ਲੌਕਡਾਊਨ ਦੇ ਚਲਦਿਆਂ ਲਗਾਤਾਰ ਘਟ ਰਹੀ ਡੀਜ਼ਲ ਦੀ ਖਪਤ, ਇਕ ਫੀਸਦੀ ਘਟੀ ਮੰਗ
ਕੋਰੋਨਾ ਵਾਇਰਸ ਸੰਕਰਮਣ ਨੂੰ ਰੋਕਣ ਲਈ ਕੀਤੇ ਗਏ ਲੌਕਡਾਊਨ ਦੇ ਚਲਦਿਆਂ ਪੈਟਰੋਲ-ਡੀਜ਼ਲ ਦੀ ਮੰਗ / ਖਪਤ ਲਗਾਤਾਰ ਘੱਟ ਰਹੀ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕਰਮਣ ਨੂੰ ਰੋਕਣ ਲਈ ਕੀਤੇ ਗਏ ਲੌਕਡਾਊਨ ਦੇ ਚਲਦਿਆਂ ਪੈਟਰੋਲ-ਡੀਜ਼ਲ ਦੀ ਮੰਗ / ਖਪਤ ਲਗਾਤਾਰ ਘੱਟ ਰਹੀ ਹੈ। ਪਿਛਲੇ ਸਾਲ 2018-19 ਦੇ ਮੁਕਾਬਲੇ 2019-20 ਵਿਚ ਡੀਜ਼ਲ ਦੀ ਖਪਤ ਵਿਚ ਇਕ ਫੀਸਦੀ ਦੀ ਕਮੀ ਆਈ ਹੈ।
ਹਾਲਾਂਕਿ ਇਸ ਮਿਆਦ ਦੌਰਾਨ ਪੈਟਰੋਲ ਦੀ ਮੰਗ / ਖਪਤ ਵਿਚ 6 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪੈਟਰੋਲੀਅਮ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਤਾਲਾਬੰਦੀ ਕਾਰਨ ਪੈਟਰੋਲ ਅਤੇ ਡੀਜ਼ਲ ਦੀ ਮੰਗ ਇਸ ਸਾਲ ਘੱਟ ਰਹੇਗੀ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਪੈਟਰੋਲੀਅਮ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਸੈੱਲ ਅਨੁਸਾਰ, 2019-20 ਵਿਚ ਕੁੱਲ 82,579 ਹਜ਼ਾਰ ਮੀਟ੍ਰਿਕ ਟਨ ਡੀਜ਼ਲ ਦੀ ਖਪਤ ਕੀਤੀ ਗਈ ਹੈ। ਜਦਕਿ 2018-19 ਵਿਚ ਇਹ 83,528 ਹਜ਼ਾਰ ਮੀਟਰਕ ਟਨ ਸੀ। ਉੱਥੇ ਹੀ ਪਿਛਲੇ ਸਾਲ ਦੇ ਮੁਕਾਬਲੇ ਪੈਟਰੋਲ ਦੀ ਖਪਤ ਵਿਚ ਵਾਧਾ ਹੋਇਆ ਹੈ।
2019-20 ਵਿਚ, 29,976 ਹਜ਼ਾਰ ਮੀਟ੍ਰਿਕ ਟਨ ਪੈਟਰੋਲ ਦੀ ਖਪਤ ਹੋਈ ਸੀ, ਜਦਕਿ ਸਾਲ 2018-19 ਵਿਚ 28,284 ਹਜ਼ਾਰ ਮੀਟ੍ਰਿਕ ਟਨ ਦੀ ਖਪਤ ਹੋਈ ਸੀ। ਅੰਕੜੇ ਦਰਸਾਉਂਦੇ ਹਨ ਕਿ ਦਸੰਬਰ, 2019 ਵਿਚ ਡੀਜ਼ਲ ਦੀ ਖਪਤ 7,387 ਹਜ਼ਾਰ ਮੀਟ੍ਰਿਕ ਟਨ ਸੀ। ਜਦਕਿ ਦਸੰਬਰ 2018 ਵਿਚ ਡੀਜ਼ਲ ਦੀ ਮੰਗ 7,389 ਹਜ਼ਾਰ ਮੀਟ੍ਰਿਕ ਟਨ ਸੀ।
ਮਾਰਚ 2020 ਵਿਚ ਕੁੱਲ 5,651 ਹਜ਼ਾਰ ਮੀਟ੍ਰਿਕ ਟਨ ਡੀਜ਼ਲ ਦੀ ਖਪਤ ਹੋਈ ਸੀ। ਜਦਕਿ ਮਾਰਚ 2019 ਵਿਚ ਡੀਜ਼ਲ ਦੀ ਮੰਗ 7,459 ਸੀ। ਜਨਵਰੀ 2020 ਵਿਚ ਵੀ ਮੰਗ / ਖਪਤ ਘੱਟ ਹੋਈ। ਪੈਟਰੋਲੀਅਮ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਸੈੱਲ ਦੀ ਰਿਪੋਰਟ ਦੇ ਅਨੁਸਾਰ ਮਾਰਚ ਮਹੀਨੇ ਵਿਚ ਡੀਜ਼ਲ ਦੀ ਮੰਗ ਵਿਚ ਕਮੀ ਕਈ ਕਾਰਨਾਂ ਕਰਕੇ ਆਈ ਹੈ। ਮਾਰਚ ਦੇ ਅਖੀਰਲੇ ਹਫਤੇ ਲੌਕਡਾਊਨ ਹੋਣਾ ਇਸ ਦਾ ਵੱਡਾ ਕਾਰਨ ਰਿਹਾ ਹੈ।