ਐਨ.ਡੀ.ਟੀ.ਵੀ. ਦੇ ਸੰਸਥਾਪਕ ਕੰਪਨੀ ਵਿੱਚ ਜ਼ਿਆਦਾਤਰ ਹਿੱਸੇਦਾਰੀ ਅਡਾਨੀ ਸਮੂਹ ਨੂੰ ਵੇਚਣਗੇ
ਪ੍ਰਣਯ ਰੌਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰੌਏ ਨੇ ਸਾਂਝੀ ਕੀਤੀ ਜਾਣਕਾਰੀ
ਨਵੀਂ ਦਿੱਲੀ - ਐਨ.ਡੀ.ਟੀ.ਵੀ. ਦੇ ਸੰਸਥਾਪਕ ਪ੍ਰਣਯ ਰੌਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰੌਏ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਮੀਡੀਆ ਸਮੂਹ ਵਿੱਚ ਆਪਣੀ ਬਾਕੀ ਬਚੀ 32.26 ਫ਼ੀਸਦੀ ਹਿੱਸੇਦਾਰੀ ਦਾ 27.26 ਫ਼ੀਸਦੀ ਅਡਾਨੀ ਸਮੂਹ ਨੂੰ ਵੇਚਣਗੇ।
ਵਿਕਰੀ ਪੂਰੀ ਹੋਣ 'ਤੇ, ਅਡਾਨੀ ਸਮੂਹ ਐਨ.ਡੀ.ਟੀ.ਵੀ. ਵਜੋਂ ਜਾਣੇ ਜਾਂਦੇ ਨਵੀਂ ਦਿੱਲੀ ਟੈਲੀਵਿਜ਼ਨ ਲਿਮਟਿਡ ਵਿੱਚ ਸਭ ਤੋਂ ਵੱਡਾ ਸ਼ੇਅਰਧਾਰਕ ਬਣ ਜਾਵੇਗਾ। ਗਰੁੱਪ ਪਹਿਲਾਂ ਹੀ ਸੰਸਥਾਪਕਾਂ ਦੁਆਰਾ ਸਮਰਥਨ ਪ੍ਰਾਪਤ ਇੱਕ ਕੰਪਨੀ ਖਰੀਦ ਚੁੱਕਿਆ ਹੈ ਅਤੇ ਬਾਅਦ ਵਿੱਚ ਓਪਨ ਮਾਰਕੀਟ ਤੋਂ ਵੀ ਸ਼ੇਅਰ ਹਾਸਲ ਕੀਤੇ ਹਨ।
ਸੰਸਥਾਪਕਾਂ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ 'ਚ ਕਿਹਾ, "ਅਜਿਹੀ ਸਥਿਤੀ ਵਿੱਚ ਅਸੀਂ ਆਪਸੀ ਸਮਝੌਤੇ ਤਹਿਤ ਐਨ.ਡੀ.ਟੀ.ਵੀ. ਵਿੱਚ ਆਪਣੇ ਬਹੁਗਿਣਤੀ ਸ਼ੇਅਰ ਏ.ਐਮ.ਜੀ. ਮੀਡੀਆ ਨੈਟਵਰਕ (ਅਡਾਨੀ ਸਮੂਹ ਦੀ ਫ਼ਰਮ) ਨੂੰ ਵੇਚਣ ਦਾ ਫੈਸਲਾ ਕੀਤਾ ਹੈ।"
ਐਨ.ਡੀ.ਟੀ.ਵੀ. 'ਚ ਦੋਵਾਂ ਦੀ ਸੰਯੁਕਤ ਹਿੱਸੇਦਾਰੀ 32.26 ਫ਼ੀਸਦੀ ਹੈ, ਜਦਕਿ ਅਡਾਨੀ ਗਰੁੱਪ ਕੋਲ ਹੁਣ ਕੰਪਨੀ 'ਚ ਹਿੱਸਾ 37.44 ਫ਼ੀਸਦੀ ਹੋ ਚੁੱਕਿਆ ਹੈ।
ਬਿਆਨ ਦੇ ਮੁਤਾਬਕ, ਪ੍ਰਣਯ ਰੌਏ ਅਤੇ ਰਾਧਿਕਾ ਰੌਏ ਐਨ.ਡੀ.ਟੀ.ਵੀ. 'ਚ 5 ਫ਼ੀਸਦੀ ਦੀ ਛੋਟੀ ਹਿੱਸੇਦਾਰੀ ਬਣਾਈ ਰੱਖਦੇ ਹੋਏ, ਬਾਕੀ ਬਚਿਆ 27.26 ਫ਼ੀਸਦੀ ਹਿੱਸਾ ਏ.ਐਮ.ਜੀ. ਮੀਡੀਆ ਨੈਟਵਰਕ ਨੂੰ ਵੇਚ ਦੇਣਗੇ।
ਰੌਏ ਜੋੜੇ ਨੇ ਇੱਕ ਬਿਆਨ ਵਿੱਚ ਕਿਹਾ, "ਖੁੱਲ੍ਹੀ ਪੇਸ਼ਕਸ਼ (ਅਡਾਨੀ ਸਮੂਹ ਵੱਲੋਂ) ਲਿਆਂਦੇ ਜਾਣ ਤੋਂ ਬਾਅਦ ਗੌਤਮ ਅਡਾਨੀ ਨਾਲ ਸਾਡੀ ਗੱਲਬਾਤ ਉਸਾਰੂ ਰਹੀ ਹੈ। ਸਾਡੇ ਵੱਲੋਂ ਦਿੱਤੇ ਸਾਰੇ ਸੁਝਾਵਾਂ ਨੂੰ ਹਾਂ-ਪੱਖੀ ਢੰਗ ਤੇ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ।"