ਗਲੋਬਲ ਮੰਦੀ ਵਿਚਕਾਰ ਏਸ਼ੀਆ ’ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ ਵਿਚ ਬਣਿਆ ਰਹੇਗਾ ਭਾਰਤ: OECD

ਏਜੰਸੀ

ਖ਼ਬਰਾਂ, ਵਪਾਰ

ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓਈਸੀਡੀ) ਨੇ ਆਪਣੀ ਤਾਜ਼ਾ 'ਇਕਨਾਮਿਕ ਆਉਟਲੁੱਕ' ਰਿਪੋਰਟ 'ਚ ਇਹ ਗੱਲ ਕਹੀ ਹੈ।

India among fastest growing economies in Asia amid global slowdown: OECD

 

ਲੰਡਨ: ਵਿਸ਼ਵ ਮੰਦੀ ਦਰਮਿਆਨ ਮੌਜੂਦਾ ਵਿੱਤੀ ਸਾਲ ਵਿਚ 6.6 ਫੀਸਦੀ ਦੀ ਆਰਥਿਕ ਵਿਕਾਸ ਦਰ ਦੇ ਨਾਲ ਭਾਰਤ ਏਸ਼ੀਆ ਵਿਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਵਿਚੋਂ ਇਕ ਹੋਵੇਗਾ। ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓਈਸੀਡੀ) ਨੇ ਆਪਣੀ ਤਾਜ਼ਾ 'ਇਕਨਾਮਿਕ ਆਉਟਲੁੱਕ' ਰਿਪੋਰਟ 'ਚ ਇਹ ਗੱਲ ਕਹੀ ਹੈ।

ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਗਲੋਬਲ ਮੰਗ ਵਿਚ ਗਿਰਾਵਟ ਅਤੇ ਮਹਿੰਗਾਈ ਨੂੰ ਕਾਬੂ ਕਰਨ ਲਈ ਇਕ ਹਮਲਾਵਰ ਮੁਦਰਾ ਨੀਤੀ ਦੇ ਬਾਵਜੂਦ ਭਾਰਤ 2022-23 ਵਿਚ ਸਾਊਦੀ ਅਰਬ ਤੋਂ ਇਕ ਸਥਾਨ ਪਿੱਛੇ ਜੀ-20 ਦੇਸ਼ਾਂ ਵਿਚ ਦੂਜੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਬਣਨ ਲਈ ਤਿਆਰ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਬਰਾਮਦ ਅਤੇ ਘਰੇਲੂ ਮੰਗ 'ਚ ਨਰਮੀ ਦੇ ਕਾਰਨ ਵਿੱਤੀ ਸਾਲ 2023-24 'ਚ ਭਾਰਤ ਦੀ ਕੁੱਲ ਘਰੇਲੂ ਉਤਪਾਦ ਵਾਧਾ ਦਰ 5.7 ਫੀਸਦੀ 'ਤੇ ਆ ਜਾਵੇਗੀ। ਹਾਲਾਂਕਿ ਇਹ ਅਜੇ ਵੀ ਚੀਨ ਅਤੇ ਸਾਊਦੀ ਅਰਬ ਸਮੇਤ ਕਈ ਹੋਰ G20 ਅਰਥਚਾਰਿਆਂ ਨਾਲੋਂ ਤੇਜ਼ੀ ਨਾਲ ਵਧ ਰਿਹਾ ਹੈ।

ਰਿਪੋਰਟ ਅਨੁਸਾਰ, "ਵਿੱਤੀ ਸਾਲ 2022-23 ਵਿਚ 6.6 ਪ੍ਰਤੀਸ਼ਤ ਦੀ ਦਰ ਨਾਲ ਵਿਕਾਸ ਕਰਨ ਤੋਂ ਬਾਅਦ, ਆਰਥਿਕਤਾ ਆਉਣ ਵਾਲੀਆਂ ਤਿਮਾਹੀਆਂ ਵਿਚ ਸੁਸਤ ਹੋ ਜਾਵੇਗੀ ਅਤੇ 2023-24 ਵਿਚ ਇਹ 5.7 ਪ੍ਰਤੀਸ਼ਤ ਅਤੇ 2024-25 ਵਿਚ 7 ​​ਪ੍ਰਤੀਸ਼ਤ ਤੱਕ ਪਹੁੰਚੇਗੀ।"

ਓਈਸੀਡੀ ਨੇ ਕਿਹਾ ਹੈ ਕਿ 2023 ਵਿਚ ਆਰਥਿਕ ਵਿਕਾਸ ਏਸ਼ੀਆ ਦੇ ਪ੍ਰਮੁੱਖ ਉਭਰ ਰਹੇ ਬਾਜ਼ਾਰਾਂ 'ਤੇ ਪੂਰੀ ਤਰ੍ਹਾਂ ਨਿਰਭਰ ਹੈ। ਇਹਨਾਂ ਦਾ ਅਗਲੇ ਸਾਲ ਗਲੋਬਲ ਜੀਡੀਪੀ ਵਿਕਾਸ ਵਿਚ ਲਗਭਗ ਤਿੰਨ-ਚੌਥਾਈ ਹਿੱਸਾ ਹੋਵੇਗਾ, ਜਦਕਿ ਯੂਰਪ ਅਤੇ ਅਮਰੀਕਾ ਘੱਟ ਯੋਗਦਾਨ ਪਾਉਣਗੇ।

ਓਈਸੀਡੀ ਦਾ ਅੰਦਾਜ਼ਾ ਹੈ ਕਿ ਜੇਕਰ ਆਲਮੀ ਆਰਥਿਕਤਾ ਮੰਦੀ ਤੋਂ ਬਚਦੀ ਹੈ, ਤਾਂ ਇਸ ਵਿਚ ਏਸ਼ੀਆ ਦੀਆਂ ਕੁਝ ਵੱਡੀਆਂ ਅਰਥਵਿਵਸਥਾਵਾਂ ਜਿਵੇਂ ਕਿ ਭਾਰਤ ਦਾ ਵੱਡਾ ਹੱਥ ਹੋਵੇਗਾ। ਗਲੋਬਲ ਅਰਥਵਿਵਸਥਾ ਇਸ ਸਾਲ 3.1 ਫੀਸਦੀ ਅਤੇ 2023 ਵਿਚ ਸਿਰਫ 2.2 ਫੀਸਦੀ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ।