ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ 'ਚ 7 ਲੱਖ ਅਸਾਮੀਆਂ ਖਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

1 ਮਾਰਚ 2018 ਤੋਂ 38.02 ਲੱਖ ਅਹੁਦਿਆਂ ਲਈ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਇਨ੍ਹਾਂ 'ਚੋਂ 31.18 ਲੱਖ 'ਤੇ ਭਰਤੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ।

7 lakh Vacancies in Central Ministries, Departments, Minister affirms

ਨਵੀਂ ਦਿੱਲੀ : ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ ਦੀ ਗੱਲ ਹੈ ਕਿ ਕੇਂਦਰੀ ਮੰਤਰਾਲਿਆਂ ਅਤੇ ਵੱਖ-ਵੱਖ ਵਿਭਾਗਾਂ 'ਚ ਲਗਭਗ 7 ਲੱਖ ਅਸਾਮੀਆਂ ਖਾਲੀ ਪਈਆਂ ਹਨ। ਇਨ੍ਹਾਂ ਅਸਾਮੀਆਂ ਨੂੰ ਭਰਨ ਦੀ ਕਵਾਇਦ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ। ਕੇਂਦਰ ਸਰਕਾਰ ਦੀਆਂ ਨੌਕਰੀਆਂ ਲਈ ਤਿਆਰੀ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਵਿਚ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਮਿਲੇਗਾ।

ਪ੍ਰਾਪਤ ਜਾਣਕਾਰੀ ਮੁਤਾਬਕ 1 ਮਾਰਚ 2018 ਤੋਂ 38.02 ਲੱਖ ਅਹੁਦਿਆਂ ਲਈ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਇਨ੍ਹਾਂ 'ਚੋਂ 31.18 ਲੱਖ 'ਤੇ ਭਰਤੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਇਸ ਸਮੇਂ ਲਗਭਗ 6.84 ਲੱਖ ਅਸਾਮੀਆਂ ਖਾਲੀ ਹਨ। ਪ੍ਰਸੋਨਲ ਰਾਜ ਮੰਤਰੀ ਜਿਤੇਂਦਰ ਸਿੰਘ ਮੁਤਾਬਕ, "ਕੇਂਦਰ ਸਰਕਾਰ 'ਚ ਇਹ ਅਸਾਮੀਆਂ ਰਿਟਾਇਰਮੈਂਟ, ਮੌਤ, ਪ੍ਰਮੋਸ਼ਨ ਆਦਿ ਕਾਰਨ ਖਾਲੀ ਹੋਈਆਂ ਹਨ ਅਤੇ ਸਬੰਧਤ ਵਿਭਾਗਾਂ ਅਤੇ ਸੰਗਠਨਾਂ ਵੱਲੋਂ ਭਰਤੀ ਨਿਯਮਾਂ ਅਨੁਸਾਰ ਇਨ੍ਹਾਂ ਨੂੰ ਭਰਿਆ ਜਾਵੇਗਾ।"

ਸੂਤਰਾਂ ਮੁਤਾਬਕ ਇਨ੍ਹਾਂ ਖਾਲੀ ਅਸਾਮੀਆਂ 'ਤੇ  ਭਰਤੀ ਦੀ ਪ੍ਰਕਿਰਿਆ ਜਾਰੀ ਰਹੇਗੀ। ਇਸ ਸਾਲ ਦੇ ਅੰਤ ਤਕ ਇਹ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਵੱਖ-ਵੱਖ ਅਸਾਮੀਆਂ ਲਈ ਭਰਤੀ ਕਰਨ ਵਾਲੀ ਏਜੰਸੀ ਨੇ ਇਹ ਦਾਅਵਾ ਕੀਤਾ ਹੈ।

ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਕਰਮਚਾਰੀ ਚੋਣ ਕਮਿਸ਼ਨ ਨੂੰ ਸਾਲ 2019 ਅਤੇ 2020 ਦੌਰਾਨ ਵੱਖ-ਵੱਖ ਮੰਤਰਾਲਿਆਂ ਵਲੋਂ ਪ੍ਰਾਪਤ ਹੋਈਆਂ 1,03,266 ਅਸਾਮੀਆਂ ਨੂੰ ਭਰਨ ਦੀ ਲੋੜ ਹੈ। ਕਮਿਸ਼ਨ ਵੱਖ-ਵੱਖ ਮੰਤਰਾਲਿਆਂ ਦੁਆਰਾ ਲੋੜ ਮੁਤਾਬਕ ਇਨ੍ਹਾਂ ਅਹੁਦਿਆਂ ਨੂੰ ਭਰਨ ਲਈ ਪ੍ਰੀਖਿਆਵਾਂ ਕਰਵਾ ਰਿਹਾ ਹੈ। ਰੇਲਵੇ, ਜੋ ਵਿਦਿਆਰਥੀਆਂ ਲਈ ਸਰਕਾਰੀ ਨੌਕਰੀਆਂ ਦੀ ਜ਼ਿਆਦਾ ਜ਼ਰੂਰਤ ਨੂੰ ਪੂਰਾ ਕਰਦਾ ਹੈ, ਵੀ ਸ਼ਾਨਦਾਰ ਵਿਕਲਪ ਹੈ। ਰੇਲਵੇ ਬੋਰਡ ਨੇ 2018-19 'ਚ ਦੋ ਸਾਲਾਂ ਵਿਚ ਕੁੱਲ 1,56,138 ਅਸਾਮੀਆਂ ਭਰਨ ਦੀ ਯੋਜਨਾ ਬਣਾਈ ਹੈ।