HDFC Bank ’ਤੇ 10 ਕਰੋੜ ਦਾ ਜ਼ੁਰਮਾਨਾ, ਬੈਂਕਿੰਗ ਨਿਯਮਾਂ ਦੀ ਉਲੰਘਣਾ ’ਤੇ RBI ਦੀ ਸਖ਼ਤ ਕਾਰਵਾਈ

ਏਜੰਸੀ

ਖ਼ਬਰਾਂ, ਵਪਾਰ

ਰਿਜ਼ਰਵ ਬੈਂਕ ਨੇ ਬੈਂਕਿੰਗ ਨਿਯਮਾਂ ਦੀ ਉਲੰਘਣਾ ’ਤੇ ਸਖ਼ਤ ਕਾਰਵਾਈ ਕਰਦਿਆਂ ਦੇਸ਼ ਦੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ ਐਚਡੀਐਫਸੀ ’ਤੇ 10 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।

RBI imposes Rs 10 crore fine on HDFC Bank

ਮੁੰਬਈ: ਭਾਰਤੀ ਰਿਜ਼ਰਵ ਬੈਂਕ ਨੇ ਬੈਂਕਿੰਗ ਨਿਯਮਾਂ ਦੀ ਉਲੰਘਣਾ ’ਤੇ ਸਖ਼ਤ ਕਾਰਵਾਈ ਕਰਦਿਆਂ ਦੇਸ਼ ਦੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ ਐਚਡੀਐਫਸੀ ’ਤੇ 10 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਕੇਂਦਰੀ ਬੈਂਕ ਨੇ ਦੱਸਿਆ ਕਿ ਬੈਂਕਿੰਗ ਰੈਗੂਲੇਸ਼ਨ ਐਕਟ 1949 ਦੀ ਧਾਰਾ 6 (2) ਅਤੇ ਸੈਕਸ਼ਨ 8 ਦੇ ਉਪਬੰਧਾਂ ਦੀ ਉਲੰਘਣਾ ਦੇ ਚਲਦਿਆਂ ਐਚਡੀਐਫ ’ਤੇ ਇਹ ਜ਼ੁਰਮਾਨਾ ਲਗਾਇਆ ਗਿਆ ਹੈ।

ਰਿਜ਼ਰਵ ਬੈਂਕ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਬੈਂਕ ਦੇ ਆਟੋ ਲੋਨ ਪੋਰਟਫੋਲੀਓ ਦੇ ਸੰਬੰਧ ਵਿਚ ਕਈਂ ਸ਼ਿਕਾਇਤਾਂ ਮਿਲੀਆਂ ਸਨ ਅਤੇ ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਬਹੁਤ ਸਾਰੀਆਂ ਬੇਨਿਯਮੀਆਂ ਪਾਈਆਂ ਗਈਆਂ। ਇਸ ਸਬੰਧ ਵਿਚ ਬੈਂਕ ਨੂੰ ਪਹਿਲਾਂ ਇਕ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ।

ਬੈਂਕ ਵੱਲੋਂ ਕਾਰਨ ਦੱਸੋ ਨੋਟਿਸ ਦੇ ਜਵਾਬ ’ਤੇ ਵਿਅਕਤੀਗਤ ਸੁਣਵਾਈ ਦੌਰਾਨ ਕੀਤੀਆਂ ਜ਼ੁਬਾਨੀ ਪ੍ਰਸਤੁਤੀਆਂ ਅਤੇ ਬੈਂਕ ਦੁਆਰਾ ਜਮ੍ਹਾਂ ਕੀਤੇ ਗਏ ਸਪੱਸ਼ਟੀਕਰਨ ਅਤੇ ਦਸਤਾਵੇਜ਼ਾਂ 'ਤੇ ਵਿਚਾਰ ਕਰਨ ਤੋਂ ਬਾਅਦ ਆਰਬੀਆਈ ਇਸ ਸਿੱਟੇ ’ਤੇ ਪਹੁੰਚਿਆ ਕਿ ਐਕਟ ਦੀਆਂ ਉਪਰੋਕਤ ਧਾਰਾਵਾਂ ਦੀ ਉਲੰਘਣਾ ਕੀਤੀ ਗਈ ਹੈ। ਇਸ ਤੋਂ ਬਾਅਦ ਆਰਬੀਆਈ ਨੇ ਬੈਂਕ ’ਤੇ 10 ਕਰੋੜ ਰੁਪਏ ਦਾ ਜ਼ੁਰਮਾਨਾ ਲਗਾ ਦਿੱਤਾ ਹੈ।