ਪਿਆਜ ਤੋਂ ਬਾਅਦ ਸੋਨੇ, ਚਾਂਦੀ ਦੀ ਕੀਮਤ 'ਚ ਆਇਆ ਭਾਰੀ ਉਛਾਲ

ਏਜੰਸੀ

ਖ਼ਬਰਾਂ, ਵਪਾਰ

ਸੋਨਾ ਹੋਇਆ 40 ਹਜ਼ਾਰੀ, ਚਾਂਦੀ ਦੀ ਕੀਮਤ ਵੀ ਵਧੀ

File

ਨਵੀਂ ਦਿੱਲੀ- ਵਿਦੇਸ਼ਾਂ 'ਚ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਵਿਚਕਾਰ ਸਥਾਨਕ ਗਹਿਣਾ ਮੰਗ ਵਧਣ ਨਾਲ ਦਿੱਲੀ ਸਰਾਫਾ ਬਜ਼ਾਰ 'ਚ ਸੋਨਾ-ਚਾਂਦੀ 7 ਹਫਤਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਏੇ। ਕਾਰੋਬਾਰੀਆਂ ਨੇ ਦੱਸਿਆ ਕਿ ਸੋਨਾ ਲਗਾਤਾਰ ਦੂਜੇ ਦਿਨ ਮਜ਼ਬੂਤ ਹੋਇਆ।

ਸੋਨਾ 350 ਰੁਪਏ ਚਮਕ ਕੇ 40,070 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਿਆ। ਇਹ 05 ਨਵੰਬਰ ਦੇ ਬਾਅਦ ਪਹਿਲਾ ਮੌਕਾ ਹੈ ਜਦੋਂ ਪੀਲੀ ਧਾਤ 40 ਹਜ਼ਾਰ ਦੇ ਪਾਰ ਪਹੁੰਚੀ ਹੈ। ਦੂਜੇ ਪਾਸੇ ਚਾਂਦੀ ਦੀ ਚਮਕ ਵੀ ਲਗਾਤਾਰ ਸੱਤਵੇਂ ਦਿਨ ਵਧੀ ਹੈ। 

ਇਹ 350 ਰੁਪਏ ਦੀ ਮਜ਼ਬੂਤੀ ਦੇ ਨਾਲ 47,930 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਜਿਹੜੀ ਕਿ 04 ਨਵੰਬਰ ਤੋਂ ਬਾਅਦ ਦਾ ਉੱਚ ਪੱਧਰ ਹੈ। ਅੰਤਰਰਾਸ਼ਟਰੀ ਬਜ਼ਾਰ 'ਚ ਰਹੀ ਤੇਜ਼ੀ ਨਾਲ ਸਥਾਨਕ ਪੱਧਰ 'ਤੇ ਸੋਨਾ-ਚਾਂਦੀ ਨੂੰ ਸਮਰਥਨ ਮਿਲਿਆ ਹੈ। 

ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨਾ ਹਾਜਿਰ 6.35 ਡਾਲਰ ਦੇ ਵਾਧੇ ਨਾਲ 1,504.1 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਜਿਹੜਾ ਕਿ 05 ਨਵੰਬਰ ਦੇ ਬਾਅਦ ਦਾ ਉੱਚ ਪੱਧਰ ਹੈ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 4.20 ਡਾਲਰ ਦੀ ਤੇਜ਼ੀ ਨਾਲ 1,509 ਡਾਲਰ ਪ੍ਰਤੀ ਔਂਸ ਬੋਲਿਆ ਗਿਆ। 

ਚਾਂਦੀ ਹਾਜਿਰ ਵੀ 0.20 ਡਾਲਰ ਦੀ ਤੇਜ਼ੀ ਨਾਲ 17.93 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਬਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਜੰਗ 'ਤੇ ਸਮਝੌਤਿਆਂ ਨਾਲ ਜੁੜੀਆਂ ਅਨਿਸ਼ਚਿਤਤਾ ਦੇ ਕਾਰਨ ਨਿਵੇਸ਼ਕਾਂ ਨੇ ਪੀਲੀ ਧਾਤ ਵੱਲ ਰੁਖ਼ ਕਰ ਲਿਆ ਹੈ। ਇਸ ਦੇ ਨਾਲ ਹੀ ਅਮਰੀਕਾ ਵਿਚ ਕ੍ਰਿਸਮਿਸ ਤੋਂ ਪਹਿਲਾਂ ਜਾਰੀ ਕਮਜ਼ੋਰ ਆਰਥਿਕ ਅੰਕੜਿਆਂ ਦਾ ਅਸਰ ਵੀ ਦੇਖਿਆ ਜਾ ਰਿਹਾ ਹੈ।