Haryana News: ਥੋੜ੍ਹੀ ਦੇਰ ਬਾਅਦ ਫਲੋਰ ਟੈਸਟ ਦਾ ਸਾਹਮਣਾ ਕਰੇਗੀ ਹਰਿਆਣਾ ਸਰਕਾਰ; CM ਨਾਇਬ ਸੈਣੀ ਨੇ ਪੇਸ਼ ਕੀਤਾ ਮਤਾ
ਹਰਿਆਣਾ ਵਿਧਾਨ ਸਭਾ ਵਿਚ ਬਹਿਸ ਜਾਰੀ
Haryana News: ਹਰਿਆਣਾ ਦੀ ਨਵੀਂ ਸਰਕਾਰ ਅੱਜ ਵਿਧਾਨ ਸਭਾ ਵਿਚ ਫਲੋਰ ਟੈਸਟ ਦਾ ਸਾਹਮਣਾ ਕਰ ਰਹੀ ਹੈ। ਨਵੇਂ ਬਣੇ ਮੁੱਖ ਮੰਤਰੀ ਨਾਇਬ ਸੈਣੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ 48 ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਵਿਧਾਨ ਸਭਾ 'ਚ ਬਹੁਮਤ ਸਾਬਤ ਕਰਨ ਲਈ 46 ਵਿਧਾਇਕਾਂ ਦਾ ਸਮਰਥਨ ਜ਼ਰੂਰੀ ਹੈ। ਸੈਣੀ ਦੀ ਮੀਟਿੰਗ ਵਿਚ ਭਾਜਪਾ ਦੇ 41 ਅਤੇ 7 ਆਜ਼ਾਦ ਵਿਧਾਇਕ ਸ਼ਾਮਲ ਹੋਏ।
ਨਾਇਬ ਸੈਣੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਦਨ ਦੀ ਸਿਟਿੰਗ ਵਿਚ ਬਦਲਾਅ ਕੀਤਾ ਗਿਆ ਹੈ। ਮੁੱਖ ਮੰਤਰੀ ਨਾਇਬ ਸੈਣੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਇਕੱਠੇ ਬੈਠੇ ਹਨ। ਪਹਿਲਾਂ ਇਸ ਸੀਟ 'ਤੇ ਸਿਰਫ਼ ਸੀਐਮ ਮਨੋਹਰ ਲਾਲ ਹੀ ਬੈਠਦੇ ਸਨ। ਜਿਸ ਥਾਂ 'ਤੇ ਦੁਸ਼ਯੰਤ ਚੌਟਾਲਾ ਬੈਠਦੇ ਸਨ, ਉਹ ਥਾਂ ਹੁਣ ਕੰਵਰਪਾਲ ਗੁਰਜਰ ਕੋਲ ਜਾ ਚੁੱਕੀ ਹੈ। ਮੂਲਚੰਦ ਸ਼ਰਮਾ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਦੀ ਸੀਟ 'ਤੇ ਬੈਠੇ ਨਜ਼ਰ ਆ ਰਹੇ ਹਨ। ਜੇਜੇਪੀ ਦੇ ਵਿਧਾਇਕ ਅਤੇ ਉਪ ਮੁੱਖ ਮੰਤਰੀ ਸਦਨ ਵਿਚ ਮੌਜੂਦ ਨਹੀਂ ਹਨ। ਅਭੈ ਚੌਟਾਲਾ ਵੀ ਅੱਜ ਸਦਨ ਨਹੀਂ ਪਹੁੰਚੇ।
ਵਿਰੋਧੀ ਧਿਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਹਰਿਆਣਾ ਆ ਕੇ ਮਨੋਹਰ ਲਾਲ ਖੱਟਰ ਦੀ ਤਾਰੀਫ਼ ਕੀਤੀ ਪਰ ਉਸ ਤੋਂ ਬਾਅਦ ਜੋ ‘ਚੀਰਹਰਣ’ ਹੋਇਆ, ਉਹ ਦ੍ਰੌਪਦੀ ਨਾਲ ਵੀ ਨਹੀਂ ਹੋਇਆ ਸੀ।
ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਵ੍ਹਿਪ ਜਾਰੀ ਕੀਤਾ ਸੀ ਕਿ ਸਾਰੇ 10 ਵਿਧਾਇਕ ਵੋਟਿੰਗ ਦੌਰਾਨ ਗੈਰਹਾਜ਼ਰ ਰਹਿਣ। ਇਸ ਦੇ ਬਾਵਜੂਦ 4 ਵਿਧਾਇਕ ਵਿਧਾਨ ਸਭਾ ਪੁੱਜੇ ਪਰ ਕੁੱਝ ਦੇਰ ਕਾਰਵਾਈ ਦਾ ਹਿੱਸਾ ਬਣ ਕੇ ਬਾਹਰ ਚਲੇ ਗਏ। ਹੁਣ ਤਕ ਹਰਿਆਣਾ ਵਿਚ ਭਾਜਪਾ-ਜੇਜੇਪੀ ਨਾਲ ਮਿਲ ਕੇ ਸਰਕਾਰ ਚਲਾ ਰਹੀ ਸੀ ਪਰ ਲੋਕ ਸਭਾ ਸੀਟਾਂ ਦੀ ਵੰਡ ਨੂੰ ਲੈ ਕੇ ਸਮਝੌਤਾ ਨਾ ਹੋਣ ਕਾਰਨ ਮੰਗਲਵਾਰ (12 ਮਾਰਚ) ਨੂੰ ਭਾਜਪਾ ਨੇ ਗਠਜੋੜ ਤੋੜ ਕੇ ਆਜ਼ਾਦ ਉਮੀਦਵਾਰਾਂ ਦੀ ਮਦਦ ਨਾਲ ਨਵੀਂ ਸਰਕਾਰ ਬਣਾ ਲਈ ਹੈ। ਵਿਧਾਇਕ ਦਲ ਦੀ ਬੈਠਕ 'ਚ ਮਨੋਹਰ ਲਾਲ ਖੱਟਰ ਦੀ ਥਾਂ 'ਤੇ ਨਾਇਬ ਸਿੰਘ ਸੈਣੀ ਨੂੰ ਵਿਧਾਇਕ ਦਲ ਦੇ ਨੇਤਾ ਚੁਣਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਬੀਤੀ ਸ਼ਾਮ ਹੀ ਕਈ ਮੰਤਰੀਆਂ ਸਣੇ ਅਹੁਦੇ ਦੀ ਸਹੁੰ ਚੁੱਕੀ।
ਵਿਧਾਨ ਸਭਾ ਵਿਚ ਹੰਗਾਮਾ
ਨਵੇਂ ਮੁੱਖ ਮੰਤਰੀ ਨਾਇਬ ਸੈਣੀ ਦੇ ਫਲੋਰ ਟੈਸਟ ਤੋਂ ਪਹਿਲਾਂ ਵਿਧਾਨ ਸਭਾ ਵਿਚ ਹੰਗਾਮਾ ਹੋਇਆ ਹੈ। ਵਿਰੋਧੀ ਧਿਰ ਨੇ ਸਵਾਲ ਉਠਾਏ ਕਿ ਸਦਨ ਨੂੰ ਇਸ ਤਰ੍ਹਾਂ ਕਿਉਂ ਬੁਲਾਇਆ ਗਿਆ। ਇਸ 'ਤੇ ਸਪੀਕਰ ਨੇ ਕਿਹਾ ਕਿ ਨਿਯਮਾਂ ਅਨੁਸਾਰ ਹੰਗਾਮੀ ਮੀਟਿੰਗ ਬੁਲਾਈ ਜਾ ਸਕਦੀ ਹੈ। ਇਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਕਿਹਾ ਕਿ ਇਸ ਵਿਚ ਕੁੱਝ ਵੀ ਗਲਤ ਨਹੀਂ ਹੈ।
ਭੁਪਿੰਦਰ ਹੁੱਡਾ ਨੇ ਚੁੱਕਿਆ ਸਵਾਲ
ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਮੈਂ ਇਹ ਪਹਿਲੀ ਵਾਰ ਦੇਖ ਰਿਹਾ ਹਾਂ ਕਿ ਬਿਜ਼ਨਸ ਐਡਵਾਈਜ਼ਰੀ ਕਮੇਟੀ (ਬੀਏਸੀ) ਦੀ ਮੀਟਿੰਗ ਬੁਲਾਏ ਬਿਨਾਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ। ਇਸ 'ਤੇ ਸਪੀਕਰ ਨੇ ਕਿਹਾ ਕਿ ਤੁਹਾਡਾ ਪੂਰਾ ਸ਼ਿਸ਼ਟਾਚਾਰ ਮੈਂ ਵੀ ਦੇਖਿਆ ਹੈ। 2002 ਵਿਚ, ਤੁਸੀਂ ਵੀ ਬੀਏਸੀ ਮੀਟਿੰਗ ਤੋਂ ਬਿਨਾਂ ਇਕ ਐਮਰਜੈਂਸੀ ਮੀਟਿੰਗ ਬੁਲਾਈ ਸੀ।
ਹਰਿਆਣਾ ਵਿਚ ਲਗਾਇਆ ਜਾਵੇ ਰਾਸ਼ਟਰਪਤੀ ਸ਼ਾਸਨ: ਕਾਂਗਰਸੀ ਵਿਧਾਇਕ
ਕਾਂਗਰਸੀ ਵਿਧਾਇਕ ਰਘੁਬੀਰ ਕਾਦੀਆਂ ਨੇ ਕਿਹਾ ਕਿ ਤੁਸੀਂ ਜਨਤਾ ਦੀ ਨਜ਼ਰ ਨਾਲ ਦੇਖੋ, ਹਰ ਪਾਸੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਪੈਨਸ਼ਨ ਦੇ ਨਾਂ 'ਤੇ ਘਪਲੇ ਹੋ ਰਹੇ ਹਨ। ਲਗਾਤਾਰ ਦੰਗੇ ਹੋ ਰਹੇ ਹਨ। ਸਿਆਸੀ ਕਤਲ ਕੀਤੇ ਜਾ ਰਹੇ ਹਨ। ਅਜਿਹੇ 'ਚ ਹਰਿਆਣਾ ਮਹਿੰਗਾਈ ਅਤੇ ਬੇਰੁਜ਼ਗਾਰੀ 'ਚ ਪਹਿਲੇ ਨੰਬਰ 'ਤੇ ਬਣਿਆ ਹੋਇਆ ਹੈ। ਸਰਕਾਰ ਕੋਲ ਕੋਈ ਅੰਕੜਾ ਨਹੀਂ ਹੈ। ਮੁੱਖ ਮੰਤਰੀ ਦੇ ਹਲਕੇ ਵਿਚ ਤਾਂ ਸਥਿਤੀ ਹੋਰ ਵੀ ਮਾੜੀ ਹੈ। ਇਸ ਲਈ ਸੂਬੇ ਵਿਚ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਣਾ ਚਾਹੀਦਾ ਹੈ।
ਕਿਸਾਨ ਦੇ ਪੁੱਤ ਨੂੰ ਬਣਾਇਆ ਮੁੱਖ ਮੰਤਰੀ: ਜੇ.ਪੀ. ਦਲਾਲ
ਨਵੀਂ ਸਰਕਾਰ ਦੇ ਕੈਬਨਿਟ ਮੰਤਰੀ ਜੇ.ਪੀ.ਦਲਾਲ ਨੇ ਵਿਰੋਧੀ ਧਿਰ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਕ ਕਿਸਾਨ ਪਰਵਾਰ ਦੇ ਪੁੱਤਰ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ। ਅਸੀਂ ਸਾਢੇ ਨੌਂ ਸਾਲਾਂ ਵਿਚ ਬਹੁਤ ਵਧੀਆ ਕੰਮ ਕੀਤਾ ਹੈ।
ਫਲੋਰ ਟੈਸਟ ਮਹਿਜ਼ ਇਕ ਰਸਮ: ਰਣਜੀਤ ਸਿੰਘ ਚੌਟਾਲਾ
ਹਰਿਆਣਾ ਵਿਧਾਨ ਸਭਾ ਦੇ ਫਲੋਰ ਟੈਸਟ 'ਤੇ ਸੂਬੇ ਦੇ ਕੈਬਨਿਟ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਕਿਹਾ, "ਇਹ ਮਹਿਜ਼ ਰਸਮੀ ਕਾਰਵਾਈ ਹੈ। 48 ਵਿਧਾਇਕ ਸਾਡੇ ਨਾਲ ਹਨ। ਇਹ ਰਸਮੀ ਹੈ ਅਤੇ ਇਸ ਦਾ ਪਾਲਣ ਕੀਤਾ ਜਾਵੇਗਾ। ਇਹ ਇਕ ਚੰਗੀ ਪਰੰਪਰਾ ਹੈ।"
(For more Punjabi news apart from Haryana Government floor test News, stay tuned to Rozana Spokesman)