Haryana News: ਡੀਪ ਫ੍ਰੀਜ਼ਰ ਵਿਚੋਂ ਮਿਲੀ ਲਾਪਤਾ ਸਾਬਕਾ ਫ਼ੌਜੀ ਦੀ ਲਾਸ਼; ਦੁਕਾਨ ’ਚੋਂ ਬਦਬੂ ਆਉਣ ਮਗਰੋਂ ਹੋਇਆ ਖੁਲਾਸਾ

ਏਜੰਸੀ

ਖ਼ਬਰਾਂ, ਹਰਿਆਣਾ

13 ਅਪ੍ਰੈਲ ਤੋਂ ਲਾਪਤਾ ਸੀ 50 ਸਾਲਾ ਵੀਰੇਂਦਰ

Body of missing ex-serviceman found in deep freezer

Haryana News: ਸੋਨੀਪਤ ਦੇ ਖਰਖੋਦਾ 'ਚ ਸਥਿਤ ਰੋਹਾਨਾ ਪਿੰਡ ਵਿਚ ਇਕ ਸਾਬਕਾ ਫੌਜੀ ਦੇ ਕਤਲ ਨਾਲ ਸਨਸਨੀ ਫੈਲ ਗਈ। ਦਸਿਆ ਜਾ ਰਿਹਾ ਹੈ ਕਿ ਸਾਬਕਾ ਫੌਜੀ ਵੀਰੇਂਦਰ 13 ਅਪ੍ਰੈਲ ਤੋਂ ਲਾਪਤਾ ਸੀ ਅਤੇ ਉਸ ਦੇ ਪਰਿਵਾਰ ਨੇ 15 ਅਪ੍ਰੈਲ ਨੂੰ ਖਰਖੋਦਾ ਥਾਣੇ 'ਚ ਅਗਵਾ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪਰਿਵਾਰ ਦੁਕਾਨ 'ਤੇ ਪਹੁੰਚਿਆ। ਬਦਬੂ ਆਉਣ ਕਾਰਨ ਜਦੋਂ ਫਰਿੱਜ ਖੋਲ੍ਹਿਆ ਗਿਆ ਤਾਂ ਉਸ ਵਿਚੋਂ ਲਾਸ਼ ਬਰਾਮਦ ਕੀਤੀ ਗਈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸੋਨੀਪਤ ਦੇ ਸਿਵਲ ਹਸਪਤਾਲ ਭੇਜ ਦਿਤਾ ਹੈ ਅਤੇ ਅਣਪਛਾਤੇ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਰੋਹਾਣਾ ਪਿੰਡ ਦੀ ਰਹਿਣ ਵਾਲੀ ਗੀਤਾ ਨੇ 15 ਅਪ੍ਰੈਲ ਨੂੰ ਅਪਣੇ ਪਤੀ ਵੀਰੇਂਦਰ (50) ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਿਤੀ ਸੀ। ਉਸ ਨੇ ਦਸਿਆ ਸੀ ਕਿ ਉਸ ਦਾ ਪਤੀ 13 ਅਪ੍ਰੈਲ ਨੂੰ ਘਰੋਂ ਐਨਐਚ-334ਬੀ ਨੇੜੇ ਅਪਣੀ ਦੁਕਾਨ 'ਤੇ ਗਿਆ ਸੀ। ਜਦੋਂ ਉਹ ਘਰ ਨਹੀਂ ਪਰਤਿਆ ਤਾਂ ਉਹ ਉਸ ਨੂੰ ਦੇਖਣ ਲਈ ਦੁਕਾਨ 'ਤੇ ਗਏ। ਉਥੇ ਪਹੁੰਚਣ 'ਤੇ ਦੁਕਾਨ ਬੰਦ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਪਣੇ ਪੱਧਰ 'ਤੇ ਆਲੇ-ਦੁਆਲੇ ਭਾਲ ਕੀਤੀ। ਜਦੋਂ ਕੋਈ ਸੁਰਾਗ ਨਹੀਂ ਮਿਲਿਆ ਤਾਂ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿਤੀ। ਪੁਲਿਸ ਨੇ ਗੀਤਾ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।

ਮੰਗਲਵਾਰ ਰਾਤ ਨੂੰ ਵੀਰੇਂਦਰ ਦਾ ਬੇਟਾ ਅਪਣੇ ਚਾਚੇ ਨਾਲ ਦੁਕਾਨ 'ਤੇ ਖੜ੍ਹੀ ਬਾਈਕ ਲੈਣ ਗਿਆ ਤਾਂ ਅੰਦਰ ਡੀਪ ਫ੍ਰੀਜ਼ਰ ਵਿਚੋਂ ਬਦਬੂ ਆ ਰਹੀ ਸੀ। ਜਦੋਂ ਉਸ ਨੇ ਫ੍ਰੀਜ਼ਰ ਖੋਲ੍ਹਿਆ ਤਾਂ ਅੰਦਰ ਵੀਰੇਂਦਰ ਦੀ ਲਾਸ਼ ਪਈ ਸੀ। ਉਸ ਨੇ ਪਰਿਵਾਰ ਅਤੇ ਪੁਲਿਸ ਨੂੰ ਇਸ ਮਾਮਲੇ ਬਾਰੇ ਸੂਚਿਤ ਕੀਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜ ਦਿਤਾ। ਪੁਲਿਸ ਨੇ ਹੁਣ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

 (For more Punjabi news apart from Body of missing ex-serviceman found in deep freezer, stay tuned to Rozana Spokesman)