ਨੈਸ਼ਨਲ ਪੱਧਰ ਦਾ ਸਭ ਤੋਂ ਛੋਟੀ ਉਮਰ ਦਾ ਘੋੜ ਸਵਾਰ ਲੈ ਕੇ ਆਇਆ ਤਮਗ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

5 ਸਾਲ 8 ਮਹੀਨਿਆਂ ਦਾ ਫੁਰਮਾਨ ਕਰਦੈ ਕਮਾਲ ਦੀ ਘੋੜਸਵਾਰੀ

Youngest national-level equestrian wins medal

ਅਸੀਂ ਜਾਣਦੇ ਹਾਂ ਕਿ ਸਾਰੀ ਦੁਨੀਆਂ ਵਿਚ ਘੋੜਿਆਂ ਦਾ ਸ਼ੌਕ ਰੱਖਣ ਵਾਲੇ ਬਹੁਤ ਲੋਕ ਹਨ। ਜੋ ਘੋੜਿਆਂ ਨੂੰ ਪਾਲਦੇ ਵੀ ਹਨ ਤੇ ਉਨ੍ਹਾਂ  ਨਾਲ ਪਿਆਰ ਵੀ ਬਹੁਤ ਕਰਦੇ ਹਨ ਤੇ ਕਾਫ਼ੀ ਲੋਕ ਘੋੜਿਆਂ ਦੀਆਂ ਦੌੜਾਂ ਵੀ ਲਗਾਉਂਦੇ ਹਨ। ਇਸੇ ਤਰ੍ਹਾਂ ਇਕ ਛੋਟਾ ਬੱਚਾ ਜੋ ਘੋੜਸਵਾਰੀ ’ਚ ਨੈਸ਼ਨਲ ਪੱਧਰ ’ਤੇ ਤਮਗ਼ਾ ਜਿੱਤ ਕੇ ਆਇਆ ਜਿਸ ਦਾ ਨਾਮ ਫੁਰਮਾਨ ਹੈ, ਜਿਸ ਦੀ ਉਮਰ 5 ਸਾਲ 8 ਮਹੀਨੇ ਹੈ।

ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਫੁਰਮਾਨ ਤੇ ਕੋਚ ਬਰਾੜ ਨੇ ਕਿਹਾ ਕਿ ਫੁਰਮਾਨ ਨੇ ਨੈਸ਼ਨਲ ਪੱਧਰ ’ਤੇ ਹੁਣੇ-ਹੁਣੇ ਤਮਗ਼ਾ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਫੁਰਮਾਨ ਨੈਸ਼ਨਲ ਪੱਧਰ ਦੀਆਂ ਖੇਡਾਂ ਵਿਚ ਸਭ ਤੋਂ ਛੋਟੀ ਉਮਰ ਦਾ ਬੱਚਾ ਸੀ ਜਿਸ ਨੇ ਆਪਣੀ ਘੋੜਸਵਾਰੀ ਨਾਲ ਸਭ ਦਾ ਦਿਲ ਜਿੱਤ ਲਿਆ।  ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਛੋਟੀ ਉਮਰ ਵਿਚ ਹੀ ਖੇਡਾਂ ਜਾਂ ਘੋੜਸਵਾਰੀ ਵਿਚ ਪਾਉਣਾ ਚਾਹੀਦਾ ਹੈ ਤਾਂ ਜੋ ਉਸ ਵਿਚ ਡਰ ਖ਼ਤਮ ਹੋ ਜਾਵੇ।

ਉਨ੍ਹਾਂ ਕਿਹਾ ਅਸੀਂ  ਆਪਣੇ ਬੱਚਿਆਂ ਤੋਂ ਟੀ.ਵੀ. ਤੇ ਫ਼ੋਨ ਛੁਡਵਾ ਕੇ ਖੇਡਾਂ ਵਲ ਪਾਉਣਾ ਚਾਹੀਦਾ ਹੈ। ਫੁਰਮਾਨ ਨੇ ਕਿਹਾ ਕਿ ਮੈਨੂੰ ਨੈਸ਼ਨਲ ਪੱਧਰ ’ਤੇ ਖੇਡ ਕੇ ਬਹੁਤ ਚੰਗਾ ਲੱਗਿਆ ਤੇ ਮੇਰੇ ਸਭ ਤੋਂ ਪਿਆਰੇ ਘੋੜੇ ਦਾ ਨਾਂ ਗੱਭਰੂ ਹੈ।  ਫੁਰਮਾਨ ਨੇ ਕਿਹਾ ਕਿ ਘੋੜਸਵਾਰੀ ਕਰਨ ਨਾਲ ਅਸੀਂ ਮਜਬੂਤ ਹੁੰਦੇ ਹਾਂ। ਉਸ ਨੇ ਕਿਹਾ ਕਿ ਮੈਨੂੰ ਘੋੜਿਆਂ ਨਾਲ ਮਿਤਰਤਾ ਕਰ ਕੇ ਬਹੁਤ ਚੰਗਾ ਲਗਦਾ ਹੈ।

ਇਸ ਤੋਂ ਬਾਅਦ ਫੁਰਮਾਨ ਦੇ ਪਿਤਾ ਖੋਸਾ ਨੇ ਕਿਹਾ ਕਿ ਅਸੀਂ ਲਈ ਇਹ ਬਹੁਤ ਖ਼ੁਸ਼ੀ ਵਾਲੀ ਗੱਲ ਹੈ ਤੇ ਜੋ ਅਸੀਂ ਨਹੀਂ ਕਰ ਸਕੇ ਉਹ ਫੁਰਮਾਨ ਨੇ ਛੋਟੀ ਉਮਰ ਵਿਚ ਹੀ ਕਰ ਕੇ ਦਿਖਾ ਦਿਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਸੀ ਕਿ ਫੁਰਮਾਨ ਨੈਸ਼ਨਲ ਪੱਧਰ ’ਤੇ ਘੋੜਸਵਾਰੀ ਕਰਦਾ ਹੋਇਆ ਸਾਇਦ ਡਰੇਗਾ, ਪਰ ਫੁਰਮਾਨ ਨੇ ਬਹੁਤ ਹੀ ਆਤਮ ਵਿਸ਼ਵਾਸ ਨਾਲ ਘੋੜਸਵਾਰੀ ਕੀਤੀ। ਤਮਗ਼ਾ ਜਿੱਤਣ ਤੋਂ ਬਾਅਦ ਇਸ ਦਾ ਆਤਮ ਵਿਸ਼ਵਾਸ ਹੋਰ ਵਧਿਆ ਹੈ।