ਆਮ ਲੋਕਾਂ ਦੀ ਰਸੋਈ ਗ਼ਾਇਬ ਹੋਇਆ ਟਮਾਟਰ, ਕੀਮਤਾਂ 120 ਤਕ ਪੁੱਜੀਆਂ

ਏਜੰਸੀ

ਖ਼ਬਰਾਂ, ਵਪਾਰ

ਟਮਾਟਰ ਦੀਆਂ ਕੀਮਤਾਂ ’ਚ ਉਛਾਲ ਮੌਸਮੀ ਸਮਿਸਆ, ਛੇਤੀ ਘੱਟ ਹੋਣਗੀਆਂ ਕੀਮਤਾਂ : ਸਰਕਾਰ

representational Image

ਨਵੀਂ ਦਿੱਲੀ : ਟਮਾਟਰ ਦੀਆਂ ਕੀਮਤਾਂ ’ਚ ਆਏ ਤੇਜ਼ ਉਛਾਲ ਨੂੰ ਸਰਕਾਰ ਨੇ ਅਸਥਾਈ ਅਤੇ ਮੌਸਮ ਕਾਰਨ ਪੈਦਾ ਹੋਏ ਹਾਲਾਤ ਦਸਦਿਆਂ ਮੰਗਲਵਾਰ ਨੂੰ ਕਿਹਾ ਕਿ ਇਸ ਦੀਆਂ ਕੀਮਤਾਂ ਛੇਤੀ ਹੀ ਹੇਠਾਂ ਆ ਜਾਣਗੀਆਂ। ਪ੍ਰਮੁੱਖ ਉਤਪਾਦਕ ਇਲਾਕਿਆਂ ’ਚ ਮੀਂਹ ਪੈਣ ਨਾਲ ਟਮਾਟਰ ਦੀ ਸਪਲਾਈ ਰੁਕਣ ਕਾਰਨ ਇਸ ਦੀਆਂ ਕੀਮਤਾ ‘ਚ ਉਛਾਲ ਆਇਆ ਹੈ।

ਦੇਸ਼ ਦੇ ਕਈ ਸ਼ਹਿਰਾਂ ’ਚ 100 ਰੁਪਏ ਅਤੇ ਇਸ ਤੋਂ ਵੀ ਵੱਧ ਕੀਮਤ ’ਤੇ ਟਮਾਟਰ ਵਿਕਣ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਦਾ ਕਾਰਨ ਖਾਣਾ ਬਣਾਉਣ ’ਚ ਪ੍ਰਮੁੱਖਤਾ ਨਾਲ ਪ੍ਰਯੋਗ ਹੋਣ ਵਾਲੇ ਟਮਾਟਰ ਨੇ ਘਰਾਂ ਦਾ ਬਜਟ ਵਿਗਾੜਨ ਦਾ ਕੰਮ ਕੀਤਾ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਇਸ ਬਾਬਤ ਕਿਹਾ ਕਿ ਟਮਾਟਰ ਦੀਆਂ ਕੀਮਤਾਂ ’ਚ ਤੇਜ਼ ਵਾਧਾ ਇਕ ਅਸਥਾਈ ਸਮਸਿਆ ਹੈ। ਉਨ੍ਹਾਂ ਕਿਹਾ, ‘‘ਹਰ ਸਾਲ ਇਸ ਸਮੇਂ ਅਜਿਹਾ ਹੁੰਦਾ ਹੈ। ਦਰਅਸਲ ਟਮਾਟਰ ਬਹੁਤ ਛੇਤੀ ਖ਼ਰਾਬ ਹੋਣ ਵਾਲੀ ਸਬਜ਼ੀ ਹੈ ਅਤੇ ਅਚਾਨਕ ਮੀਂਹ ਹੋਣ ਨਾਲ ਇਸ ਦੀ ਢੁਆਈ ’ਤੇ ਅਸਰ ਪੈਂਦਾ ਹੈ।’’

ਖਪਤਕਾਰ ਮਾਮਲਿਆਂ ਦੇ ਵਿਭਾਗ ਕੋਲ ਮੌਜੂਦ ਅੰਕੜਿਆਂ ਅਨੁਸਾਰ 27 ਜੂਨ ਨੂੰ ਕੁਲ ਭਾਰਤੀ ਪੱਧਰ ’ਤੇ ਟਮਾਟਰ ਦੀ ਔਸਤ ਕੀਮਤ 46 ਰੁਪਏ ਪ੍ਰਤੀ ਕਿਲੋ ਰਹੀ। ਹਾਲਾਂਕਿ ਇਸ ਦੀ ਵੱਧ ਤੋਂ ਵੱਧ ਕੀਮਤ 122 ਰੁਪਏ ਪ੍ਰਤੀ ਕਿਲੋ ਵੀ ਦਰਜ ਕੀਤੀ ਗਈ ਹੈ। ਉਧਰ ਕਾਂਗਰਸ ਨੇ ਦੇਸ਼ ਦੇ ਕਈ ਹਿੱਸਿਆਂ ’ਚ ਟਮਾਟਰ ਦੀ ਕੀਮਤ ’ਚ ਉਛਾਲ ਨੂੰ ਲੈ ਕੇ ਮੰਗਲਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਲਾਇਆ ਅਤੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਗ਼ਲਤ ਨੀਤੀਆਂ ਕਾਰਨ ਟਮਾਟਰ ਦੀਆਂ ਕੀਮਤਾਂ ਵਧੀਆਂ ਹਨ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਮੋਦੀ ਦੇ ਪੰਜ ਸਾਲ ਪੁਰਾਣੇ ਇਕ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ, ‘‘ਪ੍ਰਧਾਨ ਮੰਤਰੀ ਨੇ ਟਮਾਟਰ, ਪਿਆਜ਼ ਅਤੇ ਆਲੂ ਨੂੰ ਸਿਖਰਲੀ ਪਹਿਲ ਦਸਿਆ ਸੀ। ਪਰ ਉਨ੍ਹਾਂ ਦੀਆਂ ਗ਼ਲਤ ਨੀਤੀਆਂ ਕਾਰਨ ਪਹਿਲਾਂ ਟਮਾਟਰ ਸੜਕ ’ਤੇ ਸੁਟਿਆ ਜਾਂਦਾ ਹੈ, ਫਿਰ 100 ਰੁਪਏ ਕਿਲੋ ਵਿਕਦਾ ਹੈ।’’

ਸਰਕਾਰ ਅੰਕੜਿਆਂ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਦੇ ਗੋਰਖਪੁਰ ਅਤੇ ਕਰਨਾਟਕ ਦੇ ਬੇਲਾਰੀ ’ਚ ਟਮਾਟਰ ਦੀ ਕੀਮਤ 122 ਰੁਪਏ ਪ੍ਰਤੀ ਕਿਲੋ ਦਰਜ ਕੀਤੀ ਗਈ ਹੈ। ਦਿੱਲੀ-ਐਨ.ਸੀ.ਆਰ. ’ਚ ਦੁੱਧ-ਸਬਜ਼ੀਆਂ ਦੀ ਵਿਕਰੀ ਕਰਨ ਵਾਲੀ ਮਦਰ ਡੇਅਰੀ ਦੇ ਸਟੋਰ ’ਤੇ ਵੀ ਟਮਾਟਰ ਦੀ ਕੀਮਤ ਇਕ ਹਫ਼ਤੇ ’ਚ ਦੁੱਗਣੀ ਹੋ ਕੇ ਲਗਭਗ 80 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਰਾਜਧਾਨੀ ਦਿੱਲੀ ’ਚ ਸਬਜ਼ੀਆਂ ਵੇਚਣ ਵਾਲੇ ਵੱਖੋ-ਵੱਖ ਥਾਵਾਂ ’ਤੇ ਟਮਾਟਰ ਨੂੰ 80-120 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਵੇਚ ਰਹੇ ਹਨ।

ਇਹ ਵੀ ਪੜ੍ਹੋ:  ਠੇਕਾ ਆਧਾਰਤ ਨਵੇਂ ਰੈਗੂਲਰ ਹੋਏ 12700 ਅਧਿਆਪਕਾਂ ਲਈ ਤੋਹਫ਼ਾ; ਮੁੱਖ ਮੰਤਰੀ ਵਲੋਂ ਤਨਖਾਹਾਂ 'ਚ 3 ਗੁਣਾ ਵਾਧਾ ਅਤੇ ਹੋਰ ਲਾਭ ਦੇਣ ਦਾ ਐਲਾਨ

ਰਾਜਸਥਾਨ ਦੀ ਗੱਲ ਕਰੀਏ ਤਾਂ ਪਿਛਲੇ ਹਫ਼ਤੇ ਆਏ ਬਿਪਰਜੌਏ ਤੂਫ਼ਾਨ ਦੇ ਅਸਰ ਕਾਰਨ ਇਥੇ ਸਬਜ਼ੀਆਂ ਦੀਆਂ ਕੀਮਤਾਂ ਵੀ ਕਾਫ਼ੀ ਵਧ ਗਈਆਂ ਹਨ। ਟਮਾਟਰ ਦੀਆਂ ਕੀਮਤਾਂ ’ਚ ਚਾਰ ਤੋਂ ਪੰਜ ਗੁਣਾ ਵਾਧਾ ਹੋਇਆ ਹੈ। ਰਾਜਸਥਾਨ ’ਚ ਬੇਂਗਲੁਰੂ ਅਤੇ ਨਾਸਿਕ ਤੋਂ ਟਮਾਟਰ 60-65 ਰੁਪਏ ਪ੍ਰਤੀ ਕਿੱਲੋ ਦੀ ਥੋਕ ਕੀਮਤ ’ਚ ਪਹੁੰਚ ਰਿਹਾ ਹੈ। ਜੈਪੁਰ ’ਚ ਸਬ਼ਜੀ ਦੇ ਇਕ ਵਿਕਰੀਕਰਤਾ ਨੇ ਦਸਿਆ ਕਿ ਅੱਜ ਟਮਾਟਰ ਦੀ ਕੀਮਤ 100 ਤੋਂ 120 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਪਹੁੰਚ ਗਈ ਹੈ।

ਜਦਕਿ ਮੱਧ ਪ੍ਰਦੇਸ਼ ਦੇ ਇੰਦੌਰ ’ਚ ਟਮਾਟਰ ਦੀਆਂ ਕੀਮਤਾਂ 110 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਈਆਂ ਹਨ। ਇੰਦੌਰ ਦੀ ਦੇਵੀ ਅਹਿਲਿਆਬਾਈ ਹੋਲਕਰ ਸਬਜ਼ੀ ਮੰਡੀ ਦੇ ਕਾਰੋਬਾਰੀ ਐਸੋਸੀਏਸ਼ਨ ਦੇ ਮੁਖੀ ਸੁੰਦਰਰਾਜ ਮਖੀਜਾ ਨੇ ਕਿਹਾ ਕਿ ਇਨ੍ਹੀਂ ਦਿਨੀਂ ਸਿਰਫ਼ ਮਹਾਰਾਸ਼ਟਰ ਤੋਂ ਟਮਾਟਰ ਦੀ ਸਪਲਾਈ ਹੋ ਰਹੀ ਹੈ, ਜਦਕਿ ਰਾਜਸਥਾਨ ’ਚ ਮੀਂਹ ਕਾਰਨ ਟਮਾਟਰ ਦੀ ਫਸਲ ਖ਼ਰਾਬ ਹੋਣ ਨਾਲ ਉਥੋਂ ਮਾਲ ਆਉਣਾ ਬੰਦ ਹੈ। ਦੇਸ਼ ਦੇ ਚਾਰ ਮੈਟਰੋ ਸ਼ਹਿਰਾਂ ਦੀ ਗੱਲ ਕਰੀਏ ਤਾਂ ਦਿੱਲੀ ’ਚ ਟਮਾਟਰ ਦੀ ਕੀਮਤ 60 ਰੁਪਏ ਪ੍ਰਤੀ ਕਿਲੋ, ਮੁੰਬਈ ’ਚ 42 ਰੁਪਏ ਪ੍ਰਤੀ ਕਿਲੋ, ਕੋਲਕਾਤਾ ’ਚ 75 ਰੁਪਏ ਪ੍ਰਤੀ ਕਿਲੋ ਅਤੇ ਚੇਨਈ ’ਚ 67 ਰੁਪਏ ਪ੍ਰਤੀ ਕਿਲੋ ਰਹੀ।