Punjab News: ਹੜ੍ਹਾਂ ਦੌਰਾਨ ਰੁੜ੍ਹੇ ਦੋ ਨੌਜਵਾਨ ਅਜੇ ਵੀ ਪਾਕਿਸਤਾਨ ਦੀ ਜੇਲ 'ਚ ਬੰਦ; ਉਡੀਕ ਵਿਚ ਮਾਂ ਦਾ ਦਿਹਾਂਤ
ਹਰਵਿੰਦਰ ਸਿੰਘ ਦੀ ਭੈਣ ਬਲਵਿੰਦਰ ਕੌਰ (29) ਨੇ ਦਸਿਆ ਕਿ ਉਨ੍ਹਾਂ ਦੀ ਮਾਂ ਸੁਰਜੀਤ ਕੌਰ ਨੂੰ ਐਤਵਾਰ ਰਾਤ ਨੂੰ ਦਿਲ ਦਾ ਦੌਰਾ ਪਿਆ
Punjab News: ਪਿਛਲੇ ਸਾਲ ਜੁਲਾਈ 'ਚ ਆਏ ਹੜ੍ਹਾਂ ਦੌਰਾਨ ਸਤਲੁਜ ਦਰਿਆ 'ਚ ਰੁੜ੍ਹੇ ਪੰਜਾਬ ਦੇ ਦੋ ਵਿਅਕਤੀ ਅਜੇ ਵੀ ਪਾਕਿਸਤਾਨ ਦੀ ਜੇਲ 'ਚ ਬੰਦ ਹਨ। ਭਾਰਤ ਵਿਚ ਉਨ੍ਹਾਂ ਦੇ ਪਰਵਾਰ ਅੱਜ ਵਿਚ ਪਰੇਸ਼ਾਨ ਹਨ। ਹਰਵਿੰਦਰ ਸਿੰਘ ਦੀ ਭੈਣ ਬਲਵਿੰਦਰ ਕੌਰ (29) ਨੇ ਦਸਿਆ ਕਿ ਉਨ੍ਹਾਂ ਦੀ ਮਾਂ ਸੁਰਜੀਤ ਕੌਰ ਨੂੰ ਐਤਵਾਰ ਰਾਤ ਨੂੰ ਦਿਲ ਦਾ ਦੌਰਾ ਪਿਆ, ਉਹ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਉਸ ਦੇ ਬੇਟੇ ਨੂੰ ਪਾਕਿਸਤਾਨ ਵਿਚ ਅੱਠ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਪਰਵਾਰ ਸਿੱਧਵਾਂ ਬੇਟ ਦੇ ਪਰਜੀਆਂ ਬਿਹਾਰੀਪੁਰ ਪਿੰਡ ਵਿਚ ਰਹਿੰਦਾ ਹੈ।
ਉਧਰ ਬਲਵਿੰਦਰ ਸਿੰਘ ਨੇ ਦਸਿਆ ਕਿ ਜਲੰਧਰ ਜ਼ਿਲ੍ਹੇ ਦੇ ਖੈਰਾ ਮੁਸ਼ਤਰਕਾ ਪਿੰਡ 'ਚ ਰਤਨਪਾਲ ਸਿੰਘ ਦੀ ਮਾਂ ਪਿਆਰੋ ਦੇਵੀ (50) ਦੀ ਪਰੇਸ਼ਾਨੀ ਦੇ ਚਲਦਿਆਂ ਜਨਵਰੀ 'ਚ ਮੌਤ ਹੋ ਗਈ ਸੀ। ਹਰਵਿੰਦਰ ਸਿੰਘ (26) ਅਤੇ ਰਤਨਪਾਲ (25) ਪਿਛਲੇ ਸਾਲ 26 ਜੁਲਾਈ ਨੂੰ ਫਿਰੋਜ਼ਪੁਰ ਦੇ ਸਤਲੁਜ ਦਰਿਆ 'ਚ ਵਹਿ ਗਏ ਸਨ। ਕੁੱਝ ਦਿਨ ਬਾਅਦ ਪਾਕਿਸਤਾਨ ਸਰਕਾਰ ਦੀ ਇਕ ਏਜੰਸੀ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨੀ ਰੇਂਜਰਾਂ ਨੇ 29 ਜੁਲਾਈ ਤੋਂ 3 ਅਗਸਤ ਦੇ ਵਿਚਕਾਰ ਹਰਵਿੰਦਰ ਅਤੇ ਰਤਨਪਾਲ ਸਮੇਤ ਛੇ ਭਾਰਤੀਆਂ ਨੂੰ ਪਾਕਿਸਤਾਨ ਵਿਚ ਹਥਿਆਰਾਂ, ਗੋਲਾ-ਬਾਰੂਦ ਅਤੇ ਨਸ਼ਿਆਂ ਦੀ ਤਸਕਰੀ ਦੇ ਦੋਸ਼ ਵਿਚ ਫੜਿਆ ਸੀ। ਉਨ੍ਹਾਂ ਕਿਹਾ ਕਿ ਹਰਵਿੰਦਰ ਪਾਕਿਸਤਾਨ ਦੀ ਜੇਲ 'ਚ ਹੈ ਪਰ 31 ਜਨਵਰੀ ਨੂੰ ਅਸੀਂ ਸੁਣਿਆ ਕਿ ਉਸ ਨੂੰ ਅੱਠ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਹ ਅਗਸਤ ਤੋਂ ਪਹਿਲਾਂ ਨਹੀਂ ਆਵੇਗਾ।
ਬਲਵਿੰਦਰ ਸਿੰਘ ਨੇ ਦਸਿਆ ਕਿ ਹਰਵਿੰਦਰ ਸਿੰਘ ਦੇ ਪਿਤਾ ਮੁਖਤਿਆਰ ਸਿੰਘ ਵੀ ਬੀਮਾਰ ਸਨ ਅਤੇ ਉਨ੍ਹਾਂ ਦੀ ਪਤਨੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਹੌਸਲਾ ਹੋਰ ਟੁੱਟ ਗਿਆ ਸੀ। ਸਿੱਧਵਾਂ ਬੇਟ ਦੇ ਪਿੰਡ ਪਰਜੀਆਂ ਬਿਹਾਰੀਪੁਰ ਦੇ ਸਰਪੰਚ ਜਸਵੀਰ ਸਿੰਘ ਨੇ ਦਸਿਆ ਸੀ ਕਿ ਦੋਵੇਂ ਵਿਅਕਤੀ ਹੜ੍ਹਾਂ ਦੌਰਾਨ ਕਿਸੇ ਰਿਸ਼ਤੇਦਾਰ ਦੀ ਮਦਦ ਕਰਨ ਲਈ ਫਿਰੋਜ਼ਪੁਰ ਦੇ ਰਾਜੋ ਗੱਟੀ ਪਿੰਡ ਗਏ ਸਨ ਅਤੇ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਵਿਚ ਸ਼ਾਮਲ ਨਹੀਂ ਸਨ।
ਹਰਵਿੰਦਰ ਸਿੰਘ ਦੀ ਪਤਨੀ ਸਿਕੰਦਰ ਕੌਰ (30) ਕੋਲ ਅਪਣੇ ਬੱਚਿਆਂ ਮਨਪ੍ਰੀਤ ਸਿੰਘ (5) ਅਤੇ ਦਿਲਪ੍ਰੀਤ ਸਿੰਘ (2) ਲਈ ਕੋਈ ਜਵਾਬ ਨਹੀਂ ਹੈ। ਉਹ ਨਹੀਂ ਜਾਣਦੇ ਕਿ ਹੁਣ ਉਹ ਅਪਣੇ ਪਿਤਾ ਨੂੰ ਕਦੋਂ ਮਿਲ ਸਕਣਗੇ। ਉਨ੍ਹਾਂ ਵਲੋਂ ਕਈ ਵਾਰ ਅਪਣੇ ਪਿਤਾ ਨਾਲ ਗੱਲ ਕਰਨ ਦੀ ਜ਼ਿੱਦ ਕੀਤੀ ਜਾਂਦੀ ਹੈ ਪਰ ਉਹ ਮਜਬੂਰ ਹੈ। ਉਨ੍ਹਾਂ ਦਸਿਆ ਕਿ ਅਪਣੇ ਪਤੀ ਨੂੰ ਵਾਪਸ ਲਿਆਉਣ ਦੀ ਮੰਗ ਲੈ ਕੇ ਉਨ੍ਹਾਂ ਨੇ ਇਕ ਕੇਂਦਰੀ ਮੰਤਰੀ ਨਾਲ ਵੀ ਮੁਲਾਕਾਤ ਕੀਤੀ ਸੀ। ਪਰਵਾਰ ਨੇ ਦਸਿਆ ਕਿ ਹਰਵਿੰਦਰ ਦੀ ਗੈਰ-ਹਾਜ਼ਰੀ ਵਿਚ ਉਸ ਦਾ ਬਜ਼ੁਰਗ ਸਹੁਰਾ ਜੀਤ ਸਿੰਘ ਪਰਵਾਰ ਦਾ ਗੁਜ਼ਾਰਾ ਚਲਾਉਣ ਲਈ ਚਾਰਾ ਚੁੱਕਣ ਵਰਗੇ ਛੋਟੇ-ਮੋਟੇ ਕੰਮ ਕਰਦਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।