ਵਿਜੇ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੌਕਸੀ ਜ਼ਰੀਏ ਵਰੁਣ ਗਾਂਧੀ ਦਾ ਕੇਂਦਰ 'ਤੇ ਨਿਸ਼ਾਨਾ, 'ਆਮ ਭਾਰਤੀ ਢੋਹ ਰਿਹਾ 'ਆਰਥਿਕ ਦੁਸ਼ਮਣਾਂ' ਦਾ ਬੋਝ’

ਏਜੰਸੀ

ਖ਼ਬਰਾਂ, ਵਪਾਰ

ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਵਰੁਣ ਗਾਂਧੀ ਨੇ ਇਕ ਵਾਰ ਫਿਰ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕੇ ਹਨ।

Varun Gandhi


ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਵਰੁਣ ਗਾਂਧੀ ਨੇ ਇਕ ਵਾਰ ਫਿਰ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕੇ ਹਨ। ਉਹਨਾਂ ਨੇ ਕਰੋੜਾਂ ਰੁਪਏ ਦਾ ਕਥਿਤ ਘੁਟਾਲਾ ਕਰਕੇ ਵਿਦੇਸ਼ ਭੱਜਣ ਵਾਲਿਆਂ 'ਤੇ ਸਰਕਾਰ ਦੀ ਢਿੱਲੀ ਕਾਰਵਾਈ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਉਹਨਾਂ ਕਿਹਾ ਕਿ 7 ਸਾਲਾਂ ਵਿਚ ਸਰਕਾਰ ਉਹਨਾਂ ਕੋਲੋਂ ਲੋੜੀਂਦੀ ਵਸੂਲੀ ਨਹੀਂ ਕਰ ਸਕੀ। ਦੱਸ ਦੇਈਏ ਕਿ ਵਰੁਣ ਗਾਂਧੀ ਵਿਜੇ ਮਾਲਿਆ, ਨੀਰਵ ਮੋਦੀ, ਮੇਹੁਲ ਚੌਕਸੀ ਅਤੇ ਰਿਸ਼ੀ ਅਗਰਵਾਲ ਦਾ ਨਾਂਅ ਲੈ ਕੇ ਕੇਂਦਰ ਸਰਕਾਰ ਨੂੰ ਘੇਰ ਰਹੇ ਹਨ।

Varun Gandhi

ਉਹਨਾਂ ਨੇ ਟਵੀਟ ਕੀਤਾ, ‘67 ਹਜ਼ਾਰ ਕਰੋੜ ਰੁਪਏ ਦੀ ਚੋਰੀ ਕਰਕੇ ਦੇਸ਼ ਛੱਡਣ ਵਾਲੇ ‘ਧਨਪਸ਼ੂਆਂ’ ਕੋਲੋਂ ਪਿਛਲੇ 7 ਸਾਲਾਂ 'ਚ ਸਿਰਫ ਇਕ ਚੌਥਾਈ ਪੈਸੇ ਦੀ ਵਸੂਲੀ ਕਰਨਾ ਕਾਫੀ ਨਹੀਂ ਹੈ। ਦੇਸ਼ ਦੇ 'ਆਰਥਿਕ ਦੁਸ਼ਮਣਾਂ' 'ਤੇ ਇਸ 'ਦਇਆ' ਦਾ ਬੋਝ ਆਮ ਭਾਰਤੀ ਅਪਣੇ ਮੋਢਿਆਂ 'ਤੇ ਚੁੱਕ ਰਿਹਾ ਹੈ ਜਦੋਂ ਬਚਤ ਖਾਤੇ ਦੀਆਂ ਵਿਆਜ ਦਰਾਂ ਅੱਜ ਇਤਿਹਾਸਕ ਤੌਰ 'ਤੇ ਹੇਠਲੇ ਪੱਧਰ 'ਤੇ ਹਨ’।

Tweet

ਜ਼ਿਕਰਯੋਗ ਹੈ ਕਿ ਵਿਜੇ ਮਾਲਿਆ 'ਤੇ ਕਈ ਬੈਂਕਾਂ ਤੋਂ ਲਏ ਕਰੀਬ 9,000 ਕਰੋੜ ਰੁਪਏ ਦੇ ਕਰਜ਼ੇ ਦਾ ਭੁਗਤਾਨ ਨਾ ਕਰਨ ਦਾ ਦੋਸ਼ ਹੈ। ਦੂਜੇ ਪਾਸੇ ਨੀਰਵ ਮੋਦੀ 'ਤੇ ਪੰਜਾਬ ਨੈਸ਼ਨਲ ਬੈਂਕ 'ਚ 14000 ਕਰੋੜ ਰੁਪਏ ਤੋਂ ਜ਼ਿਆਦਾ ਦਾ ਘੁਟਾਲਾ ਕਰਨ ਦਾ ਦੋਸ਼ ਹੈ। ਹਾਲ ਹੀ 'ਚ ਏਬੀਜੀ ਸ਼ਿਪਯਾਰਡ ਲਿਮਟਿਡ ਦੇ ਸਾਬਕਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਰਿਸ਼ੀ ਅਗਰਵਾਲ ਦਾ ਨਾਂ 22,842 ਕਰੋੜ ਰੁਪਏ ਦੇ ਕਰਜ਼ ਘੁਟਾਲੇ 'ਚ ਜੁੜਿਆ ਹੈ।

Vijay Mallya, Nirav Modi and Mehul Choksi

ਵਿਜੇ ਮਾਲਿਆ, ਨੀਰਵ ਮੋਦੀ ਅਤੇ ਰਿਸ਼ੀ ਅਗਰਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਵਰੁਣ ਗਾਂਧੀ ਨੇ ਕਿਹਾ ਕਿ ਇਹ ਲੋਕ ਆਪਣੀ ਜ਼ਿੰਦਗੀ ਖੁਸ਼ੀ ਨਾਲ ਬਤੀਤ ਕਰ ਰਹੇ ਹਨ ਪਰ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਹਾਲ ਹੀ ਵਿਚ ਸੁਪਰੀਮ ਕੋਰਟ ਵਿਚ ਕੇਂਦਰ ਸਰਕਾਰ ਨੇ ਦੱਸਿਆ ਸੀ ਕਿ ਬੈਂਕਾਂ ਨੂੰ ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ 18 ਕਰੋੜ ਰੁਪਏ ਵਾਪਸ ਮਿਲੇ ਹਨ।