68 ਸਾਲ ਬਾਅਦ ਫਿਰ ਟਾਟਾ ਗਰੁੱਪ ਦੀ ਹੋਈ ਏਅਰ ਇੰਡੀਆ

ਏਜੰਸੀ

ਖ਼ਬਰਾਂ, ਵਪਾਰ

ਕੇਂਦਰ ਸਰਕਾਰ ਤੋਂ ਅੰਤਿਮ ਭੁਗਤਾਨ ਮਿਲਣ ਤੋਂ ਬਾਅਦ ਏਅਰ ਇੰਡੀਆ ਕੰਪਨੀ ਅੱਜ ਤੋਂ ਟਾਟਾ ਗਰੁੱਪ ਦੀ ਹੋ ਗਈ ਹੈ

Tata takes over Air India


ਨਵੀਂ ਦਿੱਲੀ: ਕੇਂਦਰ ਸਰਕਾਰ ਤੋਂ ਅੰਤਿਮ ਭੁਗਤਾਨ ਮਿਲਣ ਤੋਂ ਬਾਅਦ ਏਅਰ ਇੰਡੀਆ ਕੰਪਨੀ ਅੱਜ ਤੋਂ ਟਾਟਾ ਗਰੁੱਪ ਦੀ ਹੋ ਗਈ ਹੈ। ਕਰੀਬ 69 ਸਾਲ ਪਹਿਲਾਂ ਟਾਟਾ ਤੋਂ ਏਅਰ ਇੰਡੀਆ ਕੰਪਨੀ ਲੈਣ ਤੋਂ ਬਾਅਦ ਹੁਣ ਇਸ ਨੂੰ ਦੁਬਾਰਾ ਟਾਟਾ ਗਰੁੱਪ ਨੂੰ ਸੌਂਪਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਏਅਰ ਇੰਡੀਆ ਨੂੰ ਟਾਟਾ ਗਰੁੱਪ 'ਚ ਵਾਪਸ ਲੈ ਕੇ ਅਸੀਂ ਪੂਰੀ ਤਰ੍ਹਾਂ ਖੁਸ਼ ਹਾਂ। ਅਸੀਂ ਵਿਸ਼ਵ ਪੱਧਰੀ ਏਅਰਲਾਈਨ ਦੇ ਤੌਰ 'ਤੇ ਹਰ ਕਿਸੇ ਨਾਲ ਕੰਮ ਕਰਨ ਦੀ ਉਮੀਦ ਰੱਖਦੇ ਹਾਂ।

TATA Group

ਪਿਛਲੇ ਸਾਲ ਅਕਤੂਬਰ 'ਚ ਸਰਕਾਰ ਨੇ ਏਅਰ ਇੰਡੀਆ ਦੀ ਵਿਕਰੀ ਲਈ ਟਾਟਾ ਸਮੂਹ ਨਾਲ 18,000 ਕਰੋੜ ਰੁਪਏ ਵਿਚ ਸ਼ੇਅਰ ਖਰੀਦ ਸਮਝੌਤਾ ਕੀਤਾ ਸੀ। ਇਸ ਸੌਦੇ ਵਿਚ ਏਅਰ ਇੰਡੀਆ ਐਕਸਪ੍ਰੈਸ ਅਤੇ ਇਸ ਦੀ ਇਕਾਈ AISATS ਦੀ ਵਿਕਰੀ ਵੀ ਸ਼ਾਮਲ ਹੈ। ਇਸ ਮੌਕੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਏਅਰ ਇੰਡੀਆ ਦੀ ਵਿਨਿਵੇਸ਼ ਪ੍ਰਕਿਰਿਆ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਗਿਆ ਹੈ ਜੋ ਕਿ ਸ਼ਲਾਘਾਯੋਗ ਹੈ।

Air India

ਉਹਨਾਂ ਟਵੀਟ ਕਰਦਿਆਂ ਲਿਖਿਆ, “ਏਅਰ ਇੰਡੀਆ ਦੇ ਵਿਨਿਵੇਸ਼ ਦੀ ਪ੍ਰਕਿਰਿਆ ਤੈਅ ਸਮਾਂਬੱਧ ਤਰੀਕੇ ਨਾਲ ਪੂਰੀ ਹੋ ਚੁੱਕੀ ਹੈ। ਇਹ ਸਰਕਾਰ ਦੀ ਸਮਰੱਥਾ ਨੂੰ ਸਾਬਤ ਕਰਦਾ ਹੈ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਸਰਕਾਰ ਭਵਿੱਖ ਵਿਚ ਗੈਰ-ਰਣਨੀਤਕ ਖੇਤਰਾਂ ਵਿਚ ਵਿਨਿਵੇਸ਼ ਕਰਨ ਲਈ ਦ੍ਰਿੜ ਹੈ”।

Air India

ਦੱਸ ਦੇਈਏ ਕਿ ਅਧਿਕਾਰਤ ਤੌਰ 'ਤੇ ਐਕਵਾਇਰ ਦੀ ਘੋਸ਼ਣਾ ਤੋਂ ਪਹਿਲਾਂ ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਸੀ। ਮੀਟਿੰਗ ਦੀ ਤਸਵੀਰ ਪੀਐਮਓ ਦੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਗਈ ਹੈ।