ਛੋਟੀ ਉਮਰ ਦੀ ਖਿਡਾਰਣ ਨੂੰ ਸਲਾਮ, ਪਿਤਾ ਦੀ ਮੌਤ ਦੇ ਦੋ ਦਿਨ ਬਾਅਦ ਖੇਡੀ ਨੈਸ਼ਨਲ ਚੈਂਪੀਅਨਸ਼ਿਪ
ਦਿਵਾਸੀ ਮਿਗਲਾਨੀ ਨੇ ਜੂਡੋ ’ਚ ਜਿੱਤਿਆ Bronze Medal, ਆਪਣੇ ਪਿਤਾ ਨੂੰ ਕੀਤਾ ਸਮਰਪਤ
ਪੰਜਾਬ ’ਚ ਜਿਥੇ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਨੂੰ ਅਪਣਾ ਰਹੀ ਹੈ, ਬਾਹਰਲੇ ਮੁਲਕਾਂ ਵੱਲ ਭੱਜ ਰਹੀ ਹੈ ਜਾਂ ਫਿਰ ਆਪਣੀਆਂ ਸਮੱਸਿਆਵਾਂ ਕਰ ਕੇ ਆਪਣੇ ਸੁਪਨੇ ਅਧੁਰੇ ਛੱਡ ਦਿੰਦੇ ਹਨ ਤੇ ਗ਼ਲਤ ਰਸਤੇ ਅਪਣਾ ਲੈਂਦੇ ਹਨ, ਉਥੇ ਹੀ ਇਕ ਜੂਡੋ ਦੀ ਖਿਡਾਰਣ ਦਿਵਾਸੀ ਮਿਗਲਾਨੀ ਨੇ ਸਾਡੀ ਨੌਜਵਾਨ ਪੀੜ੍ਹੀ ਲਈ ਮਿਸਾਲ ਕਾਇਮ ਕੀਤੀ ਹੈ ਜਿਸ ਦੀ ਉਮਰ 15 ਸਾਲ ਹੈ ਤੇ 10ਵੀਂ ਕਲਾਸ ਦੀ ਵਿਦਿਆਰਥਣ ਹੈ। ਦਸ ਦਈਏ ਕਿ ਪਿਛਲੇ ਸਮੇਂ ਵਿਚ ਦਿਵਾਸੀ ਮਿਗਲਾਨੀ ਦੇ ਪਿਤਾ ਦੀ ਮੌਤ ਹੋ ਗਈ ਸੀ, ਪਿਤਾ ਦੀ ਮੌਤ ਤੋਂ ਦੋ ਦਿਨ ਬਾਅਦ ਹੀ ਦਿਵਾਸੀ ਨੇ ਜੂਡੋ ਨੈਸ਼ਨਲ ਖੇਡਣਾ ਸੀ,
ਪਰ ਇਸ ਪੰਜਾਬ ਦੀ ਬੇਟੀ ਨੇ ਫਿਰ ਵੀ ਹੌਸਲਾ ਨਹੀਂ ਛੱਡਿਆ ਤੇ ਦੇਹਰਾਦੂਨ ਵਿਚ ਹੋਈ ਨੈਸ਼ਨਲ ਚੈਂਪੀਅਨਸ਼ਿਪ ਖੇਡੀ ਤੇ Bronze Medal ਜਿੱਤਿਆ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦਿਵਾਸੀ ਮਿਗਲਾਨੀ ਕਿਹਾ ਕਿ ਮੇਰੇ ਪਿਤਾ ਜੀ ਦੇ ਮੌਤ ਹੋਣ ਤੋਂ ਜੋ ਮੇਰੇ ਜਾਂ ਮੇਰੇ ਪਰਿਵਾਰ ਲਈ ਟਾਈਮ ਆਇਆ ਉਹ ਬਹੁਤ ਔਖਾ ਸੀ। ਮੈਂ ਨੈਸ਼ਨਲ ਖੇਡਾਂ ਖੇਡਣ ਜਾਣਾ ਸੀ ਜਿਸ ਤੋਂ ਦੋ ਦਿਨ ਪਹਿਲਾਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ, ਜਿਸ ਕਾਰਨ ਮੈਂ ਸੋਚਿਆ ਕਿ ਮੈਂ ਇਹ ਨੈਸ਼ਨਲ ਖੇਡਾਂ ਵਿਚ ਹਿੱਸਾ ਨਹੀਂ ਲਵਾਂਗੀ,
ਪਰ ਮੇਰੇ ਕੋਚ ਤੇ ਪਰਿਵਾਰ ਨੇ ਮੈਨੂੰ ਹੌਸਲਾ ਦਿਤਾ ਜਿਸ ਕਾਰਨ ਮੈਂ ਖੇਡਾਂ ਵਿਚ ਹਿੱਸਾ ਲੈ ਸਕੀ ਤੇ Bronze Medal ਜਿੱਤਿਆ। ਮੈਂ ਪੰਜ ਸਾਲਾਂ ਤੋਂ ਅਕੈਡਮੀ ’ਚ ਜਾ ਕੇ ਸਿਖਲਾਈ ਲੈ ਰਹੀ ਹਾਂ ਤੇ ਪਹਿਲਾਂ ਵੀ ਮੈਂ ਨੈਸ਼ਨਲ ਵਿਚ 5 ਸੋਨ ਤਮਗ਼ੇ ਜਿੱਤ ਚੁੱਕੀ ਹਾਂ। ਮੈਂ ਅੱਗੇ ਜੁਨੀਅਰ ਤੇ ਸੀਨੀਅਰ ਨੈਸ਼ਨਲ ਖੇਡਾਂ ਵੀ ਖੇਡਣਾ ਚਾਹੁੰਦੀ ਹੈ ਤੇ ਇਸ ਵਾਰ ਮੈਂ Bronze Medalਜਿੱਤਿਆ, ਅਗਲੀ ਵਾਰ ਮੈਂ ਸੋਨ ਤਮਗ਼ਾ ਜਿੱਤਣਾ ਚਾਹੁੰਦੀ ਹਾਂ। 2021 ’ਚ ਮੈਂ ਪਹਿਲਾ ਸੋਨ ਤਮਗ਼ਾ ਜਿੱਤਿਆ ਸੀ। ਪੜ੍ਹਾਈ ਤੋਂ ਬਾਅਦ ਮੈਂ ਪੁਲਿਸ ਦੀ ਨੌਕਰੀ ਕਰਨਾ ਚਾਹੁੰਦੀ ਹਾਂ।
ਦਿਵਾਸੀ ਮਿਗਲਾਨੀ ਦੀ ਮਾਤਾ ਨੇ ਕਿਹਾ ਕਿ ਦਿਵਾਸੀ ਦੇ ਪਿਤਾ ਦਾ ਇਹ ਹੀ ਸੁਪਨਾ ਸੀ ਕਿ ਇਹ ਇਕ ਚੰਗੀ ਖਿਡਾਰਣ ਬਣੇ ਤੇ ਪੜ੍ਹ ਲਿਖ ਕੇ ਚੰਗੀ ਨੌਕਰੀ ਕਰੇ। ਦਿਵਾਸੀ ਦੇ ਪਿਤਾ ਜੀ ਨੂੰ 2020 ਤੋਂ ਕਿਡਨੀ ਦੀ ਬਿਮਾਰੀ ਨਾਲ ਲੜ ਰਹੇ ਸਨ। ਦਸੰਬਰ 2024 ਵਿਚ ਉਨ੍ਹਾਂ ਦੀ ਜ਼ਿਆਦਾ ਤਬੀਅਤ ਖ਼ਰਾਬ ਹੋ ਗਈ, ਪੀਜੀਆਈ ’ਚ ਇਕ ਮਹੀਨੇ ਦੇ ਇਲਾਜ ਦੌਰਾਨ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਸਾਡੇ ਪਰਿਵਾਰ ਲਈ ਇਹ ਬਹੁਤ ਔਖਾ ਸਮਾਂ ਸੀ। ਦਿਵਾਸੀ ਦੇ ਕੋਚ ਵਿਵੇਕ ਠਾਕੁਰ ਨੇ ਕਿਹਾ ਕਿ ਅਜਿਹੇ ਸਮੇਂ ਵਿਚ ਕਾਫ਼ੀ ਬੱਚੇ ਤੇ ਪਰਿਵਾਰ ਖੇਡਣ ਨੂੰ ਮਨ੍ਹਾਂ ਕਰ ਦਿੰਦੇ ਹਨ।
ਪਰ ਇਹ ਬੱਚੀ ਸਾਡੇ ਬਹੁਤ ਕਰੀਬ ਸੀ ਜਿਸ ਕਾਰਨ ਮੈਂ ਸੋਚਿਆ ਕਿ ਇਸ ਬੱਚੀ ਨੂੰ ਹੌਸਲਾ ਦੇ ਕੇ ਇਸ ਵਲੋਂ ਕੀਤੀ ਮਿਹਨਤ ਨੂੰ ਖ਼ਰਾਬ ਨਹੀਂ ਹੋਣ ਦੇਣਾ ਤੇ ਮੈਂ ਪਰਿਵਾਰ ਨਾਲ ਗੱਲ ਕੀਤੀ ਅਤੇ ਬੱਚੀ ਨੂੰ ਵੀ ਸਦਮੇ ਵਿਚੋਂ ਨਿਕਲ ਕੇ ਖੇਡਣ ਲਈ ਕਿਹਾ ਤਾਂ ਜੋ ਦਿਵਾਸੀ ਸਦਮੇ ਵਿਚੋਂ ਵੀ ਨਿਕਲ ਸਕੇ ਤੇ ਆਪਣੀ ਖੇਡ ਵੀ ਜਾਰੀ ਰੱਖੇ। ਦਿਵਾਸੀ ਨੇ ਨੈਸ਼ਨਲ ਖੇਡਾਂ ਵਿਚ Bronze Medal ਜਿੱਤਿਆ, ਇਹ ਸੋਨ ਤਮਗ਼ਾ ਵੀ ਜਿਤ ਸਕਦੀ ਸੀ ਪਰ ਪਿਤਾ ਦੀ ਮੌਤ ਹੋਣ ਕਰ ਕੇ ਦਿਵਾਸੀ ਆਪਣੀ ਪੂਰੀ ਖੇਡ ਨਹੀਂ ਦਿਖਾ ਸਕੀ।
ਦਿਵਾਸੀ ਦੇ ਪਿਤਾ ਜੀ ਨੇ ਕੁੱਝ ਸਮੇਂ ਪਹਿਲਾਂ ਮੇਰੇ ਨਾਲ ਗੱਲ ਕੀਤੀ ਸੀ ਕਿ ਜੇ ਮੈਨੂੰ ਕੁੱਝ ਹੋ ਜਾਵੇ ਤਾਂ ਤੁਸੀ ਮੇਰੀ ਬੇਟੀ ਦਾ ਧਿਆਨ ਰੱਖਣਾ। ਦਿਵਾਸੀ ਦੀ ਉਮਰ 15 ਸਾਲ ਹੈ ਪਰ ਇਹ ਆਪਣੇ ਤੋਂ ਵੱਡੀ ਉਮਰ ਦੀ ਖਿਡਾਰਣਾਂ ਨਾਲ ਖੇਡ ਤੇ ਉਨ੍ਹਾਂ ਨੂੰ ਹਰਾ ਕੇ Bronze Medal ਜਿੱਤਿਆ। ਪਰਿਵਾਰ ਵਿਚ ਇੰਨੀ ਵੱਡੀ ਦਿਕਤ ਹੋਣ ਦੇ ਬਾਵਜੂਦ ਵੀ ਦਿਵਾਸੀ ਨੇ ਤਮਗ਼ਾ ਜਿੱਤਿਆ, ਜੋ ਕਿ ਹੋਰ ਬੱਚਿਆਂ ਲਈ ਮਿਸਾਲ ਕਾਇਮ ਕੀਤੀ ਹੈ।