ਕਾਇਨੈਟਿਕ ਕੰਪਨੀ ਵੱਲੋਂ ਜਾਣਕਾਰੀ, ਸੜਕਾਂ 'ਤੇ ਮੁੜ ਦੌੜੇਗੀ 'ਲੂਨਾ' 

ਏਜੰਸੀ

ਖ਼ਬਰਾਂ, ਵਪਾਰ

ਆਪਣੇ ਸਮੇਂ ਦੀ ਪ੍ਰਸਿੱਧ ਮੋਪੇਡ ਦਾ ਆਵੇਗਾ ਇਲੈਕਟ੍ਰਿਕ ਮਾਡਲ

Representational Image

 

ਨਵੀਂ ਦਿੱਲੀ - ਕਾਇਨੈਟਿਕ ਗਰੁੱਪ ਆਪਣੇ ਸਮੇਂ ਦੀ ਬਹੁਤ ਹੀ ਮਸ਼ਹੂਰ ਤੇ ਕਾਮਯਾਬ ਰਹੀ ਮੋਪੇਡ 'ਲੂਨਾ' ਦਾ ਇਲੈਕਟ੍ਰਿਕ ਮਾਡਲ ਬਾਜ਼ਾਰ 'ਚ ਲਾਂਚ ਕਰੇਗਾ।

ਕਾਇਨੈਟਿਕ ਇੰਜਨੀਅਰਿੰਗ ਲਿਮਟਿਡ (ਕੇ.ਈ.ਐਲ.) ਨੇ ਸੋਮਵਾਰ ਨੂੰ ਸ਼ੇਅਰ ਬਜ਼ਾਰਾਂ ਨੂੰ ਸੂਚਿਤ ਕੀਤਾ ਕਿ ਉਸ ਦੀ ਸਹਾਇਕ ਕਾਇਨੇਟਿਕ ਗ੍ਰੀਨ ਐਨਰਜੀ ਐਂਡ ਪਾਵਰ ਸਲਿਊਸ਼ਨਜ਼ ਜਲਦ ਹੀ ਮਾਰਕੀਟ ਵਿੱਚ ਈ-ਲੂਨਾ ਲਾਂਚ ਕਰੇਗੀ। ਇਸ ਦੇ ਲਈ ਕੇ.ਈ.ਐਲ. ਨੇ ਇਸ ਦੀ ਚੈਸੀਜ਼ ਅਤੇ ਹੋਰ ਇਲੈਕਟ੍ਰਿਕ ਪੁਰਜ਼ਿਆਂ ਦਾ ਨਿਰਮਾਣ ਵੀ ਸ਼ੁਰੂ ਕਰ ਦਿੱਤਾ ਹੈ।

ਕੇ.ਈ.ਐਲ. ਦੇ ਮੈਨੇਜਿੰਗ ਡਾਇਰੈਕਟਰ ਅਜਿੰਕਿਆ ਫਿਰੋਦੀਆ ਨੇ ਕਿਹਾ, "ਸਾਨੂੰ ਅਗਲੇ ਦੋ-ਤਿੰਨ ਸਾਲਾਂ ਵਿੱਚ, ਈ-ਲੂਨਾ ਦੀ ਗਿਣਤੀ ਦੇ ਵਧਣ ਨਾਲ, ਇਸ ਕਾਰੋਬਾਰ ਰਾਹੀਂ 30 ਕਰੋੜ ਰੁਪਏ ਤੋਂ ਵੱਧ ਦੇ ਸਾਲਾਨਾ ਕਾਰੋਬਾਰ ਦੀ ਉਮੀਦ ਹੈ। 

ਕਾਇਨੈਟਿਕ ਇੰਜੀਨੀਅਰਿੰਗ ਨੇ 50 ਸਾਲ ਪਹਿਲਾਂ ਲੂਨਾ ਨੂੰ ਲਾਂਚ ਕੀਤਾ ਸੀ, ਜਦੋਂ ਇਸ ਦੀ ਕੀਮਤ 2,000 ਰੁਪਏ ਪ੍ਰਤੀ ਯੂਨਿਟ ਰੱਖੀ ਗਈ ਸੀ। ਕੰਪਨੀ ਨੇ ਦੱਸਿਆ ਕਿ ਲੂਨਾ ਜਲਦੀ ਹੀ ਬਹੁਤ ਮਸ਼ਹੂਰ ਹੋ ਗਈ। ਇੱਕ ਸਮੇਂ ਇਸ ਦੀ ਪ੍ਰਤੀ ਦਿਨ ਵਿਕਰੀ 2,000 ਤੱਕ ਪਹੁੰਚ ਗਈ ਸੀ, ਅਤੇ ਉਦੋਂ ਇਸ ਦੀ ਮਾਰਕੀਟ 'ਚ ਆਪਣੀ ਸ਼੍ਰੇਣੀ ਵਿੱਚ 95 ਫ਼ੀਸਦੀ ਦੀ ਹਿੱਸੇਦਾਰੀ ਸੀ।