ਡੇਢ ਸਾਲ 'ਚ ਪਹਿਲੀ ਵਾਰ ਕੱਚਾ ਤੇਲ 50 ਡਾਲਰ ਤੋਂ ਹੇਠਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕੇਡੀਆ ਕਮੋਡਿਟੀ ਦੇ ਡਾਇਰੈਕਟਰ ਅਜੇ ਕੇਡੀਆ ਨੇ ਕਿਹਾ ਕਿ ਅੰਤਰਰਾਸ਼ਟਰੀ ਤੇਲ ਬਜ਼ਾਰ ਵਿਚ ਵਾਧੂ ਸਪਲਾਈ ਦੀ ਸਥਿਤੀ ਹੈ।

Crude Oil

ਲੰਡਨ : ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀ ਕੀਮਤ 50 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਈ। ਜੂਨ 2017 ਵਿਚ ਪਹਿਲੀ ਵਾਰ ਅਜਿਹਾ ਹੋਇਆ। ਬਾਅਦ ਵਿਚ ਹਲਕੀ ਰਿਕਵਰੀ ਹੋਈ ਅਤੇ ਕੀਮਤ 51 ਡਾਲਰ ਤੱਕ ਪੁੱਜ ਗਈ। ਗਲੋਬਲ ਅਰਥ ਵਿਵਸਥਾ ਵਿਚ ਅਸਿਥਰਤਾ ਕਾਰਨ ਇਹਨਾਂ ਦਿਨਾਂ ਵਿਚ ਕੱਚੇ ਤੇਲ ਦੀ ਮੰਗ ਘੱਟ ਗਈ ਹੈ। ਇਸ ਤੋਂ ਇਲਾਵਾ ਬਜ਼ਾਰ ਵਿਚ ਲੋੜ ਤੋਂ ਵੱਧ ਸਪਲਾਈ ਵੀ ਹੋ ਰਹੀ ਹੈ, ਜਿਸ ਕਾਰਨ ਕੀਮਤਾਂ ਵਿਚ ਗਿਰਾਵਟ ਦੇਖੀ ਜਾ ਸਕਦੀ ਹੈ। ਇਸੇ ਸਾਲ 3 ਅਕਤੂਬਰ ਨੂੰ ਬੈਂਚਮਾਰਕ ਬਰੈਂਟ ਕਰੁਡ ਦੀ ਕੀਮਤ 86.74 ਡਾਲਰ ਪ੍ਰਤੀ ਬੈਰਲ ਦੇ ਪੱਧਰ ਤੱਕ ਪਹੁੰਚ ਗਈ ਸੀ।

ਇਸ ਤੋਂ ਬਾਅਦ ਗਿਰਾਵਟ ਸ਼ੁਰੂ ਹੋਈ ਅਤੇ  ਲਗਭਗ 42 ਫ਼ੀ ਸਦੀ ਕੀਮਤਾਂ ਡਿੱਗ ਚੁੱਕੀਆਂ ਹਨ। 1 ਜਨਵਰੀ ਤੋਂ ਬਾਅਦ ਇਸ ਵਿਚ ਲਗਭਗ 20 ਫ਼ੀ ਸਦੀ ਦੀ ਗਿਰਾਵਟ ਆਈ ਹੈ। ਜੂਨ 2017 ਵਿਚ ਬਰੈਂਟ ਕਰੂਡ ਦੀ ਕੀਮਤ 50 ਡਾਲਰ ਪ੍ਰਤੀ ਬੈਰਲ ਦੇ ਨੇੜੇ ਸੀ। ਕੇਡੀਆ ਕਮੋਡਿਟੀ ਦੇ ਡਾਇਰੈਕਟਰ ਅਜੇ ਕੇਡੀਆ ਨੇ ਕਿਹਾ ਕਿ ਅੰਤਰਰਾਸ਼ਟਰੀ ਤੇਲ ਬਜ਼ਾਰ ਵਿਚ ਵਾਧੂ ਸਪਲਾਈ ਦੀ ਸਥਿਤੀ ਹੈ। ਜਦਕਿ ਆਰਥਿਕ ਮੰਦੀ ਜਿਹੇ ਹਾਲਾਤਾਂ ਕਾਰਨ ਮੰਗ ਘੱਟ ਗਈ ਹੈ। ਪਟਰੌਲੀਅਮ ਨਿਰਯਾਤਕ ਦੇਸ਼ਾਂ ਦੇ ਸੰਗਠਨ ਓਪੇਕ ਨੇ ਉਤਪਾਦਨ ਘਟਾਉਣ ਦਾ ਫੈਸਲਾ ਕੀਤਾ ਹੈ।

ਪਰ ਇਹ ਜਨਵਰੀ 2019 ਦੇ ਆਖਰ ਤੱਕ ਹੀ ਲਾਗੂ ਹੋ ਸਕੇਗਾ। ਇਸ ਤੋਂ ਇਲਾਵਾ ਓਪੇਕ ਦੇਸ਼ਾਂ ਵਿਚਕਾਰ ਇਸ ਗੱਲ 'ਤੇ ਪੂਰੀ ਸਹਿਮਤੀ ਨਹੀਂ ਬਣ ਪਾਈ ਹੈ। ਦੂਜੇ ਪਾਸੇ ਅਮਰੀਕਾ ਉਤਪਾਦਨ ਘਟਾਉਣ ਪ੍ਰਤੀ ਇੱਛੁਕ ਨਹੀਂ ਹੈ। ਰੂਸ ਵੀ ਅਪਣਾ ਉਤਪਾਦਨ ਵਧਾ ਰਿਹਾ ਹੈ। ਇਸ ਤੋਂ ਇਲਾਵਾ ਲੀਬਿਆ ਵਿਚ ਇਕ ਨਵਾਂ ਤੇਲ ਖੇਤਰ ਖੁੱਲ੍ਹ ਗਿਆ ਹੈ। ਅਜਿਹੇ ਵਿਚ ਕੀਮਤਾਂ ਦੇ ਤੁਰਤ ਵਧਣ ਦੀ ਸੰਭਾਵਨਾ ਨਹੀਂ ਹੈ। ਅਗਲੇ 2 ਮਹੀਨਿਆਂ ਦੌਰਾਨ ਕੱਚੇ ਤੇਲ ਵਿਚ ਉਤਾਰ-ਚੜਾਅ ਜ਼ਾਰੀ ਰਹੇਗਾ ਅਤੇ ਕੀਮਤਾਂ 52 ਡਾਲਰ ਦੀ ਰੇਂਜ ਵਿਚ ਬਣੀਆਂ ਰਹਿ ਸਕਦੀਆਂ ਹਨ।

ਭਾਰਤ ਕਿਉਂਕਿ ਅਪਣੀ ਲੋੜ ਦਾ ਲਗਭਗ ਤਿੰਨ ਚੌਥਾ ਕੱਚਾ ਤੇਲ ਆਯਾਤ ਕਰਦਾ ਹੈ, ਇਸ ਲਈ ਇਹਨਾਂ ਕੀਮਤਾਂ ਵਿਚ ਗਿਰਾਵਟ ਆਉਣਾ ਇਥੇ ਦੀ ਅਰਥ ਵਿਵਸਥਾ ਲਈ ਸਾਕਾਰਾਤਮਕ ਹੈ। ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਭਾਅ ਤੇਜੀ ਨਾਲ ਘਟੇ ਹਨ, ਜਿਸ ਕਾਰਨ ਆਉਣ ਵਾਲੇ ਮਹੀਨਿਆਂ ਵਿਚ ਮਹਿੰਗਾਈ ਦਰ ਘੱਟ ਸਕਦੀ ਹੈ। ਅਜਿਹੇ ਵਿਚ ਰੁਪਏ ਨੂੰ ਸਹਿਯੋਗ ਮਿਲੇਗਾ ਅਤੇ ਰਿਜ਼ਰਵ ਬੈਂਕ ਨੀਤੀਗਤ ਬਿਆਜ ਦਰਾਂ ਘਟਾਉਣ ਬਾਰੇ ਸੋਚ ਸਕਦਾ ਹੈ।