾਦਾਂ ‘ਤੇ ਵੀ ਇਸ ਤਰ੍ਹਾਂ ਦਾ ਜ਼ਿਕਰ ਹੋਣਾ ਚਾਹੀਦਾ ਹੈ ਕਿ ਉਹ ਕਿਸ ਦੇਸ਼ ਵਿਚ ਬਣਿਆ ਹੈ।

ਕੈਟ ਦਾ ਕਹਿਣਾ ਹੈ ਕਿ ਜ਼ਿਆਦਾਤਰ ਈ-ਕਾਮਰਸ ਕੰਪਨੀਆਂ ‘ਤੇ ਚੀਨੀ ਉਤਪਾਦਾਂ ਨੂੰ ਵੇਚਿਆ ਜਾ ਰਿਹਾ ਹੈ। ਵਪਾਰੀ ਸੰਗਠਨ ਨੇ ਕੇਂਦਰੀ ਵਪਾਰ ਮੰਤਰੀ ਪੀਊਸ਼ ਗੋਇਲ ਨੂੰ ਇਸ ਗੱਲ ਦਾ ਸੁਝਾਅ ਦਿੰਦੇ ਹੋਏ ਕਿਹਾ ਹੈ ਕਿ ਇਹਨਾਂ ਕੰਪਨੀਆਂ ਲਈ ਅਜਿਹਾ ਨਿਯਮ ਲਾਗੂ ਕੀਤਾ ਜਾਵੇ।

ਮੀਡੀਆ ਅਨੁਸਾਰ ਕੈਟ ਦੇ ਜਨਰਲ ਸਕੱਤਰ ਪ੍ਰਵੀਣ ਖੰਡੇਲਵਾਲ ਨੇ ਕਿਹਾ ਕਿ ਇਸ ਨਾਲ ਗਾਹਕਾਂ ਨੂੰ ਸਮਾਨ ਖਰੀਦਣ ਜਾਂ ਨਾ ਖਰੀਦਣ ਲਈ ਫੈਸਲਾ ਲੈਣ ਵਿਚ ਅਸਾਨੀ ਹੋਵੇਗੀ। ਸੰਗਠਨ ਮੁਤਾਬਕ ਜ਼ਿਆਦਾਤਰ ਈ-ਕਾਮਰਸ ਪੋਰਟਲ ਚੀਨ ਵਿਚ ਬਣੇ ਉਤਪਾਦ ਵੇਚਦੇ ਹਨ ਪਰ ਗਾਹਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ।

ਅਜਿਹੇ ਵਿਚ ਚੀਨੀ ਸਮਾਨ ਦਾ ਬਾਈਕਾਟ ਕਰਨ ਦੀ ਇੱਛਾ ਰੱਖਣ ਵਾਲੇ ਗਾਹਕ ਅਜਿਹਾ ਨਹੀਂ ਕਰ ਪਾਉਂਦੇ। ਕੇਂਦਰ ਸਰਕਾਰ ਈ-ਕਾਮਰਸ ਕੰਪਨੀਆਂ ਲਈ ਇਕ ਨਵਾਂ ਨਿਯਮ ਲੈ ਕੇ ਆ ਰਹੀ ਹੈ। ਹਾਲਾਂਕਿ ਹਾਲੇ ਤੱਕ ਇਸ ਬਾਰੇ ਅਧਿਕਾਰਕ ਐਲਾਨ ਨਹੀਂ ਹੋਇਆ ਹੈ। ਇਸ ਦੇ ਤਹਿਤ ਕੰਪਨੀਆਂ ਨੂੰ ਵੇਚੇ ਜਾਣ ਵਾਲੇ ਅਪਣੇ ਸਾਰੇ ਉਤਪਾਦਾਂ ‘ਤੇ ਇਹ ਲਿਖਣਾ ਹੋਵੇਗਾ ਕਿ ਉਹ ਭਾਰਤ ਵਿਚ ਬਣੇ ਹਨ ਜਾਂ ਕਿਸੇ ਹੋਰ ਦੇਸ਼ ਵਿਚ ਬਣੇ ਹਨ।

ਭਾਰਤ ਸਰਕਾਰ ਦੇ ਵਪਾਰ ਅਤੇ ਉਦਯੋਗ ਮੰਤਰਾਲੇ ਦੇ ਇਕ ਅਧਿਕਾਰੀ ਅਨੁਸਾਰ, ਚੀਨ ਨੂੰ ਚਾਰੇ ਪਾਸਿਓਂ ਘੇਰਨ ਦੀ ਤਿਆਰੀ ਕਰ ਲਈ ਗਈ ਹੈ। ਇਸ ਦੇ ਲਈ ਚੀਨ ਨੂੰ ਆਰਥਿਕ ਮੋਰਚੇ 'ਤੇ ਸਭ ਤੋਂ ਵੱਡਾ ਝਟਕਾ ਦਿੱਤਾ ਜਾਵੇਗਾ। ਇਸ ਦੇ ਲਈ ਸਰਕਾਰ ਵੱਲੋਂ ਪੂਰਾ ਬਲੂਪ੍ਰਿੰਟ ਵੀ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਭਾਰਤ ਆਉਣ ਤੋਂ ਪਹਿਲਾਂ ਚੀਨੀ ਕੰਪਨੀਆਂ ਦੀ ਸਖਤ ਜਾਂਚ ਕੀਤੀ ਜਾਵੇਗੀ।