9.5 ਕਰੋੜ ਪਾਕਿਸਤਾਨੀ ਗਰੀਬੀ ਵਿਚ, ਆਰਥਕ ਸਥਿਰਤਾ ਲਈ ਫੌਰੀ ਸੁਧਾਰਾਂ ਦੀ ਲੋੜ: ਵਿਸ਼ਵ ਬੈਂਕ
ਵਿਸ਼ਵ ਬੈਂਕ ਮੁਤਾਬਕ ਪਾਕਿਸਤਾਨ ਵਿਚ ਇਕ ਸਾਲ ਵਿਚ ਗਰੀਬੀ 34.2 ਫ਼ੀ ਸਦੀ ਤੋਂ ਵਧ ਕੇ 39.4 ਫ਼ੀ ਸਦੀ ਹੋ ਗਈ ਹੈ।
ਇਸਲਾਮਾਬਾਦ: ਵਿਸ਼ਵ ਬੈਂਕ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਪਿਛਲੇ ਵਿੱਤੀ ਸਾਲ ਵਿਚ ਗਰੀਬੀ ਵਧ ਕੇ 39.4 ਫ਼ੀ ਸਦੀ ਹੋ ਗਈ ਹੈ। ਮਾੜੀ ਆਰਥਕ ਸਥਿਤੀ ਕਾਰਨ 1.25 ਕਰੋੜ ਤੋਂ ਵੱਧ ਲੋਕ ਪ੍ਰਭਾਵਤ ਹੋਏ ਹਨ ਅਤੇ ਦੇਸ਼ ਨੂੰ ਵਿੱਤੀ ਸਥਿਰਤਾ ਪ੍ਰਾਪਤ ਕਰਨ ਲਈ ਤੁਰੰਤ ਕਦਮ ਚੁੱਕਣੇ ਪੈਣਗੇ।
ਐਕਸਪ੍ਰੈਸ ਟ੍ਰਿਬਿਊਨ ਅਖਬਾਰ ਦੀ ਇਕ ਰੀਪੋਰਟ ਅਨੁਸਾਰ, ਵਾਸ਼ਿੰਗਟਨ ਸਥਿਤ ਰਿਣਦਾਤਾ ਨੇ ਇਕ ਡਰਾਫਟ ਨੀਤੀ ਦਾ ਪਰਦਾਫਾਸ਼ ਕੀਤਾ। ਇਸ ਨੂੰ ਪਾਕਿਸਤਾਨ ਦੀ ਅਗਲੀ ਸਰਕਾਰ ਲਈ ਸਾਰੇ ਹਿੱਸੇਦਾਰਾਂ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।
ਵਿਸ਼ਵ ਬੈਂਕ ਮੁਤਾਬਕ ਪਾਕਿਸਤਾਨ ਵਿਚ ਇਕ ਸਾਲ ਵਿਚ ਗਰੀਬੀ 34.2 ਫ਼ੀ ਸਦੀ ਤੋਂ ਵਧ ਕੇ 39.4 ਫ਼ੀ ਸਦੀ ਹੋ ਗਈ ਹੈ। ਇਸ ਨਾਲ 1.25 ਕਰੋੜ ਤੋਂ ਵੱਧ ਲੋਕ ਗਰੀਬੀ ਰੇਖਾ ਤੋਂ ਹੇਠਾਂ ਆ ਗਏ ਹਨ। ਪਾਕਿਸਤਾਨ ਵਿਚ, 3.65 ਅਮਰੀਕੀ ਡਾਲਰ ਪ੍ਰਤੀ ਦਿਨ ਦੇ ਆਮਦਨ ਪੱਧਰ ਨੂੰ ਗਰੀਬੀ ਰੇਖਾ ਮੰਨਿਆ ਜਾਂਦਾ ਹੈ।
ਡਰਾਫਟ ਨੀਤੀ ਵਿਚ ਕਿਹਾ ਗਿਆ ਹੈ ਕਿ ਲਗਭਗ 9.5 ਕਰੋੜ ਪਾਕਿਸਤਾਨੀ ਹੁਣ ਗਰੀਬੀ ਵਿਚ ਰਹਿ ਰਹੇ ਹਨ। ਪਾਕਿਸਤਾਨ ਲਈ ਵਿਸ਼ਵ ਬੈਂਕ ਦੇ ਮੁੱਖ ਅਰਥ ਸ਼ਾਸਤਰੀ ਟੋਬੀਅਸ ਹੱਕ ਨੇ ਕਿਹਾ ਕਿ ਪਾਕਿਸਤਾਨ ਦਾ ਆਰਥਕ ਮਾਡਲ ਹੁਣ ਗਰੀਬੀ ਨੂੰ ਘੱਟ ਨਹੀਂ ਕਰ ਰਿਹਾ ਹੈ ਅਤੇ ਸਾਥੀ ਦੇਸ਼ਾਂ ਦੇ ਮੁਕਾਬਲੇ ਇਥੇ ਜੀਵਨ ਪੱਧਰ ਹੇਠਾਂ ਡਿੱਗ ਰਿਹਾ ਹੈ। ਵਿਸ਼ਵ ਬੈਂਕ ਨੇ ਖੇਤੀਬਾੜੀ ਅਤੇ ਰੀਅਲ ਅਸਟੇਟ 'ਤੇ ਟੈਕਸ ਲਗਾਉਣ ਅਤੇ ਫਜ਼ੂਲ ਖਰਚਿਆਂ 'ਚ ਕਟੌਤੀ ਕਰਨ ਦੀ ਅਪੀਲ ਕੀਤੀ ਹੈ।