ਮੰਦੀ ਦੀ ਮਾਰ ਰੇਲਵੇ 'ਤੇ ਵੀ

ਏਜੰਸੀ

ਖ਼ਬਰਾਂ, ਵਪਾਰ

ਮਾਲ ਢੁਆਈ ਆਮਦਨ ਦੂਜੀ ਤਿਮਾਹੀ 'ਚ 3900 ਕਰੋੜ ਰੁਪਏ ਘਟੀ, ਯਾਤਰੀ ਆਮਦਨ 'ਚ ਵੀ ਕਮੀ

Slowdown effect on Indian Railway

ਨਵੀਂ ਦਿੱਲੀ : ਆਰਥਕ ਸੁਸਤੀ ਦਾ ਅਸਰ ਦੁਨੀਆਂ ਦੇ ਸੱਭ ਤੋਂ ਵੱਡੇ ਰੇਲ ਨੈੱਟਵਰਕਾਂ 'ਚੋਂ ਇਕ ਭਾਰਤੀ ਰੇਲ ਦੀ ਆਮਦਨ 'ਤੇ ਵੀ ਦਿਸਣ ਲੱਗਾ ਹੈ। ਚਾਲੂ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ 'ਚ ਰੇਲਵੇ ਦੀ ਯਾਤਰੀ ਕਿਰਾਏ ਤੋਂ ਆਮਦਨੀ ਸਾਲ ਦੀ ਪਹਿਲੀ ਤਿਮਾਹੀ ਮੁਕਾਬਲੇ 155 ਕਰੋੜ ਰੁਪਏ ਅਤੇ ਮਾਲ ਢੁਆਈ ਤੋਂ ਆਮਦਨ 3901 ਕਰੋੜ ਰੁਪਏ ਘੱਟ ਰਹੀ। ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਤਹਿਤ ਮੰਗੀ ਗਈ ਜਾਣਕਾਰੀ ਤੋਂ ਇਹ ਪ੍ਰਗਟਾਵਾ ਹੋਇਆ।

ਮੱਧ ਪ੍ਰਦੇਸ਼ ਦੇ ਨੀਮਚ ਦੇ ਆਰ.ਟੀ.ਆਈ. ਕਾਰਕੁਨ ਚੰਦਰ ਸ਼ੇਖਰ ਗੌੜ ਵਲੋਂ ਦਾਇਰ ਆਰ.ਟੀ.ਆਈ. 'ਚ ਪ੍ਰਗਟਾਵਾ ਹੋਇਆ ਹੈ ਕਿ 2019-20 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) 'ਚ ਯਾਤਰੀ ਕਿਰਾਏ ਤੋਂ 13,398.92 ਕਰੋੜ ਰੁਪਏ ਦੀ ਆਮਦਨ ਹੋਈ ਸੀ। ਇਹ ਆਮਦਨ ਜੁਲਾਈ-ਸਤੰਬਰ ਤਿਮਾਹੀ 'ਚ ਡਿੱਗ ਕੇ 13,243.81 ਕਰੋੜ ਰੁਪਏ ਰਹਿ ਗਈ। ਇਸੇ ਤਰ੍ਹਾਂ ਭਾਰਤੀ ਰੇਲ ਨੂੰ ਮਾਲ ਢੁਆਈ ਤੋਂ ਪਹਿਲੀ ਤਿਮਾਹੀ 'ਚ 29,066.92 ਕਰੋੜ ਰੁਪਏ ਦੀ ਕਮਾਈ ਹੋਈ ਜੋ ਕਿ ਦੂਜੀ ਤਿਮਾਹੀ 'ਚ ਕਾਫ਼ੀ ਘੱਟ ਹੋ ਕੇ 25,165 ਕਰੋੜ ਰੁਪਏ ਰਹਿ ਗਈ।

ਆਰਥਕ ਸੁਸਤੀ ਕਰ ਕੇ ਟਿਕਟ ਦੀ ਬੁਕਿੰਗ ਵੀ ਪ੍ਰਭਾਵਤ ਹੋਈ। ਪਿਛਲੇ ਸਾਲ ਅਪ੍ਰੈਲ-ਸਤੰਬਰ ਦੇ ਮੁਕਾਬਲੇ 2019-20 'ਚ ਇਸੇ ਸਮੇਂ ਦੌਰਾਲ ਬੁਕਿੰਗ 'ਚ 1.27 ਫ਼ੀ ਸਦੀ ਦੀ ਕਮੀ ਆਈ ਹੈ।  ਰੇਲਵੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਾਲ ਢੁਆਈ 'ਚ ਕਮੀ ਚਿੰਤਾ ਦਾ ਕਾਰਨ ਹੈ। ਕੋਲਾ ਖਾਣਾਂ 'ਚ ਪਾਣੀ ਭਰਨ ਨਾਲ ਕੋਲੇ ਦੀ ਲਦਾਈ ਪ੍ਰਭਾਵਤ ਹੋਈ ਹੈ ਜਦਕਿ ਇਸਪਾਤ ਅਤੇ ਸੀਮੈਂਟ ਖੇਤਰ ਆਰਥਕ ਸੁਸਤੀ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਰੇਲਵੇ ਨੇ ਇਨ੍ਹਾਂ ਨੁਕਸਾਨਾਂ ਨੂੰ ਘੱਟ ਕਰਨ ਲਈ ਉਪਾਅ ਕੀਤੇ ਹਨ ਅਤੇ ਉਮੀਦ ਹੈ ਕਿ ਰੇਲਵੇ ਇਸ ਸਮੱਸਿਆ ਤੋਂ ਮਜ਼ਬੂਤ ਹੋ ਕੇ ਬਾਹਰ ਨਿਕਲੇਗਾ।