ਕੱਚੇ ਮਾਲ ਦਾ ਨਿਰਯਾਤ ਮਨਜ਼ੂਰ ਨਹੀਂ, ਮੁੱਲ ਵਾਧਾ ਦੇਸ਼ ’ਚ ਹੀ ਹੋਵੇ : ਪ੍ਰਧਾਨ ਮੰਤਰੀ ਮੋਦੀ

ਏਜੰਸੀ

ਖ਼ਬਰਾਂ, ਵਪਾਰ

ਪ੍ਰਧਾਨ ਮੰਤਰੀ ਨੇ ਉਡੀਸ਼ਾ ਵਪਾਰ ਸਿਖਰ ਸੰਮੇਲਨ ਦਾ ਉਦਘਾਟਨ ਕੀਤਾ, ਕਿਹਾ, ਮੈਂ ਪੂਰਬੀ ਭਾਰਤ ਨੂੰ ਦੇਸ਼ ਦੇ ਵਿਕਾਸ ਦਾ ਇੰਜਣ ਮੰਨਦਾ ਹਾਂ

Prime Minister Narendra Modi with Odisha Chief Minister Mohan Charan Majhi during the 'Utkarsh Odisha' - Make in Odisha Conclave, in Bhubaneswar. (PMO via PTI Photo)

ਭੁਵਨੇਸ਼ਵਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕੱਚੇ ਮਾਲ ਦਾ ਨਿਰਯਾਤ ਅਤੇ ਤਿਆਰ ਉਤਪਾਦਾਂ ਦਾ ਦੇਸ਼ ’ਚ ਆਯਾਤ ਮਨਜ਼ੂਰ ਨਹੀਂ ਕਰ ਸਕਦੇ। ਨਾਲ ਹੀ ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿਤਾ ਕਿ ਮੁੱਲ ਵਾਧਾ ਦੇਸ਼ ’ਚ ਹੀ ਹੋਣਾ ਚਾਹੀਦਾ ਹੈ। 

ਭੁਵਨੇਸ਼ਵਰ ’ਚ ‘ਉਤਕਰਸ਼ ਓਡੀਸ਼ਾ ਮੇਕ ਇਨ ਇੰਡੀਆ ਕਾਂਕਲੇਵ’ ਦਾ ਉਦਘਾਟਨ ਕਰਦਿਆਂ ਮੋਦੀ ਨੇ ਕਿਹਾ ਕਿ ਉਹ ਪੂਰਬੀ ਭਾਰਤ ਨੂੰ ਦੇਸ਼ ਦੇ ਵਿਕਾਸ ਦਾ ਇੰਜਣ ਮੰਨਦੇ ਹਨ ਅਤੇ ਸੂਬਾ ਇਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ, ‘‘ਸਿਰਫ਼ ਕੱਚੇ ਮਾਲ ਦੇ ਨਿਰਯਾਤ ਨਾਲ ਦੇਸ਼ ਦਾ ਵਿਕਾਸ ਸੰਭਵ ਨਹੀਂ ਹੈ। ਇਸ ਲਈ ਅਸੀਂ ਪੂਰੇ ਆਲੇ-ਦੁਆਲੇ ਨੂੰ ਬਦਲ ਰਹੇ ਹਾਂ ਅਤੇ ਨਵੇਂ ਦ੍ਰਿਸ਼ਟੀਕੋਣ ਨਾਲ ਕੰਮ ਕਰ ਰਹੇ ਹਾਂ।’’

ਉਨ੍ਹਾਂ ਅੱਗੇ ਕਿਹਾ, ‘‘ਖਣਿਜਾਂ ਨੂੰ ਇਥੇ ਕਢਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਕਿਸੇ ਹੋਰ ਦੇਸ਼ ’ਚ ਨਿਰਯਾਤ ਕੀਤਾ ਜਾਂਦਾ ਹੈ ਜਿਥੇ ਉਨ੍ਹਾਂ ਦਾ ਮੁੱਲ ਵਾਧਾ ਕੀਤਾ ਜਾਂਦਾ ਹੈ ਅਤੇ ਨਵੇਂ ਉਤਪਾਦ ਬਣਾਏ ਜਾਂਦੇ ਹਨ। ਇਨ੍ਹਾਂ ਤਿਆਰ ਉਤਪਾਦਾਂ ਨੂੰ ਮੁੜ ਭਾਰਤ ’ਚ ਵਾਪਸ ਭੇਜ ਦਿਤਾ ਜਾਂਦਾ ਹੈ। ਮੋਦੀ ਨੂੰ ਇਹ ਮਨਜ਼ੂਰ ਨਹੀਂ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰੋੜਾਂ ਲੋਕਾਂ ਦੀਆਂ ਉਮੀਦਾਂ ਭਾਰਤ ਨੂੰ ਵਿਕਾਸ ਦੇ ਰਾਹ ’ਤੇ ਅੱਗੇ ਵਧਾ ਰਹੀਆਂ ਹਨ।

ਉਡੀਸ਼ਾ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ, ‘‘ਉਡੀਸ਼ਾ ਬਿਹਤਰੀਨ ਹੈ ਅਤੇ ਨਵੇਂ ਭਾਰਤ ਦੀ ਮੌਲਿਕਤਾ ਅਤੇ ਆਸ਼ਾਵਾਦ ਦੀ ਪ੍ਰਤੀਨਿਧਗੀ ਕਰਦਾ ਹੈ। ਉਡੀਸ਼ਾ ’ਚ ਮੌਕੇ ਹਨ ਅਤੇ ਇਥੋਂ ਦੇ ਲੋਕਾਂ ਨੇ ਬਿਹਤਰ ਪ੍ਰਦਰਸ਼ਨ ਕਰਨ ਦੀ ਭਾਵਨਾ ਵਿਖਾਈ ਹੈ।’’ ਆਸੀਆਨ ਦੇਸ਼ਾਂ ਨੇ ਉਡੀਸ਼ਾ ਨਾਲ ਵਪਾਰ ਸੰਬੰਧਾਂ ਨੂੰ ਮਜ਼ਬੂਤ ਕਰਨ ’ਚ ਦਿਲਚਸਪੀ ਵਿਖਾਈ ਹੈ। ਉਨ੍ਹਾਂ ਕਿਹਾ, ‘‘ਮੈਂ ਪੂਰਬੀ ਭਾਰਤ ਨੂੰ ਦੇਸ਼ ਦੇ ਵਿਕਾਸ ਦਾ ਇੰਜਣ ਮੰਨਦਾ ਹਾਂ ਅਤੇ ਇਸ ’ਚ ਉਡੀਸ਼ਾ ਦੀ ਮਹੱਤਵਪੂਰਨ ਭੂਮਿਕਾ ਹੈ। ਇਤਿਹਾਸ ਦਸਦਾ ਹੈ ਕਿ ਜਦੋਂ ਭਾਰਤ ਨੇ ਕੌਮਾਂਤਰੀ ਵਿਕਾਸ ’ਚ ਮਹੱਤਵਪੂਰਨ ਯੋਗਦਾਨ ਦਿਤਾ ਤਾਂ ਪੂਰਬੀ ਭਾਰਤ ਦਾ ਵੀ ਇਸ ’ਚ ਮਹੱਤਵਪੂਰਨ ਯੋਗਦਾਨ ਰਿਹਾ।’’ 

ਉਨ੍ਹਾਂ ਕਿਹਾ, ‘‘ਮੈਨੂੰ ਯਕੀਨ ਹੈ ਕਿ ਉਡੀਸ਼ਾ ਬਹੁਤ ਛੇਤੀ ਵਿਕਾਸ ਦੀਆਂ ਉਨ੍ਹਾਂ ਉਚਾਈਆਂ ਨੂੰ ਛੂਹੇਗਾ ਜਿਸ ਦੀ ਕਿਸੇ ਨੇ ਵੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਮੈਨੂੰ ਖ਼ੁਸ਼ੀ ਹੈ ਕਿ ਮੁੱਖ ਮੰਤਰੀ ਮੋਹਨ ਚਰਣ ਮਾਂਝੀ ਦੀ ਪੂਰੀ ਟੀਮ ਸੂਬੇ ਦੇ ਵਿਕਾਸ ਨੂੰ ਗਤੀ ਦੇਣ ਲਈ ਵਚਨਬੱਧ ਹੈ।’’  ਉਨ੍ਹਾਂ ਉਡੀਸ਼ਾ ’ਚ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਡੀਸ਼ਾ ਦੀ ਕੁਦਰਤੀ ਸੁੰਦਰਤ ਵਿਆਹਾਂ ਅਤੇ ਇਲਾਜ ਲਈ ਅਨੁਕੂਲ ਹੈ। ਉਨ੍ਹਾਂ ਨੇ ‘ਮੇਕ ਇਨ ਇੰਡੀਆ’ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ, ਜਿਸ ’ਚ ਜੀਵੰਤ ਕਾਰੋਬਾਰੀ ਆਲਾ-ਦੁਆਲਾ ਵਿਕਸਤ ਕਰਨ ’ਚ ਸੂਬਿਆਂ ਦੀਆਂ ਪ੍ਰਾਪਤੀਆਂ ਨੂੰ ਵਿਖਾਇਆ ਗਿਆ ਹੈ।