Haryana News: ਸਵੀਮਿੰਗ ਪੂਲ 'ਚ ਡੁੱਬਣ ਕਾਰਨ 24 ਸਾਲਾ ਨੌਜਵਾਨ ਦੀ ਮੌਤ; ਨਹਾਉਂਦੇ ਸਮੇਂ ਪਿਆ ਮਿਰਗੀ ਦਾ ਦੌਰਾ

ਏਜੰਸੀ

ਖ਼ਬਰਾਂ, ਹਰਿਆਣਾ

ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਹਨ ਮ੍ਰਿਤਕ ਦੇ ਪਿਤਾ

Death of 24-year-old youth due to drowning in swimming pool

Haryana News: ਹਰਿਆਣਾ ਦੇ ਫਰੀਦਾਬਾਦ 'ਚ ਸਵੀਮਿੰਗ ਪੂਲ 'ਚ ਨਹਾਉਣ ਦੌਰਾਨ 24 ਸਾਲਾ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਾਦਸ਼ਾਹ ਖਾਨ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿਤਾ ਹੈ।

ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦਸਿਆ ਕਿ ਹਨੀ ਅਪਣੇ ਮਾਪਿਆਂ ਨਾਲ ਸੈਕਟਰ 31 ਸਥਿਤ ਗੁਰਦੁਆਰਾ ਬਾਬਾ ਅਮਰਦਾਸ ਵਿਖੇ ਰਹਿੰਦਾ ਸੀ। ਹਨੀ ਦੇ ਮਾਪੇ ਗੁਰਦੁਆਰੇ ਵਿਚ ਹੀ ਗ੍ਰੰਥੀ ਅਤੇ ਸੇਵਾਦਾਰ ਹਨ। ਬੁੱਧਵਾਰ ਦੁਪਹਿਰ ਨੂੰ ਹਨੀ ਅਪਣੇ ਕੁੱਝ ਦੋਸਤਾਂ ਨਾਲ ਤਿਲਪਤ ਸਥਿਤ ਸਵੀਮਿੰਗ ਪੂਲ 'ਚ ਨਹਾਉਣ ਗਿਆ ਸੀ। ਨਹਾਉਂਦੇ ਸਮੇਂ ਉਹ ਸਵੀਮਿੰਗ ਪੂਲ 'ਚ ਡੁੱਬ ਗਿਆ। ਬਲਵਿੰਦਰ ਨੇ ਦਸਿਆ ਕਿ ਡੁੱਬਣ ਤੋਂ ਬਾਅਦ ਉਸ ਦੇ ਦੋਸਤਾਂ ਨੇ ਉਸ ਨੂੰ ਇਲਾਜ ਲਈ ਫਰੀਦਾਬਾਦ ਦੇ ਕਿਊਆਰਜੀ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਹਨੀ ਨੂੰ ਮ੍ਰਿਤਕ ਐਲਾਨ ਦਿਤਾ।

ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਧਰਮਪਾਲ ਨੇ ਦਸਿਆ ਕਿ ਪੁਲਿਸ ਨੂੰ ਕਿਊਆਰਜੀ ਹਸਪਤਾਲ ਤੋਂ ਘਟਨਾ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਉਹ ਪਹਿਲਾਂ ਹਸਪਤਾਲ ਪਹੁੰਚੇ, ਜਿਥੇ ਉਨ੍ਹਾਂ ਨੇ ਪ੍ਰਿਯਾਂਸ਼ੂ, ਮਨੋਜ ਅਤੇ ਹੋਰ ਪੰਜ ਮੁੰਡਿਆਂ ਨਾਲ ਗੱਲ ਕੀਤੀ ਜੋ ਹਨੀ ਨਾਲ ਨਹਾਉਣ ਗਏ ਸਨ। ਇਨ੍ਹਾਂ ਲੋਕਾਂ ਨੇ ਦਸਿਆ ਕਿ ਹਨੀ ਨੂੰ ਨਹਾਉਣ ਦੌਰਾਨ ਮਿਰਗੀ ਦਾ ਦੌਰਾ ਪਿਆ ਸੀ। ਬਹੁਤ ਸਾਰੇ ਮੁੰਡੇ ਸਵੀਮਿੰਗ ਪੂਲ ਵਿਚ ਨਹਾ ਰਹੇ ਸਨ।

ਇਸ ਦੌਰਾਨ ਹਨੀ ਪਾਣੀ 'ਚ ਡੁੱਬਦਾ ਰਿਹਾ, ਜ਼ਿਆਦਾ ਭੀੜ ਹੋਣ ਕਾਰਨ ਉਹ ਉਸ ਨੂੰ ਦੇਖ ਨਹੀਂ ਸਕੇ। ਜਦੋਂ ਇਕ ਨੌਜਵਾਨ ਦਾ ਪੈਰ ਉਸ ਨਾਲ ਲੱਗਿਆ ਤਾਂ ਉਸ ਨੂੰ ਸਵੀਮਿੰਗ ਪੂਲ ਤੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਪਹੁੰਚਣ ਤੋਂ ਬਾਅਦ ਡਾਕਟਰਾਂ ਨੇ ਹਨੀ ਨੂੰ ਮ੍ਰਿਤਕ ਐਲਾਨ ਦਿਤਾ। ਇਸ ਘਟਨਾ 'ਚ ਸਵੀਮਿੰਗ ਪੂਲ 'ਚ ਲੱਗੇ ਸੀਸੀਟੀਵੀ ਕੈਮਰੇ ਦੀ ਵੀ ਜਾਂਚ ਕੀਤੀ ਗਈ ਹੈ, ਜਿਸ 'ਚ ਹਨੀ ਨੂੰ ਮਿਰਗੀ ਦੇ ਦੌਰਾ ਪੈਂਦਾ ਦਿਖਾਈ ਦਿਤਾ। ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਸੌਂਪ ਦਿਤੀ ਜਾਵੇਗੀ।

 (For more Punjabi news apart from Death of 24-year-old youth due to drowning in swimming pool, stay tuned to Rozana Spokesman)