SBI, PNB ਤੋਂ ਬਾਅਦ ਦੇਸ਼ ਦੇ ਇਸ ਵੱਡੇ ਸਰਕਾਰੀ ਬੈਂਕ ਨੇ ਗਾਹਕਾਂ ਨੂੰ ਕੀਤਾ ਸਾਵਧਾਨ!

ਏਜੰਸੀ

ਖ਼ਬਰਾਂ, ਵਪਾਰ

ਬੈਂਕ ਨੇ ਦੱਸਿਆ ਕਿਵੇਂ ਹੋ ਰਹੀ ਹੈ ਖਾਤਿਆਂ ‘ਚੋਂ ਪੈਸਿਆਂ ਦੀ ਚੋਰੀ

Bank

ਨਵੀਂ ਦਿੱਲੀ: ਕੋਰੋਨਾ ਸੰਕਟ ਦੌਰਾਨ ਮਹਾਂਮਾਰੀ ਦੇ ਨਾਮ ‘ਤੇ ਆਨਲਾਈਨ ਧੋਖਾਧੜੀ ਦੇ ਜ਼ਰੀਏ ਲੋਕਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਉਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਲਈ ਸੀਬੀਆਈ ਤੋਂ ਬਾਅਦ ਹੁਣ ਦੇਸ਼ ਦੇ ਸਾਰੇ ਵੱਡੇ ਬੈਂਕ ਅਪਣੇ ਗਾਹਕਾਂ ਨੂੰ ਸਾਵਧਾਨ ਕਰ ਰਹੇ ਹਨ। ਹਾਲ ਹੀ ਵਿਚ ਸਟੇਟ ਬੈਂਕ ਆਫ ਇੰਡੀਆ ਤੋਂ ਬਾਅਦ ਹੁਣ ਬੈਂਕ ਆਫ ਬੜੌਦਾ ਨੇ ਅਪਣੇ ਗਾਹਕਾਂ ਨੂੰ ਸੰਦੇਸ਼ ਭੇਜ ਕੇ ਸਾਈਬਰ ਅਟੈਕ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ।

ਬੈਂਕ ਆਫ ਬੜੌਦਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਅਤੇ ਨਿੱਜੀ ਸੁਨੇਹੇ ਜ਼ਰੀਏ ਕਈ ਸ਼ਹਿਰਾਂ ਦੇ ਗਾਹਕਾਂ ਨੂੰ ਫਰਜ਼ੀ ਈ-ਮੇਲ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਵੀ ਐਡਵਾਇਜ਼ਰੀ ਜਾਰੀ ਕਰ ਕੇ ਵੱਡੇ ਸਾਈਬਰ ਅਟੈਕ ਦਾ ਸ਼ੱਕ ਜ਼ਾਹਿਰ ਕਰਦੇ ਹੋਏ ਆਮ ਲੋਕਾਂ ਅਤੇ ਸੰਸਥਾਵਾਂ ਨੂੰ ਸੁਚੇਤ ਕੀਤਾ ਸੀ।

ਬੈਂਕ ਆਫ ਬੜੌਦਾ ਨੇ ਟਵੀਟ ਅਤੇ ਮੈਸੇਜ ਦੇ ਜ਼ਰੀਏ ਅਪਣੇ ਗਾਹਕਾਂ ਨੂੰ ਕਿਹਾ, ‘ਸਾਡੀ ਜਾਣਕਾਰੀ ਵਿਚ ਆਇਆ ਹੈ ਕਿ ਦੇਸ਼ ਦੇ ਕਈ ਸ਼ਹਿਰਾਂ ਵਿਚ ਵੱਡਾ ਸਾਈਬਰ ਹਮਲਾ ਹੋਣ ਵਾਲਾ ਹੈ। ਤੁਸੀਂ ਅਪਣੇ ਕੋਲ ਮੁਫਤ ਕੋਵਿਡ-19 ਕਿੱਟ ਨੂੰ ਲੈ ਕੇ ncov2019@gov.in ਈਮੇਲ ਪਤੇ ਤੋਂ ਆਉਣ ਵਾਲੇ ਕਿਸੇ ਵੀ ਈਮੇਲ ‘ਤੇ ਕਲਿੱਕ ਨਾ ਕਰੋ। ਬੈਂਕ ਨੇ ਮੈਸੇਜ ਵਿਚ ਦੱਸਿਆ ਹੈ ਕਿ ਹੈਕਰਜ਼ ਨੇ 20 ਲੱਖ ਭਾਰਤੀਆਂ ਦੇ ਈਮੇਲ ਪਤੇ ਹਾਸਲ ਕਰ ਲਏ ਹਨ।

ਉਹ ਉਹਨਾਂ ਨੂੰ ਮੁਫਤ ਕੋਰੋਨਾ ਟੈਸਟ ਦੇ ਨਾਮ ‘ਤੇ ਈ-ਮੇਲ ਭੇਜ ਕੇ ਉਹਨਾਂ ਦੀ ਨਿੱਜੀ ਅਤੇ ਬੈਂਕ ਸਬੰਧੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬੈਂਕ ਮੁਤਾਬਕ, ਹੈਕਰਜ਼ ਦੇ ਨਿਸ਼ਾਨੇ ‘ਤੇ ਖਾਸਤੌਰ ‘ਤੇ ਦਿੱਲੀ, ਮੁੰਬਈ, ਹੈਦਰਾਬਾਦ, ਚੇਨਈ ਅਤੇ ਅਹਿਮਦਾਬਾਦ ਦੇ ਲੋਕ ਹਨ। ਦਰਅਸਲ ਜਦੋਂ ਯੂਜ਼ਰ ਹੈਕਰਜ਼ ਨੂੰ ਅਪਣੀ ਨਿੱਜੀ ਜਾਣਕਾਰੀ ਦੇ ਦਿੰਦਾ ਹੈ ਤਾਂ ਉਹਨਾਂ ਨੂੰ ਬੈਂਕ ਅਕਾਊਂਟ ਦਾ ਐਕਸੇਸ ਹਾਸਲ ਕਰਨ ਵਿਚ ਅਸਾਨੀ ਹੋ ਜਾਂਦੀ ਹੈ ਅਜਿਹੇ ਵਿਚ ਗਾਹਕ ਦਾ ਬੈਂਕ ਖਾਤਾ ਖਾਲੀ ਵੀ ਹੋ ਸਕਦਾ ਹੈ।