Haryana News: ਅਹੁਦਾ ਛੱਡਣ ’ਤੇ ਬੋਲੇ ਅਨਿਲ ਵਿਜ, ‘ਹਾਲਾਤਾਂ ਨੂੰ ਦੇਖਦਿਆਂ ਛੱਡਿਆ ਅਹੁਦਾ ਪਰ ਦੱਸਾਂਗਾ ਨਹੀਂ’

ਏਜੰਸੀ

ਖ਼ਬਰਾਂ, ਹਰਿਆਣਾ

ਕਿਹਾ, ਤਾਕਤ ਅਹੁਦੇ ਵਿਚ ਨਹੀਂ, ਮਨੁੱਖ ਵਿਚ ਹੁੰਦੀ ਹੈ

Anil Vij

Haryana News: ਹਰਿਆਣਾ 'ਚ ਭਾਜਪਾ ਆਗੂ ਅਨਿਲ ਵਿਜ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਹਾਲਾਤਾਂ ਨੂੰ ਦੇਖਦੇ ਹੋਏ ਮੰਤਰੀ ਦਾ ਅਹੁਦਾ ਛੱਡਿਆ ਹੈ। ਇਹ ਦੱਸਣ ਦੀ ਲੋੜ ਨਹੀਂ ਕਿ ਉਹ ਹਾਲਾਤ ਕੀ ਸਨ। ਉਨ੍ਹਾਂ ਨੇ ਖੁਦ ਮੰਤਰੀ ਬਣਨਾ ਸਵੀਕਾਰ ਨਹੀਂ ਕੀਤਾ। ਅਨਿਲ ਵਿਜ ਨੇ ਕਿਹਾ, ‘ਤਾਕਤ ਅਹੁਦੇ ਵਿਚ ਨਹੀਂ, ਮਨੁੱਖ ਵਿਚ ਹੁੰਦੀ ਹੈ। ਮੈਂ ਮੰਤਰੀ ਹੋਣ ਦੇ ਨਾਲ-ਨਾਲ ਵਿਧਾਇਕ ਵੀ ਰਿਹਾ ਹਾਂ, ਕਈ ਵਾਰ ਸਮਾਂ ਅਜਿਹਾ ਵੀ ਆਇਆ ਜਦੋਂ ਸਾਡੀ ਸਰਕਾਰ ਵੀ ਨਹੀਂ ਸੀ, ਪਰ ਅਸੀਂ ਹਮੇਸ਼ਾ ਰਾਜਨੀਤੀ ਵਿਚ ਜ਼ਿੰਦਾ ਰਹੇ ਅਤੇ ਅੱਜ ਵੀ ਕਿਸੇ ਦੀ ਹਿੰਮਤ ਨਹੀਂ ਕਿ ਉਹ ਸਾਡੇ ਕੰਮ ਨੂੰ ਰੋਕ ਸਕੇ’।

ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਸਾਡੇ ਵਿਕਾਸ ਕਾਰਜਾਂ ਨੂੰ ਪੂਰੀ ਰਫ਼ਤਾਰ ਨਾਲ ਨੇਪਰੇ ਚਾੜ੍ਹਿਆ ਜਾਵੇ ਅਤੇ ਜੇਕਰ ਕਿਸੇ ਨੇ ਕੋਈ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਖ਼ਤ ਵਿਰੋਧ ਕੀਤਾ ਜਾਵੇਗਾ, ਕਿਉਂਕਿ ਉਨ੍ਹਾਂ ਦੀ ਗੱਡੀ ਵਿਚ ਹਮੇਸ਼ਾ ਦਰੀ ਰਹਿੰਦਿ ਹੈ। ਇਸ ਦੌਰਾਨ ਕਾਂਗਰਸੀ ਆਗੂ ਚਿਤਰਾ ਸਰਵਰਾ ਨੇ ਸਵਾਲ ਉਠਾਇਆ ਕਿ ਵਿਜ ਅੰਬਾਲਾ ਛਾਉਣੀ ਵਿਚ ਪਿਛਲੇ ਸਾਢੇ 9 ਸਾਲਾਂ ਤੋਂ ਚੱਲ ਰਹੇ ਭ੍ਰਿਸ਼ਟਾਚਾਰ ’ਤੇ ਚੁੱਪ ਕਿਉਂ ਰਹੇ। ਉਸ ਵੇਲੇ ਉਨ੍ਹਾਂ ਦੀ ਦਰੀ ਕਿਥੇ ਸੀ?

ਦਰਅਸਲ ਹਰਿਆਣਾ 'ਚ ਗ੍ਰਹਿ ਅਤੇ ਸਿਹਤ ਵਿਭਾਗ ਸੰਭਾਲ ਚੁੱਕੇ ਅਨਿਲ ਵਿਜ ਦੀ ਨਰਾਜ਼ਗੀ ਮੁੱਖ ਮੰਤਰੀ ਬਦਲਣ ਤੋਂ ਬਾਅਦ ਸ਼ੁਰੂ ਹੋਈ। ਦਰਅਸਲ ਅਨਿਲ ਵਿਜ ਨੂੰ ਇਹ ਨਹੀਂ ਪਤਾ ਸੀ ਕਿ ਮਨੋਹਰ ਲਾਲ ਖੱਟਰ ਨੂੰ ਹਟਾ ਕੇ ਨਾਇਬ ਸੈਣੀ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ। ਹਾਲਾਂਕਿ ਖੱਟਰ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਸਨ। ਇਸੇ ਕਾਰਨ ਖੱਟਰ ਦੇ ਅਸਤੀਫੇ ਤੋਂ ਬਾਅਦ ਸਾਬਕਾ ਗ੍ਰਹਿ ਮੰਤਰੀ ਉਨ੍ਹਾਂ ਨਾਲ ਕਾਰ ਵਿਚ ਸਫ਼ਰ ਕਰਦੇ ਰਹੇ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਵਿਜ ਨੂੰ ਕੋਈ ਜਾਣਕਾਰੀ ਨਹੀਂ ਦਿਤੀ।

ਬਾਅਦ ਵਿਚ ਵਿਧਾਇਕ ਦਲ ਦੀ ਮੀਟਿੰਗ ਵਿਚ ਨਾਇਬ ਸੈਣੀ ਨੂੰ ਆਗੂ ਚੁਣੇ ਜਾਣ ’ਤੇ ਉਹ ਹੈਰਾਨ ਰਹਿ ਗਏ। ਉਹ ਗੁੱਸੇ ਵਿਚ ਮੀਟਿੰਗ ਛੱਡ ਕੇ ਚਲੇ ਗਏ। ਵਿਜ ਦੀ ਨਰਾਜ਼ਗੀ ਇੰਨੀ ਜ਼ਿਆਦਾ ਸੀ ਕਿ ਉਹ ਨਾਇਬ ਸੈਣੀ ਦੀ ਕੈਬਨਿਟ ਤੋਂ ਵੀ ਦੂਰ ਚਲੇ ਗਏ। ਸਹੁੰ ਚੁੱਕਣ ਵਾਲੇ ਮੰਤਰੀਆਂ ਦੀ ਸੂਚੀ ਵਿਚ ਉਨ੍ਹਾਂ ਦਾ ਨਾਂ ਸੱਭ ਤੋਂ ਪਹਿਲਾਂ ਸੀ ਪਰ ਉਹ ਨਹੀਂ ਮੰਨੇ।

ਹਾਲ ਹੀ 'ਚ ਸੀਐੱਮ ਸੈਣੀ ਅਨਿਲ ਵਿਜ ਦੇ ਘਰ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਵਿਜ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ। ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਫਿਲਹਾਲ ਪਾਰਟੀ ਖਿਲਾਫ ਕੁੱਝ ਨਹੀਂ ਕਹਿ ਰਹੇ ਹਨ ਪਰ ਭਾਜਪਾ ਦੀ ਅੰਬਾਲਾ ਕੈਂਟ ਸੀਟ ਤੋਂ ਇਲਾਵਾ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰੀ ਬਣਾ ਲਈ ਹੈ। ਹਾਲ ਹੀ ਵਿਚ ਪੰਚਕੂਲਾ ਵਿਚ ਹੋਈ ਅੰਬਾਲਾ ਲੋਕ ਸਭਾ ਚੋਣ ਮੀਟਿੰਗ ਵਿਚ ਵੀ ਅਨਿਲ ਵਿਜ ਸ਼ਾਮਲ ਨਹੀਂ ਹੋਏ ਸਨ।

ਇਸ ਤੋਂ ਪਹਿਲਾਂ ਚੋਣ ਇੰਚਾਰਜ ਸਤੀਸ਼ ਪੂਨੀਆ ਨੇ ਵੀ ਗੁਰੂਗ੍ਰਾਮ 'ਚ ਮੀਟਿੰਗ ਕੀਤੀ ਸੀ ਪਰ ਉਹ ਉੱਥੇ ਵੀ ਨਹੀਂ ਪਹੁੰਚੇ। ਇਸ 'ਤੇ ਵਿਜ ਨੇ ਕਿਹਾ ਸੀ ਕਿ ਉਹ ਭਾਜਪਾ ਦੇ ਕੱਟੜ ਭਗਤ ਹਨ। ਮੀਟਿੰਗ 'ਚ ਨਾ ਜਾਣ 'ਤੇ ਵਿਜ ਨੇ ਕਿਹਾ ਕਿ ਵੱਡੇ ਲੋਕ ਮੀਟਿੰਗਾਂ 'ਚ ਜਾਂਦੇ ਹਨ, ਮੈਂ ਛੋਟਾ ਵਰਕਰ ਹਾਂ।

(For more Punjabi news apart from Haryana News Anil Vij says he left post of minister after seeing circumstances, stay tuned to Rozana Spokesman)