ਮਜ਼ਦੂਰ ਦਿਵਸ ਮੌਕੇ ਮਜ਼ਦੂਰਾਂ ਨੇ ਖੁੱਲ੍ਹ ਕੇ ਦੱਸੇ ਦਰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਜੇ ਰੱਬ ਮਿਲੇ ਤਾਂ ਇੱਕੋ ਮੰਗ ਕਰਾਂਗੇ, ਅਗਲੇ ਜਨਮ ’ਚ ਮਜ਼ਦੂਰ ਨਾ ਬਣਾਵੇ : ਮਜ਼ਦੂਰ

On the occasion of Labor Day, workers openly shared their pain.

ਅੰਤਰਰਾਸ਼ਟਰੀ ਮਜ਼ਦੂਰ ਦਿਵਸ ’ਤੇ ਰੋਜ਼ਾਨਾ ਸਪੋਸਕਮੈਨ ਦੀ ਟੀਮ ਨਾਲ ਮੈਡਮ ਨਿਮਰਤ ਕੌਰ ਨੇ ਚੰਡੀਗੜ੍ਹ ਲੇਬਰ ਚੌਕ ’ਤੇ ਜਾ ਕੇ ਮਜ਼ਦੂਰਾਂ ਦਾ ਹਾਲ ਜਾਣਿਆ। ਲੇਬਰ ਚੌਕ ’ਤੇ ਇਕ ਮਜ਼ਦੂਰ ਨੇ ਕਿਹਾ ਕਿ ਮੈਂ 17 ਤੋਂ 18 ਸਾਲ ਤੋਂ ਮਜ਼ਦੂਰੀ ਕਰ ਰਿਹਾ ਹਾਂ ਤੇ ਮਜ਼ਦੂਰ ਦਿਵਸ ਮੌਕੇ ਅਸੀਂ ਸਾਰੇ ਛੁੱਟੀ ਕਰਦੇ ਹਾਂ ਜਾਂ ਫਿਰ ਲੇਬਰ ਚੌਕ ’ਤੇ ਆ ਕੇ ਪੂਜਾ ਪਾਠ ਕਰਦੇ ਹਾਂ। 18 ਸਾਲ ਪਹਿਲਾਂ ਸਾਨੂੰ 300 ਤੋਂ 400 ਰੁਪਏ ਦਿਹਾੜੀ ਮਿਲਦੀ ਸੀ ਤੇ ਹੁਣ ਸਾਨੂੰ 700 ਦਿਹਾੜੀ ਮਿਲਦੀ ਹੈ।

ਅਸੀਂ ਸਾਰ ਦਿਨ ਵਿਚ 8 ਘੰਟੇ ਕੰਮ ਕਰਦੇ ਹਾਂ ਜੇ 8 ਘੰਟੇ ਤੋਂ ਜ਼ਿਆਦਾ ਕੰਮ ਕਰਦੇ ਹਾਂ ਤਾਂ ਸਾਨੂੰ ਅਲੱਗ ਤੋਂ ਪੈਸੇ ਮਿਲਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਤੋਂ ਭੀਖ ਨਹੀਂ ਮੰਗਣੀ ਪੈਂਦੀ, ਆਪਣਾ ਕਮਾਉਂਦੇ ਹਾਂ ਤੇ ਆਪਣਾ ਖਾਂਦੇ ਹਾਂ। ਸਾਡੀ ਇਥੇ ਯੂਨੀਅਨ ਬਣੀ ਹੋਈ ਹੈ ਜਿਸ ਦੇ ਪ੍ਰਧਾਨ ਰਾਮ ਰਾਜ ਹਨ। ਇਥੇ ਸਾਡੀ ਹਰ ਮਹੀਨੇ 340 ਰੁਪਏ ਦੀ ਪਰਚੀ ਕੱਟਦੀ ਹੈ, ਜੇ ਕੋਈ ਮਜ਼ਦੂਰ ਬਿਮਾਰ ਹੋ ਜਾਵੇ ਜਾਂ ਕੋਈ ਹੋਰ ਦਿਕਤ ਆ ਜਾਵੇ ਤਾਂ ਇਨ੍ਹਾਂ ਪੈਸਿਆਂ ਵਿਚ ਉਸ ਦੀ ਮਦਦ ਕੀਤੀ ਜਾਂਦੀ ਹੈ। ਇਕ ਮਜ਼ਦੂਰ ਨੇ ਕਿਹਾ ਕਿ ਸਾਡੀ ਦਿਹਾੜੀ ਘੱਟੋ-ਘੱਟ 1000 ਰੁਪਏ ਹੋਣੀ ਚਾਹੀਦੀ ਹੈ।

4 ਤੋਂ 5 ਹਜ਼ਾਰ ਰੁਪਏ ਤਾਂ ਕਮਰੇ ਦੇ ਕਿਰਾਏ ’ਚ ਚਲੇ ਜਾਂਦੇ ਹਨ।  ਇਕ ਕਮਰੇ ਵਿਚ 4 ਵਿਅਕਤੀ ਮਿਲ ਕੇ ਰਹਿੰਦੇ ਹਨ। ਜਿੰਨਾ ਕਮਾਉਂਦੇ ਹਾਂ ਉਸ ਵਿਚ ਬੱਚਿਆਂ ਪੜ੍ਹਾਈਏ ਜਾਂ ਫਿਰ ਪਰਿਵਾਰ ਪਾਲੀਏ। ਉਨ੍ਹਾਂ ਕਿਹਾ ਕਿ ਜੇ ਸਾਨੂੰ ਭਗਵਾਨ ਮਿਲੇ ਤਾਂ ਅਸੀਂ ਇਕ ਹੀ ਚੀਜ਼ ਮੰਗਾਂਗੇ ਕਿ ਅਗਲੇ ਜਨਮ ਵਿਚ ਸਾਨੂੰ ਮਜ਼ਦੂਰ ਨਾ ਬਣਾਵੇ। ਕਿਸੇ ਅਮੀਰ ਘਰ ’ਚ ਭੇਜਣਾ। ਸਾਡੇ ਵੀ ਵੱਡੇ ਸੁਪਨੇ ਹੁੰਦੇ ਹਨ, ਪਰ ਪੂਰਾ ਨਹੀਂ ਕਰ ਪਾਉਂਦੇ। ਅਸੀਂ ਵੀ ਮਜ਼ਦੂਰੀ ਕਰਦੇ ਮਰ ਜਾਣਾ ਹੈ ਤੇ ਸਾਡੇ ਬੱਚੇ ਵੀ ਮਜ਼ਦੂਰੀ ਹੀ ਕਰਨਗੇ। 

ਇਕ ਹੋਰ ਮਜ਼ਦੂਰ ਨੇ ਕਿਹਾ ਕਿ ਮਜਬੂਰੀ ਵੱਸ ਹੀ ਦਿਹਾੜੀ ਕਰਨੀ ਪੈਂਦੀ ਹੈ ਨਹੀਂ ਤਾਂ ਕਿਸ ਦਾ ਦਿਲ ਕਰਦਾ ਹੈ ਕਿ ਆਪਣਾ ਘਰਬਾਰ ਛੱਡ ਕੇ ਆਵੇ। ਮੈਂ ਮਜ਼ਦੂਰੀ ਕਰ ਕੇ ਘਰ ਜਾ ਰਿਹਾ ਸੀ ਜਿਸ ਦੌਰਾਨ ਕਿਸੇ ਨੇ ਪਿੱਛੋਂ ਆ ਕੇ ਮੇਰੇ ’ਤੇ ਹਮਲਾ ਕਰ ਦਿਤਾ ਤੇ ਮੇਰੀ ਲੱਤ ਤੋੜ ਦਿਤੀ। ਜਿਸ ਤੋਂ ਬਾਅਦ ਯੂਨੀਅਨ ਨੇ ਪੈਸੇ ਇਕੱਠੇ ਕਰ ਕੇ ਮੇਰਾ ਇਲਾਜ ਕਰਵਾਇਆ ਤੇ ਮੈਂ ਹੁਣ ਚਾਹ ਦੀ ਦੁਕਾਨ ਕਰਦਾ ਹਾਂ। ਇਕ ਮਜ਼ਦੂਰ ਨੇ ਕਿਹਾ ਮੈਨੂੰ ਇਥੇ ਆਏ ਨੂੰ 60 ਸਾਲ ਹੋ ਗਏ ਹਨ ਤੇ ਮੈਂ ਹਾਲੇ ਵੀ ਮਜ਼ਦੂਰੀ ਕਰਦਾ ਹਾਂ।

ਜੇ ਘਰ ਬੈਠ ਜਾਵਾਂਗਾ ਤਾਂ ਕੌਣ ਰੋਟੀ ਦੇਵੇਗਾ। ਮੇਰਾ ਵਿਆਹ ਨਹੀਂ ਹੋਇਆ, ਜੋ ਕਮਾਉਂਦਾ ਹਾਂ ਉਹੀ ਖਾਂਦਾ ਹਾਂ। ਜੇ ਮੇਰੇ ਬੱਚੇ ਹੁੰਦੇ ਤਾਂ ਕਹਿੰਦੇ ਪਾਪਾ ਤੁਸੀਂ ਕੰਮ ਨਾ ਕਰੋ, ਹੁਣ ਅਸੀਂ ਕੰਮ ਕਰਾਂਗੇ।