Chandigarh News: ਭਾਰਤੀ ਫ਼ੌਜ ਦੇ ਜਵਾਨ ਨੇ ਚੰਡੀਗੜ੍ਹ ਪੁਲਿਸ ’ਤੇ ਲਗਾਏ ਕੁੱਟਮਾਰ ਦੇ ਇਲਜ਼ਾਮ; ਦਸਤਾਰ ਦੀ ਵੀ ਕੀਤੀ ਬੇਅਦਬੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਦਾਇਰ ਕੀਤੀ ਪਟੀਸ਼ਨ
Chandigarh News: ਭਾਰਤੀ ਫੌਜ ਦੇ ਇਕ ਜਵਾਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਇਲਜ਼ਾਮ ਲਾਇਆ ਹੈ ਕਿ ਨਵੰਬਰ 2023 'ਚ ਚੰਡੀਗੜ੍ਹ ਦੇ ਇਕ ਥਾਣੇ 'ਚ ਕੈਮਰੇ ਦੇ ਸਾਹਮਣੇ ਉਸ ਦੇ ਕੱਪੜੇ ਉਤਾਰ ਕੇ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਪੱਗ ਉਤਾਰ ਦਿਤੀ ਗਈ ਸੀ।
ਹਾਈ ਕੋਰਟ ਨੇ 1 ਫਰਵਰੀ ਦੇ ਅਪਣੇ ਆਦੇਸ਼ 'ਚ ਮਾਮਲੇ ਦੀ ਸੁਣਵਾਈ 21 ਫਰਵਰੀ ਲਈ ਸੂਚੀਬੱਧ ਕੀਤੀ ਹੈ ਅਤੇ ਨਿਰਦੇਸ਼ ਦਿਤਾ ਹੈ ਕਿ 12 ਨਵੰਬਰ, 2023 ਨੂੰ ਵਾਪਰੀ ਘਟਨਾ ਦੀ ਤਰੀਕ 'ਤੇ ਧਾਰਾ 11 ਥਾਣੇ ਦੀ ਸੀਸੀਟੀਵੀ ਫੁਟੇਜ ਸੁਰੱਖਿਅਤ ਰੱਖੀ ਜਾਵੇ।
ਇਸ ਸਾਲ ਜਨਵਰੀ 'ਚ ਸ਼ਿਕਾਇਤਕਰਤਾ ਦੇ ਕਮਾਂਡਿੰਗ ਅਫਸਰ 10 ਕੋਰ ਸਿਗਨਲ ਰੈਜੀਮੈਂਟ ਦੇ ਕਰਨਲ ਮ੍ਰਿਣਾਲ ਮਹਿਤਾ ਨੇ ਚੰਡੀਗੜ੍ਹ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਪੁਲਿਸ ਅਧਿਕਾਰੀਆਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਭਾਰਤੀ ਫੌਜ ਦਾ ਅਪਮਾਨ ਹੈ।
ਬਠਿੰਡਾ 'ਚ ਤਾਇਨਾਤ ਨਾਇਕ ਅਰਵਿੰਦਰ ਸਿੰਘ ਦਾ ਅਪਣੀ ਪਤਨੀ ਨਾਲ ਵਿਵਾਦ ਚੱਲ ਰਿਹਾ ਹੈ, ਜੋ ਕਿ ਚੰਡੀਗੜ੍ਹ ਪੁਲਿਸ 'ਚ ਕਾਂਸਟੇਬਲ ਹੈ ਅਤੇ ਉਸੇ ਥਾਣੇ 'ਚ ਤਾਇਨਾਤ ਹੈ। ਅਰਵਿੰਦਰ ਸਿੰਘ ਨੇ ਅਪਣੀ ਪਟੀਸ਼ਨ 'ਚ ਇਲਜ਼ਾਮ ਲਾਇਆ ਕਿ ਉਹ ਪਿਛਲੇ ਸਾਲ 12 ਨਵੰਬਰ ਨੂੰ ਚੰਡੀਗੜ੍ਹ ਨੇੜੇ ਮੁੱਲਾਂਪੁਰ 'ਚ ਅਪਣੀ ਪਤਨੀ ਅਤੇ ਬੇਟੇ ਨੂੰ ਮਿਲਣ ਆਇਆ ਸੀ। ਉਸ ਨੂੰ ਪਹਿਲੀ ਵਾਰ ਮੁੱਲਾਂਪੁਰ ਥਾਣੇ ਦੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਪਰਮਜੀਤ ਸਿੰਘ ਨੇ ਬੁਲਾਇਆ, ਜਿਥੇ ਉਸ ਨੂੰ ਧਮਕੀਆਂ ਦਿਤੀਆਂ ਗਈਆਂ ਸਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਦੇ ਸੈਕਟਰ 11 ਥਾਣੇ ਜਾਣ ਲਈ ਕਿਹਾ ਗਿਆ, ਜਿਥੇ ਉਸ ਨੂੰ ਐਨਡੀਪੀਐਸ ਅਤੇ ਆਰਮਜ਼ ਐਕਟ ਦੇ ਝੂਠੇ ਕੇਸਾਂ ਦੀ ਧਮਕੀ ਦੇਣ ਤੋਂ ਬਾਅਦ ਖਾਲੀ ਕਾਗਜ਼ਾਂ 'ਤੇ ਦਸਤਖਤ ਕਰਨ ਦੇ ਨਾਲ-ਨਾਲ ਦੋ ਬਿਆਨ ਲਿਖਣ ਲਈ ਕਿਹਾ ਗਿਆ। ਸੈਕਟਰ 11 ਥਾਣੇ ਦੇ ਐਸਐਚਓ ਇੰਸਪੈਕਟਰ ਮਲਕੀਤ ਸਿੰਘ ਅਤੇ ਕਾਂਸਟੇਬਲ ਸੁਨੀਲ ਦਾ ਨਾਮ ਲੈਂਦੇ ਹੋਏ ਫੌਜ ਦੇ ਜਵਾਨ ਨੇ ਕਿਹਾ ਕਿ ਕੁੱਝ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ, ਉਸ ਦੀ ਪੱਗ ਉਤਾਰ ਦਿਤੀ, ਉਸ ਦੇ ਸਾਰੇ ਕੱਪੜੇ ਉਤਾਰ ਕੇ ਉਸ ਦੀ ਵੀਡੀਉ ਬਣਾਈ ਗਈ। ਉਸ ਨੇ ਅਪਣੀ ਪਟੀਸ਼ਨ ਵਿਚ ਇਹ ਵੀ ਕਿਹਾ ਕਿ ਉਸ ਨੂੰ ਅਪਣੀ ਪਤਨੀ ਤੋਂ ਦੂਰ ਰਹਿਣ ਲਈ ਕਿਹਾ ਗਿਆ ਸੀ।
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸਿਪਾਹੀ ਵਲੋਂ 16 ਨਵੰਬਰ, 2023 ਨੂੰ ਐਸਐਸਪੀ ਚੰਡੀਗੜ੍ਹ ਨੂੰ ਕੀਤੀ ਗਈ ਸ਼ਿਕਾਇਤ ਦਾ ਕੋਈ ਜਵਾਬ ਨਹੀਂ ਮਿਲਿਆ। ਅਪਣੀ ਪਟੀਸ਼ਨ ਵਿਚ ਨਾਇਕ ਸਿੰਘ ਨੇ ਇਹ ਵੀ ਜ਼ਿਕਰ ਕੀਤਾ ਕਿ ਕਮਾਂਡਿੰਗ ਅਫਸਰ ਵਲੋਂ ਡੀਜੀਪੀ ਨੂੰ ਕੀਤੀ ਗਈ ਸ਼ਿਕਾਇਤ ਨੂੰ ਉਸੇ ਥਾਣੇ ਵਿਚ ਜਾਂਚ ਲਈ ਨਿਸ਼ਾਨਬੱਧ ਕੀਤਾ ਗਿਆ ਸੀ, ਜਿਥੇ ਉਸ ਨਾਲ ਬਦਸਲੂਕੀ ਕੀਤੀ ਗਈ ਸੀ। 15 ਜਨਵਰੀ, 2024 ਨੂੰ ਚੰਡੀਗੜ੍ਹ ਪੁਲਿਸ ਦੇ ਐਸਐਸਪੀ ਨੂੰ ਡੀਐਸਪੀ ਰੈਂਕ ਦੇ ਇਕ ਅਧਿਕਾਰੀ ਨੂੰ ਜਾਂਚ ਕਰਨ ਦੀ ਅਰਜ਼ੀ ਦਾ ਕੋਈ ਜਵਾਬ ਨਾ ਮਿਲਣ ਤੋਂ ਬਾਅਦ ਨਾਇਕ ਸਿੰਘ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ।
4 ਜਨਵਰੀ ਨੂੰ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਨੂੰ ਇਕ ਅਰਧ-ਸਰਕਾਰੀ ਪੱਤਰ ਲਿਖਦੇ ਹੋਏ ਕਰਨਲ ਮ੍ਰਿਣਾਲ ਮਹਿਤਾ ਨੇ ਲਿਖਿਆ, “ਇਸ ਘਟਨਾ ਨੇ ਨਾ ਸਿਰਫ ਵਿਅਕਤੀ ਬਲਕਿ ਸਮੁੱਚੀ ਭਾਰਤੀ ਫੌਜ ਦਾ ਅਪਮਾਨ ਕੀਤਾ। ਇਹ ਦੱਸਣਾ ਉਚਿਤ ਹੈ ਕਿ ਅਸੀਂ ਭਾਰਤੀ ਫੌਜ ਦੇ ਅਧਿਕਾਰੀ ਹੋਣ ਦੇ ਨਾਤੇ, ਕਾਨੂੰਨ ਵਿਚ ਦਿਲੋਂ ਵਿਸ਼ਵਾਸ ਕਰਦੇ ਹਾਂ ਅਤੇ ਇਹੀ ਕਾਰਨ ਹੈ ਕਿ ਮੈਂ ਕਮਾਂਡਿੰਗ ਅਫਸਰ ਵਜੋਂ ਅਧਿਕਾਰਤ ਚੈਨਲ ਰਾਹੀਂ ਅਪਣੀ ਕਮਾਂਡ ਅਧੀਨ ਸਿਪਾਹੀ ਲਈ ਨਿਆਂ ਦੀ ਮੰਗ ਕਰ ਰਿਹਾ ਹਾਂ।"ਕਰਨਲ ਮਹਿਤਾ ਨੇ ਕਿਹਾ ਕਿ ਇਸ ਘਟਨਾ ਦੌਰਾਨ ਸਿਪਾਹੀ ਦੀ ਪਗੜੀ ਵੀ ਉਤਾਰੀ ਗਈ, ਜਿਸ ਨਾਲ ਸਿੱਖ ਧਰਮ ਦਾ ਅਪਮਾਨ ਹੋਇਆ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ, ਜਿਸ ਲਈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਲਿਖਾਂਗਾ।
(For more Punjabi news apart from Chandigarh News Army jawan alleges he was stripped, beaten, and had his turban tossed at Chandigarh police station, stay tuned to Rozana Spokesman)