ਦੱਖਣ ਅਫ਼ਰੀਕਾ 'ਚ ਬਿਟਕੁਆਇਨ ਘੁਟਾਲਾ, 540 ਕਰੋੜ ਰੁਪਏ ਠੱਗੇ
ਦਖਣੀ ਅਫ਼ਰੀਕਾ 'ਚ ਕ੍ਰਿਪਟੋਕਰੰਸੀ ਨਾਲ ਜੁੜਿਆ ਇਕ ਵੱਡਾ ਘੁਟਾਲਾ ਸਾਹਮਣੇ ਆਇਆ ਹੈ, ਜਿਸ 'ਚ ਵਧੇਰੇ ਵਿਆਜ ਦਰਾਂ ਦਾ ਝਾਂਸਾ ਦੇ ਕੇ 28,000 ਤੋਂ ਵੱਧ ਲੋਕਾਂ ਨੇ ਇਕੱਠੇ...
ਜੋਹਾਨਸਬਰਗ, 26 ਮਈ : ਦਖਣੀ ਅਫ਼ਰੀਕਾ 'ਚ ਕ੍ਰਿਪਟੋਕਰੰਸੀ ਨਾਲ ਜੁੜਿਆ ਇਕ ਵੱਡਾ ਘੁਟਾਲਾ ਸਾਹਮਣੇ ਆਇਆ ਹੈ, ਜਿਸ 'ਚ ਵਧੇਰੇ ਵਿਆਜ ਦਰਾਂ ਦਾ ਝਾਂਸਾ ਦੇ ਕੇ 28,000 ਤੋਂ ਵੱਧ ਲੋਕਾਂ ਨੇ ਇਕੱਠੇ ਹੀ ਧੋਖਾਧੜੀ ਕੀਤੀ। ਇਸ 'ਚ ਕੁੱਲ 107 ਮਿਲੀਅਨ ਸਿੰਗਾਪੁਰ ਦੇ ਡਾਲਰਾਂ (540 ਕਰੋੜ ਰੁਪਏ) ਦਾ ਚੂਨਾ ਲਗਾਇਆ ਗਿਆ ਹੈ।
ਬਿਟਕੁਆਇਨ ਟ੍ਰੇਡਿੰਗ ਕੰਪਨੀ, ਜਿਸ ਨੂੰ ਆਮ ਤੌਰ 'ਤੇ ਬੀ.ਟੀ.ਸੀ. ਗਲੋਬਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੇ ਲੋਕਾਂ ਨੂੰ ਪੈਸੇ ਨਿਵੇਸ਼ ਕਰਨ ਅਤੇ ਹਰ ਰੋਜ਼ ਦੇ ਹਿਸਾਬ ਦੇ ਦੋ ਫ਼ੀ ਸਦੀ, ਹਰ ਹਫ਼ਤੇ 14 ਫ਼ੀ ਸਦੀ ਅਤੇ ਹਰ ਮਹੀਨੇ 50 ਫ਼ੀ ਸਦੀ ਵਿਆਜ ਦੇਣ ਦਾ ਝਾਂਸਾ ਦੇ ਕੇ ਠਗਿਆ ਹੈ। ਦਖਣੀ ਅਫ਼ਰੀਕਾ ਦੇ ਗੰਭੀਰ ਆਰਥਕ ਅਪਰਾਧ ਮਾਮਲਿਆਂ ਦੀ ਇਕਾਈ ਇਸ ਦੀ ਜਾਂਚ ਕਰ ਰਹੀ ਹੈ।
ਪ੍ਰਾਇਰਿਟੀ ਕ੍ਰਾਇਨ ਇਨਵੈਸਟੀਗੇਸ਼ਨ ਡਾਇਰੈਕਟਰੇਟ ਦੇ ਕਾਰਜਕਾਰੀ ਰਾਸ਼ਟਰ ਮੁਖੀ ਯੇਲਿਸਾ ਮਟਕਾਟਾ ਨੇ ਕਿਹਾ, ''ਇਹ ਤਾਂ ਇਕ ਹੀ ਮਾਮਲਾ ਹੈ ਪਰ ਅਜਿਹੇ ਹਜ਼ਾਰਾਂ ਮਾਮਲੇ ਹੋਣਗੇ, ਜੋ ਅਜੇ ਤਕ ਸਾਹਮਣੇ ਨਹੀਂ ਆਏ ਅਤੇ ਜਿਨ੍ਹਾਂ 'ਚ ਲੋਕਾਂ ਨੂੰ ਠੱਗਿਆ ਗਿਆ।'' ਜ਼ਿਕਰਯੋਗ ਹੈ ਕਿ ਇਹ ਮਾਮਲਾ ਇਕ ਕਿਡਨੈਪਿੰਗ ਦੇ ਬਾਅਦ ਖੁਲ੍ਹਿਆ, ਉਸ 'ਚ ਇਕ ਦਖਣੀ ਅਫ਼ਰੀਕੀ ਬੱਚੇ ਨੂੰ ਅਗ਼ਵਾ ਕਰ ਕੇ ਕਿਡਨੈਪਰ ਨੇ ਬਿਟਕੁਆਇਨ 'ਚ ਫਿਰੌਤੀ ਮੰਗੀ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨਿਆਂ 'ਚ ਬਿਟਕੁਆਇਨ ਅਤੇ ਉਸ ਦੇ ਵਰਗੀਆਂ ਬਾਕੀ ਵਰਚੁਅਲ ਕਰੰਸੀਆਂ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਇਸ ਦੀ ਕੀਮਤ 'ਚ ਆਏ ਉਛਾਲ ਨਾਲ ਕਈ ਲੋਕ ਇਸ ਦੇ ਜਾਲ ਵਿਚ ਫਸੇ, ਜਿਸ 'ਚ ਭਾਰਤੀਆਂ ਦੀ ਗਿਣਤੀ ਵੀ ਸੀ। ਭਾਰਤ ਸਰਕਾਰ ਇਸ ਤੋਂ ਦੂਰ ਰਹਿਣ ਦੀ ਚਿਤਾਵਨੀ ਪਹਿਲਾਂ ਹੀ ਦੇ ਚੁੱਕੀ ਸੀ। (ਪੀਟੀਆਈ)